ਨਵੀਂ ਦਿੱਲੀ — ਸਾਬਕਾ ਟੈਲੀਕਾਮ ਮੰਤਰੀ ਏ. ਰਾਜਾ 2ਜੀ ਕੇਸ ‘ਤੇ ਆਪਣੀ ਨਵੀਂ ਕਿਤਾਬ ਛਪਵਾਉਣ ਲਈ ਤਿਆਰ ਹਨ। ਇਸ ਨਾਲ ਇਸ ਮਾਮਲੇ ‘ਚ ਸਿਆਸੀ ਵਿਵਾਦ ਦਾ ਇਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਕਿਤਾਬ ਦਾ ਪ੍ਰਕਾਸ਼ਨ ਪਹਿਲਾਂ ਟਾਲ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਛਪਵਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜਾ ਨੇ ਕਿਹਾ ਹੈ ਕਿ ਇਸ ਕਿਤਾਬ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਮੁਕੱਦਮੇ ਦੇ ਕਾਰਨਾਂ ਬਾਰੇ ਖੁਲਾਸਾ ਕੀਤਾ ਜਾਵੇਗਾ। ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਦੱਸਿਆ ਕਿ ਬੇਹੱਦ ਹਮਲਾਵਰ ਅੰਦਾਜ਼ ‘ਚ ਲਿਖੀ ਗਈ ਇਸ ਕਿਤਾਬ ਨੂੰ 20 ਜਨਵਰੀ ਤਕ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਕਿਤਾਬ ‘ਚ 200 ਤੋਂ ਵੀ ਵੱਧ ਪੰਨਿਆਂ ‘ਚ 2ਜੀ ਦੀਆਂ ਅਹਿਮ ਘਟਨਾਵਾਂ ਦਾ ਲੜੀਵਾਰ ਵੇਰਵਾ ਪੇਸ਼ ਕੀਤਾ ਗਿਆ ਹੈ। ਰਾਜਾ ਨੇ 2 ਸਾਲ ਪਹਿਲਾਂ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਜੇਲ ਵਿਚ ਜਾਣ ਦੇ ਕਾਰਨਾਂ ਅਤੇ ਉਥੇ ਰਹਿਣ ਸਬੰਧੀ ਬਾਰੇ ਇਕ ਕਿਤਾਬ ‘ਚ ਲਿਖਣਗੇ।