ਚੰਡੀਗੜ੍ਹ — ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਜੇਲ ਜਾਣ ਤੋਂ ਬਾਅਦ ਹੁਣ ਵਿਪਾਸਨਾ ਇੰਸਾ ਵੀ ਕਿਸੇ ਸਮੇਂ ਵੀ ਗਿਫ੍ਰਤਾਰ ਹੋ ਸਕਦੀ ਹੈ। ਪੁਲਸ ਨੇ ਉਸਦੇ ਵਿਰੁੱਧ ਬਹੁਤ ਸਾਰੇ ਠੋਸ ਸਬੂਤ ਇਕੱਠੇ ਕੀਤੇ ਹਨ। ਬੀਤੇ ਦਿਨੀਂ ਡੀ.ਐੱਸ.ਪੀ. ਨਾਲ ਐੱਸ.ਆਈ.ਟੀ. ਦੀ ਟੀਮ ਰਾਮ ਰਹੀਮ ਦੇ ਡੇਰੇ ‘ਚ ਗਈ ਸੀ। ਜਿਥੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਮੇਤ ਕਈ ਵੱਡੇ ਕਰਮਚਾਰੀ ਨਹੀਂ ਮਿਲੇ।
ਸੂਤਰਾਂ ਦੇ ਅਨੁਸਾਰ ਵਿਪਾਸਨਾ ਨੂੰ ਪੁਲਸ ਦੇ ਆਉਣ ਦੀ ਸੂਚਨਾ ਮਿਲ ਗਈ ਸੀ ਜਿਸਦੇ ਕਾਰਨ ਉਹ ਉਥੋਂ ਚਲੀ ਗਈ । ਡੇਰੇ ਪਹੁੰਚਣ ‘ਤੇ ਐੱਸ.ਆਈ.ਟੀ. ਨੇ ਉਸ ਕਮਰੇ ਦਾ ਵੀ ਨਿਰੀਖਣ ਕੀਤਾ, ਜਿਸ ‘ਚ ਰਾਮ ਰਹੀਮ ਨੂੰ ਭਜਾਉਣ ਅਤੇ ਪੰਚਕੂਲਾ ਹਿੰਸਾ ਕਰਨ ਲਈ ਮੀਟਿੰਗ ਹੋਈ ਸੀ। ਇਸ ਦੇ ਨਾਲ ਹੀ ਰਾਮ ਰਹੀਮ ਦੀ ਗੁਫਾ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਪੰਚਕੂਲਾ ਦੇ ਡੀ.ਸੀ.ਪੀ. ਮਨਬੀਰ ਸਿੰਘ, ਐੱਸ.ਆਈ.ਟੀ. ਇੰਚਾਰਜ ਮੁਕੇਸ਼ ਮਲਹੋਤਰਾ ਸਮੇਤ ਐੱਸ.ਆਈ.ਟੀ. ਟੀਮ ਦੇ ਮੈਂਬਰ ਮੌਜੂਦ ਰਹੇ। ਡੀ.ਐੱਸ.ਪੀ. ਸਿਰਸਾ ਐੱਸ.ਆਈ.ਟੀ. ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਡੇਰੇ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਕੀਤੀ। ਟੀਮ ਇਥੇ ਕੋਰਟ ‘ਚ ਪੇਸ਼ ਕੀਤੇ ਗਏ ਚਲਾਨ ਨੂੰ ਪੁਖਤਾ ਕਰਨ ਲਈ ਪੁੱਜੀ ਸੀ ਤਾਂ ਜੋ ਕੋਰਟ ‘ਚ ਉਸਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ। ਟੀਮ ਨੇ ਉਸ ਕਮਰੇ ਦਾ ਨਿਰੀਖਣ ਕੀਤਾ ਜਿਸ ਕਮਰੇ ਦੀ ਹਿੰਸਾ ਲਈ ਮੀਟਿੰਗ ਹੋਈ ਸੀ। ਟੀਮ ਨੇ ਇਥੇ ਕਮਰੇ ਦੇ ਅਕਾਰ ਦਾ ਵੀ ਜਾਇਜ਼ਾ ਲਿਆ ਅਤੇ ਕਮਰੇ ‘ਚ ਬੈਠ ਸਕਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ। ਇਸ ਤੋਂ ਬਾਅਦ ਟੀਮ ਰਾਮ ਰਹੀਮ ਦੀ ਗੁਫਾ ‘ਚ ਗਈ। ਡੇਰੇ ‘ਚ ਪੁਲਸ ਨੂੰ ਵਾਈਸ ਚੇਅਰਪਰਸਨ ਮਿਲੀ। ਟੀਮ ਨੇ ਉਸ ਨਾਲ ਵਿਪਾਸਨਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲ ਕੀਤੀ।