ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਰਾਜ ਵਿਚ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਅਨੁਸਾਰ ਚਾਈਨੀਜ਼ ਡੋਰ ਦਾ ਉਤਪਾਦਨ, ਵਿਕਰੀ, ਭੰਡਾਰਨ ਅਤੇ ਪੰਤਗ ਉੜਾਉਣ ਲਈ ਨਾਈਲੋਨ ਦੀ ਵਰਤੋਂ ਰਾਹੀਂ ਤਿਆਰ ਕੀਤੀ ਗਈ ਡੋਰ ਅਤੇ ਹੋਰ ਸਿਂਥੈਟਿਕ ਵਸਤਾਂ ਤੋਂ ਬਣੀ ਡੋਰ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਤੰਗਬਾਜੀ ਲਈ ਵਰਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੇ ਧਾਗੇ ਨੂੰ ਤਿੱਖਾ ਬਣਾਉਣ ਲਈ ਕੱਚ ਜਾਂ ਕਿਸੇ ਧਾਤ ਦੀ ਵਰਤੋਂ ਉਤੇ ਵੀ ਪੂਰੇ ਰਾਜ ਵਿਚ ਪਾਬੰਦੀ ਲਗਾਈ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਨਾਈਲੋਨ ਅਤੇ ਸਂਥੈਟਿਕ ਧਾਗੇ ਕਾਰਨ ਇਨਸਾਨਾਂ, ਪਸ਼ੂ-ਪੰਛੀਆਂ ਅਤੇ ਧਰਤੀ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਉਕਤ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ ਪਤੰਗਬਾਜੀ ਦੀ ਆਗਿਆ ਸਿਰਫ ਸੂਤੀ ਧਾਗੇ ਨਾਲ ਹੈ ਜਿਸ ਨੂੰ ਕਿਸੇ ਵੀ ਤਰੀਕੇ ਵੀ ਧਾਰਦਾਰ ਨਾ ਬਣਾਇਆ ਗਿਆ ਹੋਵੇ।