”ਓਏ ਆ ਬਈ ਕੰਨ ਖੰਜੂਰਿਆ!” ਬਾਬੇ ਦਸੌਂਧਾ ਸਿਉਂ ਨੇ ਚੱਕਵੇਂ ਪੈਰਾਂ ਆਲਿਆਂ ਦੇ ਦਲੀਪ ਦੇ ਮੁੰਡੇ ਗੱਜੂ ਨੂੰ ਸੱਥ ‘ਚ ਆਉਂਦੇ ਨੂੰ ਕਿਹਾ।
ਬਾਬੇ ਦਸੌਂਦਾ ਸਿਉਂ ਨੂੰ ਬੋਲਿਆ ਸੁਣ ਕੇ ਨਾਥਾ ਅਮਲੀ ਵੀ ਬਾਬੇ ਨੂੰ ਗੱਲੀਂ ਗੱਲੀਂ ਬੋਲ ਕੇ ਢਿੱਲੇ ਹੋਏ ਵਾਣ ਦੇ ਮੰਜੇ ਵਾਂਗੂੰ ਕਸ ਕੇ ਕਹਿੰਦਾ, ”ਨਾ ਰਿਹਾ ਗਿਆ ਬਾਬਾ ਬੋਲੇ ਬਿਨ੍ਹਾਂ?”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕਿਉਂ ਕੀ ਗੱਲ ਹੋ ਗਈ ਅਮਲੀਆ! ਕੀ ਗੱਲ ਦਸੌਂਧਾ ਸਿਉਂ ‘ਤੇ ਕੋਈ ਬੰਦਸ਼ ਲੱਗੀ ਵੀ ਐ ਬਈ ਸੱਥ ‘ਚ ਆ ਕੇ ਇਹਨੇ ਬੋਲਣਾ ਨ੍ਹੀ?”
ਅਮਲੀ ਕਹਿੰਦਾ, ”ਮੈਂ ਇਉਂ ਨ੍ਹੀ ਕਹਿੰਦਾ ਨੰਬਰਦਾਰਾ ਬਈ ਬਾਬਾ ਬੋਲੇ ਨਾ। ਮੈਂ ਤਾਂ ਇਉਂ ਕਹਿਨਾਂ ਬਈ ਹਜੇ ਪਰਸੋਂ ਕੁ ਦੀਉ ਈ ਗੱਲ ਐ ਬਾਬਾ ਗੱਜੂ ਨੂੰ ਕਹਿ ਕੇ ਹਟਿਆ ਸੀ ਬਈ ਅੱਜ ਤੋਂ ਮੈਂ ਨ੍ਹੀ ਤੇਰੇ ਬੋਲੂੰਗਾ। ਅੱਜ ਫ਼ੇਰ ਗੱਜੂ ਨੂੰ ਸੱਥ ‘ਚ ਆਉਂਦੇ ਨੂੰ ਈ ਇਉਂ ਪੈ ਨਿਕਲਿਆ ਜਿਮੇਂ ਕਤੂਰਾ ਕੁਕੜੀ ਦੇ ਚੂਚਿਆਂ ਨੂੰ ਪੈ ਗਿਆ ਹੁੰਦਾ। ਫ਼ੇਰ ਉੱਤੋਂ ਗੱਜੂ ਦਾ ਨਮਾਂ ਈ ਨਾਂ ਧਰ ‘ਤਾ ਕੰਨ ਖਜੂਰਾ। ਗੱਲ ਕਰ ਗੱਜੂ ਦਲੀਪ ਦਾ ਸਲੱਗ ਪੁੱਤ ਐ ਕੁਸ ਬੋਲਿਆ ਨ੍ਹੀ, ਜੇ ਕਿਤੇ ਠੋਲੇਦਾਰਾਂ ਦੇ ਕੈਂਟੇ ਅਰਗਾ ਹੁੰਦਾ ਤਾਂ ਬਾਬੇ ਨੂੰ ਕੀ ਸਾਰੀ ਸੱਥ ਨੂੰ ਈ ਡਹੀਆਂ ‘ਤੇ ਕਰ ਦਿੰਦਾ ਹੁਣ ਨੂੰ ਬਈ ਤੁਸੀਂ ਸੱਥ ‘ਚ ਆ ਕੇ ਲੋਕਾਂ ਦੇ ਨਾਂ ਕੁਨਾਂ ਧਰਦੇ ਐਂ।”
ਪ੍ਰਤਾਪਾ ਭਾਊ ਗੱਜੂ ਵਿੱਚਦੀ ਟਿੱਚਰ ‘ਚ ਗੱਲ ਕੱਢ ਕੇ ਅਮਲੀ ਨੂੰ ਕਹਿੰਦਾ, ”ਅਮਲੀਆ ਇਹੇ ‘ਕੱਲੇ ਦਲੀਪ ਦਾ ਮੁੰਡਾ ਕੁ ਚਰਨੋਂ ਦਾ ਵੀ ਐ?”
