ਨਿਤਿਨ ਗਡਕਰੀ ਨੇ ਅੱਜ ਇਸ ਫੈਸਲੇ ਬਾਰੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਦਿੱਤੀ ਜਾਣਕਾਰੀ
ਚੰਡੀਗੜ :ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਰੈਕਟਰ ਦੇ ਗੈਰ-ਆਵਾਜਾਈ ਵਾਲੇ ਵਾਹਨ ਦਾ ਸਟੇਟਸ ਖ਼ਤਮ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਪੂਰੇ ਮੁਲਕ ਅੰਦਰ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਰਾਹਤ ਮਿਲੇਗੀ, ਜਿੱਥੇ ਕਾਂਗਰਸ ਸਰਕਾਰ ਵੱਲੋਂ ਆਪਣੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਨਾ ਕਰਨ ਕਰਕੇ ਕਿਸਾਨ ਇੱਕ ਵੱਡੇ ਖੇਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਕਦਮ ਨਾਲ ਹੁਣ ਭਾਰੀ ਜੀਐਸਟੀ ਲੱਗਣ ਸਦਕਾ ਟਰੈਕਟਰਾਂ ਦੀਆਂ ਕੀਮਤਾਂ ਨਹੀ ਵਧਣਗੀਆਂ। ਜੇਕਰ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਤਾਂ ਅਜਿਹਾ ਲਾਜ਼ਮੀ ਹੋਣਾ ਸੀ। ਉਹਨਾਂ ਕਿਹਾ ਕਿ ਇਸ ਫੈਸਲੇ ਨੇ ਕਿਸਾਨਾਂ ਨੂੰ ਵਾਧੂ ਰਜਿਸਟਰੇਸ਼ਨ ਫੀਸ ਦੇਣ ਤੋਂ ਇਲਾਵਾ ਪਰਮਿਟ ਹਾਸਲ ਕਰਨ ਅਤੇ ਹੋਰ ਕਈ ਕਿਸਮ ਦੀਆਂ ਸ਼ਰਤਾਂ ਤੋਂ ਬਚਾ ਲਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਪੰਜਾਬ ਵਿਚ ਟਰੈਕਟਰਾਂ ਉਤੇ ਘੱਟ ਟੈਕਸ ਲਗਾਤਾਰ ਅਕਾਲੀ-ਭਾਜਪਾ ਸਰਕਾਰਾਂ ਦੀਆਂ ਕਿਸਾਨ-ਪੱਖੀ ਨੀਤੀਆਂ ਕਰਕੇ ਕਾਇਮ ਹਨ, ਬੀਬੀ ਬਾਦਲ ਨੇ ਕਿਹਾ ਕਿ ਇਹ ਸਰਦਾਰ ਪਰਕਾਸ਼ ਸਿੰਘ ਬਾਦਲ ਹੀ ਸਨ, ਜਿਹਨਾਂ ਨੇ ਟਰੈਕਟਰ ਨੂੰ ‘ਕਿਸਾਨ ਦਾ ਗੱਡਾ’ ਐਲਾਨਦਿਆਂ ਟੈਕਸਾਂ ਤੋਂ ਮੁਕਤ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਪੇਸ਼ ਕਰਨ ਵਾਲੇ ਡਰਾਫਟ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਉਣ ਲਈ ਮੈਂ ਪਿਛਲੇ ਦੋ ਮਹੀਨੇ ਤੋਂ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਸੀ। ਇਹ ਮਸਲਾ ਮੇਰੇ ਹਲਕੇ ਬਠਿੰਡਾ ਦੇ ਕਿਸਾਨਾਂ ਨੇ ਮੇਰੇ ਧਿਆਨ ਵਿਚ ਲਿਆਂਦਾ ਸੀ। ਮੇਰੀ ਇਸ ਬੇਨਤੀ ਨੂੰ ਸਵੀਕਾਰ ਕਰਨ ਲਈ ਮੈਂ ਸ੍ਰੀ ਗਡਕਰੀ ਜੀ ਦਾ ਧੰਨਵਾਦ ਕਰਦੀ ਹਾਂ।
ਇਸ ਤੋਂ ਪਹਿਲਾਂ ਸ੍ਰੀ ਗਡਕਰੀ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਬੇਨਤੀ ਨੂੰ ਧਿਆਨ ਵਿਚ ਰੱਖਦਿਆਂ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੀ ਸ਼੍ਰੇਣੀ ਵਿਚੋਂ ਬਾਹਰ ਰੱਖਣ ਦਾ ਫੈਸਲਾ ਲਿਆ ਗਿਆ ਹੈ। ਆਵਾਜਾਈ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਮੋਟਰ ਵਹੀਕਲ ਐਕਟ ਵਿਚ ਅਜਿਹੀ ਤਬਦੀਲੀ ਦੇ ਪ੍ਰਸਤਾਵ ਵਾਲੇ ਨੋਟੀਫਿਕੇਸ਼ਨ ਨੂੰ ਵੀ ਵਾਪਸ ਲੈ ਲਿਆ ਗਿਆ ਹੈ।