ਇੰਦੌਰ — ਵਿਵਾਦਾਂ ਵਿਚ ਘਿਰੇ ਦਿੱਲੀ ਦੇ ਢੋਂਗੀ ਬਾਬਾ ਵਰਿੰਦਰ ਦੇਵ ਦੀਕਸ਼ਿਤ ਦੇ ਇਕ ਆਸ਼ਰਮ ਦਾ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਹੋਣ ਦਾ ਵੀ ਖੁਲਾਸਾ ਹੋਇਆ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਇੰਦੌਰ ਵਿਚ ਇਕ ਮਕਾਨ ਵਿਚ ਚੱਲ ਰਹੇ ਆਸ਼ਰਮ ਵਿਚ ਛਾਪੇਮਾਰੀ ਕੀਤੀ ਅਤੇ ਉਥੋਂ 3 ਲੜਕੀਆਂ ਮਿਲੀਆਂ। ਪੁਲਸ ਨੇ ਤਿੰਨਾਂ ਦੇ ਬਿਆਨ ਦਰਜ ਕੀਤੇ ਜਿਸ ਵਿਚ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਸ਼ਰਮ ਵਿਚ ਰਹਿਣ ਦੀ ਗੱਲ ਕਹੀ। ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਚਾਈਲਡ ਲਾਈਨ ਸੰਸਥਾ ਨੂੰ ਸੌਂਪ ਦਿੱਤਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ। ਜਾਣਕਾਰੀ ਅਨੁਸਾਰ ਬਾਬਾ ਵਰਿੰਦਰ ਦੇਵ ਦੀਕਸ਼ਿਤ ਦੀ ਇਕ ਪੈਰੋਕਾਰ ਪ੍ਰਦੇਸ਼ੀਪੁਰਾ ਦੇ ਇਲਾਕੇ ਵਿਚ ਇਕ ਮਕਾਨ ਕਿਰਾਏ ‘ਤੇ ਲਿਆ ਸੀ। ਉਥੇ ਉਹ ਅਧਿਆਤਮਕ ਯੂਨੀਵਰਸਿਟੀ ਦਾ ਬੋਰਡ ਲਾ ਕੇ ਆਸ਼ਰਮ ਦਾ ਸੰਚਾਲਨ ਕਰ ਰਹੀ ਸੀ।