ਚਰਨੋਂ ਗੱਜੂ ਦੀ ਮਾਂ ਦਾ ਨਾਂ ਹੋਣ ਕਰ ਕੇ ਪ੍ਰਤਾਪੇ ਭਾਊ ਨੇ ਚਰਨੋਂ ਦੀ ਗੱਲ ਤਾਂ ਕਰ ਕੇ ਆਖੀ ਸੀ ਕਿਉਂਕਿ ਦਲੀਪ ਪ੍ਰਤਾਪੇ ਭਾਊ ਦੇ ਤਾਏ ਦਾ ਪੁੱਤ ਹੋਣ ਕਰ ਕੇ ਚਰਨੋਂ ਭਾਊ ਦੀ ਭਰਜਾਈ ਲੱਗਦੀ ਸੀ।
ਭਾਊ ਦਾ ਸਵਾਲ ਸੁਣ ਕੇ ਸੀਤਾ ਮਰਾਸੀ ਗੱਜੂ ਨੂੰ ਕਹਿੰਦਾ, ”ਕੀ ਕਹੀ ਜਾਂਦੇ ਐ ਓ ਮੁੰਡਿਆ ਇਹ ਤੈਨੂੰ। ਤੇਰੇ ਪਿਉ ਨੇ ਤਾਂ ਕਦੇ ਐਨਾ ਕੁਹਾਇਆ ਨ੍ਹੀ ਸੀ, ਤੂੰ ਪਤੰਦਰਾ ਊਈਂ ਮਿੱਟੀ ਦਾ ਡੌਰੂ ਬਣ ਗਿਐਂ। ਵੇਹਨਾਂ ਕੀ ਐਂ, ਇੱਕ ਅੱਧੇ ਨੂੰ ਤਾਂ ਜਵਾਬ ਦੇ।”
ਘੀਚਰ ਬੁੜ੍ਹਾ ਕਹਿੰਦਾ, ”ਜਵਾਬ ਦੇਣ ਜੋਗਾ ਛੱਡਣਗੇ ਫ਼ੇਰ ਈ ਜਵਾਬ ਦੇਊ। ਅਗਲਿਆਂ ਨੇ ਸੱਥ ‘ਚ ਆਉਂਦਾ ਈ ਚਿੱਪ ਲਿਆ। ਹੁਣ ਇਉਂ ਬੈਠਾ ਚੁੱਪ ਕਰਿਆ ਜਿਮੇਂ ਨੰਦਾਂ ਤੋਂ ਬਾਅਦ ਘੱਟ ਲੈਣ ਦੇਣ ਪਿੱਛੇ ਵਚੋਲਾ ਕੁੱਟ ਕੇ ਬਹਾਇਆ ਹੁੰਦਾ।”
ਬਾਬਾ ਦਸੌਂਧਾ ਸਿਉਂ ਕਹਿੰਦਾ, ”ਬੋਲੂਗਾ, ਹਜੇ ਬੈਂਟਰੀ ਨ੍ਹੀ ਚਾਰਜ ਹੋਈ। ਸੋਡੀਆਂ ਸਾਰਿਆਂ ਦੀਆਂ ਖਾਨੇ ‘ਚ ਪਾਈ ਜਾਂਦੈ, ਜਦੋਂ ਤੁਸੀਂ ਬੋਲਬਾਲ ਕੇ ਹੰਭ ਗੇ ਫ਼ੇਰ ਵੇਖਿਉਂ ਕਿਮੇਂ ਉੱਧੜਦਾ ਗਲੋਟੇ ਆਂਗੂੰ। ਕਿਉਂ ਗੱਜੂ ਓਏ, ਠੀਕ ਐ ਕੁ ਨਹੀਂ?”
ਅਮਲੀ ਬਾਬੇ ਦਸੌਂਦਾ ਸਿਉਂ ਦੀ ਗੱਲ ਸੁਣ ਕੇ ਕਹਿੰਦਾ, ”ਇਹਦੇ ਆਲਾ ਤਾਂ ਗਲੋਟਾ ਕਦੋਂ ਦਾ ਉੱਧੜਿਆ ਵਿਆ। ਹੁਣ ਤਾਂ ਐਮੇਂ ਪਤੌੜਾਂ ਆਲੀ ਚਟਣੀ ਨਾਲ ਲਿਬੜੇ ਕਾਤਕ ਅਰਗਾ ਹੋਇਆ ਪਿਆ। ਚੱਲੋ ਛੱਡੋ ਯਰ ਬਾਬਾ ਹੁਣ ਇਹ ਗੱਲ। ਕੋਈ ਹੋਰ ਗੱਲ ਕਰੋ। ਮਸਾਂ ਤਾਂ ਗੱਜੂ ਸੱਥ ‘ਚ ਆਇਆ, ਅੱਜ ਤੁਸੀਂ ਏਸੇ ਨੂੰ ਈਂ ਲੱਗੇ ਪਏ ਐ।”
ਬਾਬਾ ਦਸੌਂਧਾ ਸਿਉਂ ਗੱਜੂ ਨੂੰ ਕਹਿੰਦਾ, ”ਹੁਣ ਫ਼ਿਰ ਤੂੰ ਈ ਸਣਾ ਦੇ ਗੱਜੂ ਸਿਆਂ ਕੋਈ ਗੱਲਬਾਤ।”
ਬੁੱਘਰ ਦਖਾਣ ਨੇ ਗੱਜੂ ਨੂੰ ਪੁੱਛਿਆ, ”ਕਈ ਦਿਨ ਹੋ ਗੇ ਓਦੇਂ ਕਿੱਥੋਂ ਆਉਂਦਾ ਸੀ ਗੱਜੂ ਤੂੰ ਰਾਤ ਨੂੰ ਓਏ?”
ਗੱਜੂ ਕਹਿੰਦਾ, ”ਬੀਕਾਨੇਰ ਗਿਆ ਵਿਆ ਸੀ ਭੂਆ ਕੋਲੇ। ਕਈ ਦਿਨ ਲਾ ਕੇ ਆਇਆਂ ਓੱਥੇ।”
ਮਾਹਲਾ ਨੰਬਰਦਾਰ ਕਹਿੰਦਾ, ”ਬੀਕਾਨੇਰ ਦੀਓ ਈ ਸਣਾ ਦੇ ਕੋਈ। ਕੀ ਵੇਖਿਆ ਓੱਥੇ?”
ਗੱਜੂ ਕਹਿੰਦਾ, ”ਵੇਖਣਾ ਵਖਾਉਣਾ ਕੀ ਸੀ ਤਾਇਆ ਨੰਬਰਦਾਰਾ! ਓੱਥੇ ਜਿਹੜਾ ਸਿਨਮਾ, ਉਹਦੇ ‘ਚ ਮੇਰੇ ਫ਼ੁੱਫ਼ੜ ਦਾ ਹਿੱਸਾ, ਨਿੱਤ ਈ ਫ਼ਿਲਮ ਵੇਖਣ ਉਠ ਜਾਂਦੇ ਸੀ।”
ਪ੍ਰਤਾਪੇ ਭਾਊ ਨੇ ਪੁੱਛਿਆ, ”ਫ਼ਿਲਮ ਦੀਓ ਈ ਸਣਾ ਦੇ ਫ਼ਿਰ ਕੋਈ।”
ਗੱਜੂ ਕਹਿੰਦਾ, ”ਕੀ ਪੁੱਛਦੈਂ ਭਾਊ ਫ਼ਿਲਮਾਂ ਦੀਆਂ। ਕਰਟੀਨਾ ਤੇ ਸ਼ਿਮਲੋ ਸ਼ੁਮਲੋ ਜੀ ਦੀ ਚੜ੍ਹਾਈ ਬਹੁਤ ਐ। ਐਨੀ ਚੜ੍ਹਾਈ ਐ ਕੀ ਪੁੱਛਦੈ ਭਾਊ। ਬਹੁਤ ਬਾਹਲ਼ੀ ਚੜ੍ਹਾਈ ਐ।”
ਨਾਥਾ ਅਮਲੀ ਬੈਠਾ ਬੈਠਾ ਚੜ੍ਹਾਈ ਦੀ ਗੱਲ ਸੁਣ ਕੇ ਗੱਜੂ ਨੂੰ ਕਹਿੰਦਾ, ”ਤੂੰ ਕਦੇ ਨੈਣਾਂ ਦੇਵੀ ਨ੍ਹੀ ਗਿਆ ਗਿਆ। ਨੈਣਾਂ ਦੇਵੀ ਦੀ ਚੜ੍ਹਾਈ ਬਾਹਲੀ ਹੋਊ। ਜਾਂ ਫ਼ਿਰ ਗਪਾਲ ਮੋਚਣੇ ‘ਤੇ ਜਿਹੜੀ ਆਦ ਬੱਦਰੀ ਵੱਜਦੀ ਐ, ਉਹਦੀ ਵੀ ਚੜ੍ਹਾਈ ਬਹੁਤ ਐ। ਪਰ ਨੈਣਾਂ ਦੇਵੀ ਦੀ ਚੜ੍ਹਾਈ ਬਾਹਲੀ ਐ। ਸੈਂਕੜਿਆਂ ਚੀ ਐ ਪੌੜੀਆਂ।”
ਅਮਲੀ ਦੀ ਗੱਲ ਸੁਣ ਕੇ ਸਾਰੀ ਸੱਥ ਹੱਸਣ ਲੱਗ ਪਈ। ਸੂਬੇਦਾਰ ਰਤਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਓਏ ਮੂਰਖਾ! ਉਹ ਚੜ੍ਹਾਈ ਦੀ ਗੱਲ ਨ੍ਹੀ ਜਿਹੜੀ ਤੂੰ ਕਰਦੈਂ, ਇਹ ਤਾਂ ਊਂ ਕਹਿੰਦਾ ਬਈ ਜਿਹੜੀਆਂ ਫ਼ਿਲਮੀ ਹੀਰੋ ਐ ਫ਼ਿਲਮ ‘ਚ ਉਨ੍ਹਾਂ ਦੀ ਗੱਲ ਕਰਦਾ। ਤੂੰ ਪਤੰਦਰਾ ਉੱਚਾ ਚੜ੍ਹਣ ਆਲੀ ਚੜ੍ਹਾਈ ਨੂੰ ਲੈ ਕੇ ਬਹਿ ਗਿਐਂ।”
ਬੁੜ੍ਹਾ ਸੰਧੂਰਾ ਸਿਉਂ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਚੜ੍ਹਾਈ ਤਾਂ ਚੜ੍ਹਾਈਓ ਈ ਰਤਨ ਸਿਆਂ, ਚਾਹੇ ਕਿਮੇਂ ਵੀ ਹੋਈ।”
ਨਾਥਾ ਅਮਲੀ ਕਹਿੰਦਾ, ”ਆਏਂ ਤਾਂ ਪੁਲਸ ਦੀ ਵੀ ਚੜ੍ਹਾਈ ਹੁੰਦੀ ਐ। ਜੰਨ ਦੀ ਵੀ ਚੜ੍ਹਾਈ ਕਹਿੰਦੇ ਹੁੰਦੇ ਐ। ਜਿਹੜੇ ਪਹਾੜਾਂ ‘ਤੇ ਚੜ੍ਹਣ ਜਾਂਦੇ ਐ ਉਨ੍ਹਾਂ ਦੀ ਵੀ ਚੜ੍ਹਾਈ ਹੁੰਦੀ ਐ। ਜੀਹਦੀ ਗੇਜੇ ਮਝੈਲ ਅਰਗੇ ਦੀ ਪੁੱਛ ਗਿੱਛ ਬਾਹਲੀ ਹੋਵੇ ਉਹਦੀ ਵੀ ਚੜ੍ਹਾਈ ਕਹਿ ਦਿੰਦੇ ਐ। ਹੁਣ ਮੈਨੂੰ ਕੀ ਪਤਾ ਸੀ ਬਈ ਗੱਜੂ ਕਿਹੜੀ ਚੜ੍ਹਾਈ ਦੀ ਗੱਲ ਕਰਦਾ ਸੀ। ਆਹ ਕਰਟੀਨਾ ਟੂਨਾਂ ਦੀ ਜਿਹੜੀ ਗੱਲ ਕਰਦਾ ਸੀ, ਮੈਂ ਤਾਂ ਕਿਹਾ ਕੋਈ ਤੀਰਥ ‘ਸ਼ਨਾਨ ਐ ਇਹੇ, ਤਾਂ ਹੀ ਮੈਂ ਕਿਹਾ ਸੀ ਬਈ ਨੈਣਾਂ ਦੇਵੀ ਦੀ ਵੀ ਬਹੁਤ ਚੜ੍ਹਾਈ ਐ।”
ਪ੍ਰਤਾਪਾ ਭਾਊ ਗੱਜੂ ਨੂੰ ਕਹਿੰਦਾ, ”ਗੜਗੱਜ ਸਿਆਂ! ਤੂੰ ਬਾਈ ਏਥੋਂ ਜਾਹ, ਇਨ੍ਹਾਂ ਦੇ ਤਾਂ ਕਮਲਿਆਂ ਦੇ ਸੰਗਲ ਐ ਖੁੱਲ੍ਹੇ, ਪਤਾ ਨ੍ਹੀ ਇਨ੍ਹਾਂ ਨੇ ਸੰਤੂ ਘਮਿਆਰ ਦੇ ਗਧੇ ਆਂਗੂੰ ਕਿੱਧਰ ਨੂੰ ਹੋ ਤੁਰਨੈ। ਇਨ੍ਹਾਂ ਨੇ ਤਾਂ ਸਿੱਧੀ ਗੱਲ ਨੂੰ ਪੁੱਠੀ ਕਹਿ ਕੇ ਕਰਨੀ ਐ। ਤੂੰ ਜਾਹ ਜਾਂਦਾ ਰਹਿ, ਜਾ ਕੇ ਕੋਈ ਕੰਮ ਧੰਦਾ ਕਰਨ ਆਲਾ ਪਿਆ ਹੋਣੈ ਕਰ ਲਾ। ਜਾਹ ਮੇਰਾ ਬਾਈ ਜਾਂਦਾ ਰਹਿ। ਇਹ ਤਾਂ ਵੇਹਲੇ ਐ। ਤੂੰ ਕੰਮ ਆਲਾ ਬੰਦੈਂ, ਇਨ੍ਹਾਂ ਨੇ ਤਾਂ ਐਧਰ ਊਧਰ ਦੀਆਂ ਮਾਰ ਕੇ ਦਿਨ ਛਪਾਉਣੈ। ਤੂੰ ਕਿਥੇ ਫ਼ਸ ਗਿਐਂ ਅੱਜ ਇਨ੍ਹਾਂ ‘ਚ ਚਿੰਤੇ ਬੁੜ੍ਹੇ ਆਂਗੂੰ।”
ਚਿੰਤੇ ਬੁੜ੍ਹੇ ਦਾ ਨਾਂ ਸੁਣ ਕੇ ਨਾਥਾ ਅਮਲੀ ਉੱਚੀ ਉੱਚੀ ਹੱਸ ਕੇ ਕਹਿੰਦਾ, ”ਭਾਊ ਚਿੰਤੇ ਬੁੜ੍ਹੇ ਨੂੰ ਬੜਾ ਯਾਦ ਕੀਤਾ ਓਏ। ਉਹ ਵੀ ਗੱਲ ਸਿਰੇ ਦੀਓ ਈ ਸਣਾਉਂਦਾ ਜਦੋਂ ਸਣਾਵੇ।”
ਸੀਤਾ ਮਰਾਸੀ ਕਹਿੰਦਾ, ”ਕਹਿੰਦੇ ਤਾਂ ਹੁੰਦੇ ਐ ਬਈ ਜੀਹਦੇ ਘਰ ‘ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਚਾਰ ਸਿਆੜ ਕੋਲੇ ਐ ਚਿੰਤੇ ਦੇ, ਪੰਜ ਮੁੰਡੇ ਐ ਚਿੰਤੇ ਦੇ ਮੁਧਕਰਾਂ ਅਰਗੇ। ਗੱਲਾਂ ਤਾਂ ਆਪੇ ਈ ਆਉਣੀਐਂ।”
ਬੁੱਘਰ ਦਖਾਣ ਕਹਿੰਦਾ, ”ਹਜੇ ਫ਼ਿਰ ਮੁੰਡਾ ਕੋਈ ਵਿਆਹਿਆ ਨ੍ਹੀ ਹੋਣਾ, ਨਹੀਂ ਤਾਂ ਆਥਣ ਨੂੰ ਗੱਲ ਆਉਣੋ ਹਟ ਜਾਣੀ ਸੀ। ਦੋ ਤਿੰਨਾਂ ਦੇ ਵਿਆਹ ਹੋ ਲੈਣ ਦੇ ਫ਼ੇਰ ਵੇਖੀਂ ਲੋਗੜੀ ਦੇ ਫੁੱਲ ਕਿਮੇਂ ਡਿੱਗਣਗੇ।”
ਨਾਥਾ ਅਮਲੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਕਹਿੰਦਾ, ”ਫੁੱਲ ਤਾਂ ਲੋਗੜੀ ਦੇ ਨਿੱਤ ਡਿਗਦੇ ਐ, ਚਿੰਤਾ ਚੱਕ ਕੇ ਫ਼ੇਰ ਘਰੋਂ ਬਾਹਰ ਨੂੰ ਆ ਨਿਕਲਦਾ। ਜਦੋਂ ਘਰੇ ਜਾਂਦੈ, ਫ਼ੇਰ ਉਹੀ ਬਹਾਂ ਕੁਹਾੜੀ।”
ਬਾਬੇ ਦਸੌਂਧਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਤੇਰੀ ਗੱਲ ਸਮਝੇ ਨ੍ਹੀ ਅਸੀਂ। ਪਤਾ ਨ੍ਹੀ ਪਤੰਦਰਾ ਕਿਹੜੇ ਟੇਸ਼ਨ ਤੋਂ ਬੋਲ ਗਿਐਂ।”
ਅਮਲੀ ਕਹਿੰਦਾ, ”ਟੇਸ਼ਨ ਕਿਹੜੇ ਤੋਂ ਬੋਲਣਾ ਸੀ ਬਾਬਾ। ਆਹ ਪਿੱਛੇ ਜੇ ਸਰਕਾਰੂ ਬੰਦੇ ਪਿੰਡਾਂ ‘ਚ ਲੋਕਾਂ ਦੇ ਘਰਬਾਰ ਬਾਰੇ ਲਿਖਦੇ ਫ਼ਿਰਦੇ ਸੀ। ਆਪਣੇ ਪਿੰਡ ਵੀ ਕਈ ਮਾਹਟਰ ਜੇ ਆਏ ਸੀ। ਇੱਕ ਦਿਨ ਮੈਨੂੰ ਤੁਰੇ ਜਾਂਦੇ ਨੂੰ ਕਿਤੇ ਚਿੰਤੇ ਬੁੜ੍ਹੇ ਨੇ ਆਵਦੇ ਦਰਵਾਜੇ ‘ਚ ਬੈਠੇ ਨੇ ‘ਵਾਜ ਮਾਰ ਲੀ। ਓਧਰੋਂ ਕਿਤੇ ਕਾਪੀ ਪਿੰਨ ਜਾ ਲੈ ਕੇ ਇੱਕ ਸਰਕਾਰੂ ਬੰਦਾ ਆ ਕੇ ਚਿੰਤੇ ਬੁੜ੍ਹੇ ਨੂੰ ਘਰਬਾਰ ਬਾਰੇ ਪੁੱਛਣ ਲੱਗ ਪਿਆ।”
ਬੱਗੜ ਮਾਸਟਰ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਕਹਿੰਦਾ, ”ਉਹ ਮਰਦਮਸ਼ਮਾਰੀ ਆਲੇ ਸੀ।”
ਅਮਲੀ ਕਹਿੰਦਾ, ”ਚਾਹੇ ਕੋਈ ਸੀ ਤੂੰ ਗੱਲ ਸੁਣ ਚਿੰਤੇ ਬੁੜ੍ਹੇ ਦੀ। ਉਹ ਬੰਦੇ ਨੇ ਚਿੰਤੇ ਬੁੜ੍ਹੇ ਨੂੰ ਘਰ ਦੇ ਜੀਆਂ ਬਾਰੇ ਪੁੱਛਿਆ ਬਈ ਘਰ ‘ਚ ਕਿੰਨੇ ਜੀਅ ਐ ਤੇ ਕੀ ਕੀ ਕੰਮ ਕਰਦੇ ਐ। ਜਦੋਂ ਉਹਨੇ ਬੁੜ੍ਹੇ ਨੂੰ ਪੁੱਛਿਆ ਬਈ ਤੇਰੇ ਕਿੰਨੇ ਜੁਆਕ ਐ ਤਾਂ ਚਿੰਤਾ ਕਹਿੰਦਾ ‘ਪੰਜ ਮੁੰਡੇ ਐ’। ਉਹ ਭਾਈ ਨੇ ਫ਼ੇਰ ਪੁੱਛ ਲਿਆ ‘ਕੀ ਕੰਮ ਧੰਦਾ ਕਰਦੇ ਐ’? ਚਿੰਤਾ ਕਹਿੰਦਾ ‘ਪੰਜੇ ਡਾਕਦਾਰ ਲੱਗੇ ਵੇ ਐ’। ਉਹ ਲਿਖਦਾ ਲਿਖਦਾ ਰੁਕ ਗਿਆ। ਚਿੰਤੇ ਨੂੰ ਕਹਿੰਦਾ ‘ਮੈਨੂੰ ਨ੍ਹੀ ਬਾਬਾ ਸੱਚ ਆਉਂਦਾ ਬਈ ਤੇਰੇ ਪੰਜੇ ਮੁੰਡੇ ਡਾਕਦਾਰ ਹੋਣ। ਇਹ ਕਿਮੇਂ ਹੋ ਸਕਦਾ। ਨਾ ਈਂ ਘਰ ਦੱਸਦਾ ਬਈ ਏਸ ਘਰ ਦੇ ਪੰਜ ਮੁੰਡੇ ਡਾਕਦਾਰ ਐ। ਇਹ ਕੀ ਕਹਾਣੀ ਐਂ’?”
ਸੀਤਾ ਮਰਾਸੀ ਕਹਿੰਦਾ, ”ਚਿੰਤੇ ਨੇ ਤਾਂ ਗੱਪ ਆਲੇ ਈ ਵੱਟ ਕੱਢ ‘ਤੇ, ਮੁੰਡਾ ਤਾਂ ਕੋਈ ਡਾਕਦਾਰ ਦੀ ਹੱਟ ਮੂਹਰਦੀ ਮਨ੍ਹੀ ਕਦੇ ਨੰਘਿਆ ਹੋਣੇ, ਬੈਠੇ ਬੈਠੇ ਚਿੰਤੇ ਨੇ ਪੰਜੇ ਮੁੰਡੇ ਕਾਟ੍ਹੋ ਆਂਗੂੰ ਕੇਰਾਂ ਤਾਂ ਟੀਸੀ ‘ਤੇ ਚੜ੍ਹਾਅ ‘ਤੇ।”
ਨਾਥਾ ਅਮਲੀ ਕਹਿੰਦਾ, ”ਗਾਹਾਂ ਤਾਂ ਸੁਣ ਮੀਰ ਤੂੰ। ਜਦੋਂ ਉਹ ਭਾਈ ਨੇ ਕਿਹਾ ਬਈ ਸੱਚ ਨ੍ਹੀ ਆਉਂਦਾ ਬਾਬਾ ਬਈ ਤੇਰੇ ਪੰਜੇ ਮੁੰਡੇ ਡਾਕਦਾਰ ਐ। ਚਿੰਤਾ ਉਹਨੂੰ ਕਹਿੰਦਾ ‘ਲੈ ਸੁਣ ਲਾ ਫ਼ਿਰ ਸ਼ੇਰਾ ਦੁੱਖ। ਜਿਹੜੇ ਵੀ ਮੁੰਡੇ ਨੂੰ ਜਦੋਂ ਕਿਸੇ ਕੰਮ ਨੂੰ ਕਹੀ ਦਾ, ਉਹੀ ਮੁੰਡਾ ਕਹੂ ‘ਕੀ ਬਮਾਰੀ ਐ ਬਾਪੂ ਤੈਨੂੰ? ਜੇ ਦੂਜੇ ਨੂੰ ਕਹੀ ਦਾ ਬਈ ਖੇਤ ਬੰਨੇ ਈ ਜਾਇਆ। ਉਹ ਕਹੂ ਕੀ ਰੋਗ ਐ ਤੈਨੂੰ। ਜਿਹੜੇ ਮੁੰਡੇ ਨੂੰ ਕੰਮ ਨੂੰ ਕਹੀ ਦਾ, ਮੂਹਰੋਂ ਉਹ ਹੀ ਪੁੱਛੂ, ਆਖੂ ਦੱਸ ਕੀ ਬਮਾਰੀ ਐ ਬਾਪੂ ਤੈਨੂੰ। ਮੈਂ ਫ਼ਿਰ ਬੈਠਾ ਬੈਠਾ ਸੋਚਣ ਲੱਗ ਜਾਨਾਂ ਬਈ ਇਨ੍ਹਾਂ ਨੇ ਨ੍ਹੀ ਹੁਣ ਕੰਮ ਦਾ ਡੱਕਾ ਦੂਹਰਾ ਕਰਨਾ ਚਿੰਤ ਸਿਆਂ, ਇਹ ਤਾਂ ਪੰਜੇ ਈ ਡਾਕਦਾਰ ਬਣਗੇ। ਆਹ ਗੱਲ ਐ ਸ਼ੇਰਾ। ਹੁਣ ਤੂੰ ਆਪ ਈ ਲਿਖ ਲਾ ਮੁੰਡਿਆਂ ਬਾਰੇ ਜਿਹੜਾ ਕੁਸ ਲਿਖਣੈ’।”
ਬਾਬੇ ਦਸੌਂਧਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਲਿਖਿਆ ਫ਼ਿਰ ਅਮਲੀਆ ਉਹਨੇ?”
ਅਮਲੀ ਹੱਸ ਕੇ ਟਿੱਚਰ ‘ਚ ਕਹਿੰਦਾ, ”ਉਹ ਆਪ ਝੱਗੇ ਦੀ ਬਾਂਹ ਤਾਹਾਂ ਚੜ੍ਹਾ ਕੇ ਬਹਿ ਗਿਆ, ਕਹਿੰਦਾ ਸੱਦਾ ਖਾਂ ਬਾਬਾ ਕਿਸੇ ਇੱਕ ਅੱਧੇ ਮੁੰਡੇ ਨੂੰ, ਮੈਂ ਵੀ ਬਲੱਡ ਜਾ ਵਖਾ ਲਾਂ ਕਿਤੇ ਡੇਂਗੂ ਨਾ ਹੋਇਆ ਪਿਆ ਹੋਵੇ।”
ਗੱਲਾਂ ਕਰੀ ਜਾਂਦਿਆਂ ਨੂੰ ਏਨੇ ਚਿਰ ਨੂੰ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਵੱਡੇ ਗੁਰਦੁਆਰੇ ਪੋਲੀਉ ਦੇ ‘ਤੇ ਡੇਂਗੂ ਬੁਖ਼ਾਰ ਦੇ ਟੀਕੇ ਲਾਉਣ ਵਾਲੇ ਡਾਕਟਰ ਆਏ ਹੋਏ ਹਨ। ਸਾਰੇ ਮਾਈ ਭਾਈ ਆ ਕੇ ਆਪਣੇ ਜੁਆਕਾਂ ਦੇ ਤੇ ਆਵਦੇ ਟੀਕੇ ਲੁਆ ਲਵੋ।
ਹੋਕਾ ਸੁਣਦੇ ਸਾਰ ਹੀ ਸਾਰੇ ਸੱਥ ਵਾਲੇ ਚਿੰਤੇ ਬੁੜ੍ਹੇ ਦੇ ਡਾਕਟਰ ਮੁੰਡਿਆਂ ਦੀਆਂ ਗੱਲਾਂ ਕਰਦੇ ਕਰਦੇ ਗੁਰਦੁਆਰਾ ਸਾਹਿਬ ਨੂੰ ਚੱਲ ਪਏ।