ਪਟਿਆਲਾ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਸਾਹਿਬ ਦੀ ਲੰਗਰ ਰਸਦ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦ ਮੁਲਾਕਾਤ ਕਰਨਗੇ। ਜੀ. ਐੱਸ. ਟੀ. ਲਾਗੂ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੂੰ ਲੰਗਰ ‘ਤੇ ਪ੍ਰਤੀ ਸਾਲ ਤਕਰੀਬਨ 10 ਕਰੋੜ ਦੇ ਵਾਧੂ ਖਰਚ ਦਾ ਭੁਗਤਾਨ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਲੰਗਰ ਨੂੰ ਜੀ. ਐੱਸ. ਟੀ. ਮੁਕਤ ਕਰਨ ਦੀ ਮੰਗ ਕੀਤੀ ਗਈ ਹੈ ਪਰ ਅਜੇ ਤਕ ਕੋਈ ਰਾਹਤ ਨਹੀਂ ਮਿਲੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਵਾਜ਼ ਉਠਾਏ ਜਾਣ ਦੇ ਬਾਵਜੂਦ ਕੇਂਦਰ ਤੇ ਜੀ. ਐੱਸ. ਟੀ. ਕੌਂਸਲ ਇਸ ਮਸਲੇ ‘ਤੇ ਚੁੱਪ ਵੱਟੀ ਬੈਠੀ ਹੈ। ਕੇਂਦਰ ਦੇ ਅੜੀਅਲ ਰਵੱਈਏ ਕਾਰਨ ਸ਼੍ਰੋਮਣੀ ਕਮੇਟੀ ਨੂੰ ਫਿਲਹਾਲ ਜੀ.ਐੱਸ. ਟੀ. ਅਦਾ ਕਰਨਾ ਪੈ ਰਿਹਾ ਹੈ ਪਰ ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਜੀ. ਐੱਸ. ਟੀ. ਮੁਆਫ ਕਰਾਉਣ ਲਈ ਕੋਸ਼ਿਸ਼ ਜਾਰੀ ਰੱਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਉਹ ਲੰਗਰ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਾਉਣ ਲਈ ਜਲਦੀ ਵੱਡੇ ਪੱਧਰ ‘ਤੇ ਮੁਹਿੰਮ ਛੇੜਨਗੇ। ਸ਼੍ਰੋਮਣੀ ਕਮੇਟੀ ਆਪਣੇ ਪੱਧਰ ‘ਤੇ ਜੀ. ਐੱਸ. ਟੀ. ਕੌਂਸਲ ਦੇ ਨੁਮਾਇੰਦਿਆਂ ਤਕ ਪਹੁੰਚ ਕਰੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸੰਪੂਰਨਤਾ ਸਮਾਗਮ ‘ਚ ਜੇਕਰ ਪ੍ਰਧਾਨ ਮੰਤਰੀ ