ਗੁਰਦਾਸਪੁਰ – ਸੁਖਬੀਰ ਸਿੰਘ ਬਾਦਲ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਪਿਛੇ ਉਸਦਾ ਅਹੰਕਾਰ ਤੇ ਘਮੰਡ ਹੈ, ਪਰ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਅੰਦਰ ਕੋਈ ਜੰਗਲ ਰਾਜ ਨਹੀਂ ਸਗੋਂ ਲੋਕਤੰਤਰ ਹੈ ਤੇ ਸੂਬੇ ਦੇ ਲੋਕ ਅਕਾਲੀਆਂ ਨੂੰ ਨਕਾਰ ਚੁੱਕੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦਾਸਪੁਰ ਵਿਖੇ ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਲੋਕ ਸਭਾ ਮੈਂਬਰ ਗੁਰਦਾਸਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਧਾਰਮਿਕ ਤੇ ਨੈਤਿਕਤਾ ਦਾ ਮਖੋਟਾ ਉਤਾਰ ਦੇਣਾ ਚਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਨੈਤਿਕਤਾ ਦੀ ਗੱਲ ਕਰੇ। ਉਨ੍ਹਾਂ ਕਿਹਾ ਕਿ ਪਿਛਲੀ ਦਿਨੀਂ ਗੁਰਦਾਸਪੁਰ ‘ਚ ਵਾਪਰੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਕਾਂਡ ਤੇ ਹੁਣ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਵਾਪਰੇ ਚੀਫ ਖਾਲਸਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਕਾਂਡ ਨੇ ਅਕਾਲੀਆਂ ਦਾ ਚਿਹਰਾ ਨੰਗਾ ਕਰ ਦਿੱਤਾ ਹੈ ਤੇ ਅੱਜ ਸਾਰੇ ਪੰਜਾਬੀ ਸ਼ਰਮਸਾਰ ਮਹਿਸੂਸ ਕਰ ਰਹੇ ਹਨ। ਲੋਕ ਇਨ੍ਹਾਂ ਦੀ ਅਸਲੀਅਤ ਜਾਣ ਚੁੱਕੇ ਹਨ ਤੇ ਲੋਕਾਂ ਨੂੰ ਧਰਮ ਦੇ ਨਾਂ ‘ਤੇ ਇਹ ਨਸੀਹਤ ਨਹੀਂ ਦੇ ਸਕਦੇ।
ਜਾਖੜ ਨੇ ਕਿਹਾ ਕਿ ਸੁਖਬੀਰ ਅਜੇ ਤੱਕ ਇਹ ਨਹੀਂ ਸਮਝ ਰਿਹਾ ਕਿ ਸੂਬੇ ਦੇ ਲੋਕਾਂ ਨੇ ਨਕਾਰ ਕਿ ਉਨ੍ਹਾਂ ਨੂੰ ਫਰਸ਼ ‘ਤੇ ਬਿਠਾ ਦਿੱਤਾ ਹੈ ਤੇ ਇਸ ਪਿਛੇ ਇਨ੍ਹਾਂ ਦਾ ਅਹੰਕਾਰ, ਹੁਦਰਾਪਨ ਤੇ ਸੂਬੇ ਦੇ ਹਿੱਤਾਂ ਨੂੰ ਵਿਸਾਰ ਕੇ ਕੇਵਲ ਆਪਣਾ ਭਲਾ ਕਰਨਾ ਸੀ। ਸੁਖਬੀਰ ਨੇ ਆਪਣੇ ਸਮੇਂ ਦੌਰਾਨ ਪੁਲਸ ਦਾ ਰਾਜਸੀਕਰਨ ਕਰ ਦਿੱਤਾ ਸੀ ਪਰ ਕੈਪਟਨ ਸਰਕਾਰ ਸਮੇਂ ਪੁਲਸ ਬਿਨ੍ਹਾਂ ਕਿਸੇ ਰਾਜਸੀ ਦਖਲਅੰਦਾਜ਼ੀ ਦੇ ਕੰਮ ਕਰ ਰਹੀ ਹੈ, ਜਿਸ ਕਾਰਨ ਸੁਖਬੀਰ ਬੋਖਲਾ ਗਿਆ ਤੇ ਆਪਣੀਆਂ ਗਲਤੀਆਂ ਛੁਪਾਉਣ ਲਈ ਗੁੰਮਰਾਹਕੁੰਨ ਬਿਆਨਬਾਜ਼ੀ ਕਰਦਾ ਹੈ। ਉਨ੍ਹਾਂ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ 2500 ਨੌਜਵਾਨਾਂ ਨੂੰ ਸਕਿਲ ਟਰੇਨਿੰਗ ਦੇ ਕੇ ਰੋਜ਼ਾਗਰ ਮੁਹੱਈਆ ਕਰਵਾਇਆ ਜਾਵੇਗਾ। ਨੌਜਵਾਨ ਲੜਕੇ-ਲੜਕੀਆਂ ਨੂੰ ਮੋਬਾਈਲ ਰਿਪੈਅਰ, ਪੈਲੰਬਰ, ਇਲੈਕਟ੍ਰਾਨਿਕ ਕੋਰਸ ਤੇ ਲੜਕੀਆਂ ਨੂੰ ਬਿਊਟੀ ਪਾਰਲਰ ਆਦਿ ਦੇ ਕੋਰਸ ਕਰਵਾ ਕੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ। ਨੌਜਵਾਨਾਂ ਨੂੰ 2 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦਾ ਕਰਜ਼ਾ ਬਿਨ੍ਹਾਂ ਕਿਸੇ ਗਰੰਟੀ ਦੇ ਆਸਾਨ ਤਰੀਕੇ ਨਾਲ ਬੈਕਾਂ ਰਾਹੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ‘ਚ 25 ਪ੍ਰਤੀਸ਼ਤ ਸਬਸਿਡੀ ਹੋਵੇਗੀ ਤੇ ਬਾਰਡਰ ਇਲਾਕੇ ਵਾਲੇ ਨੌਜਵਾਨਾਂ ਲਈ ਇਹ ਸਬਸਿਡੀ 35 ਪ੍ਰਤੀਸ਼ਤ ਤਕ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ ਸਰਕਾਰ ਦੀ ਹੈਂਕਰਬਾਜ਼ੀ ਤੇ ਹੰਕਾਰ ਦੇ ਰਵੱਈਆ ਕਾਰਨ ਸੰਸਦ ਦਾ ਇਕ ਹਫਤਾ ਖਰਾਬ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਅਹਿਮ ਮੁੱਦੇ ਬਹਿਸ ਤੋਂ ਵਾਂਝੇ ਰਹਿ ਗਏ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲਵੇ ਮੰਤਰੀ ਨੂੰ ਮਿਲੇ ਸਨ ਤੇ ਸੂਬੇ ਤੇ ਗੁਰਦਾਸਪੁਰ ਸਰਹੱਦੀ ਜ਼ਿਲੇ ਦੀਆਂ ਮੁਸ਼ਕਿਲਾਂ ਵੱਲ ਉਨ੍ਹਾਂ ਦਾ ਧਿਆਨ ਦਵਾਇਆ ਸੀ । ਉਨ੍ਹ ਨੇ ਗੁਰਦਾਸਪੁਰ ਵਿਚਲੇ ਰੇਲਵੇ ਓਵਰ ਫਲਾਈ ਬਣਾਉਣ ਸਬੰਧੀ ਵੀ ਰੇਲਵੇ ਮੰਤਰੀ ਨਾਲ ਗੱਲਬਾਤ ਕਰਕੇ ਆਏ ਹਨ।
ਜਾਖੜ ਨੇ ਨਵੇਂ ਸਾਲ 2018 ਸਬੰਧੀ ਗੱਲ ਕਰਦਿਆਂ ਦੱਸਿਆ ਕਿ 7 ਜਨਵਰੀ ਨੂੰ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਅਫ ਸਬੰਧੀ ਕਦਮ ਉਠਾ ਰਹੀ ਹੈ। ਪੰਜਾਬ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਲੀਹਾਂ ‘ਤੇ ਮੁੜ ਵਾਪਸ ਲਿਆਉਣ ਦਾ ਸਿਰਤੋੜ ਯਤਨ ਕਰੇਗੀ। ਸੂਬੇ ਅੰਦਰ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਲੋਕਾਂ ਨਾਲ ਕੀਤੇ ਵਾਅਦੇ ਜਿਵੇ ਕਿ ਨੌਜਵਾਨਾਂ ਨੂੰ ਸਮਰਾਟ ਫੋਨ ਦੇਣਾ ਸ਼ਾਮਲ ਹੈ ਨੂੰ ਪੂਰਾ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਲਾ ਵਾਸੀਆਂ ਤੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਤੇ ਸੂਬੇ ਤੇ ਦੇਸ਼-ਦੁਨੀਆਂ ਅੰਦਰ ਅਮਨ, ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਗੁਰਮੀਤ ਸਿੰਘ ਪਾਹੜਾ , ਬਲਜੀਤ ਸਿੰਘ ਪਾਹੜਾ ਪ੍ਰਧਾਨ ਯੂਥ ਲੋਕ ਸਭਾ ਹਲਕਾ ਗੁਰਦਾਸਪੁਰ, ਸਲਾਮਤ ਮਸੀਹ , ਕੇ.ਪੀ ਪਾਹੜਾ , ਹਰਦੀਪ ਸਿੰਘ ਬੇਦੀ, ਬਲਜਿੰਦਰ ਸਿੰਘ ਬਿੱਲੂ, ਸੁੱਚਾ ਸਿੰਘ ਰਾਮਨਗਰ, ਤਰਸੇਮ ਸਹੋਤਾ, ਦਰਸ਼ਨ ਮਹਾਜਨ, ਪ੍ਰਸ਼ੋਤਮ ਭੁੱਚੀ, ਬਲਵਿੰਦਰ ਸਿੰਘ , ਦਰਬਾਰੀ ਲਾਲ ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।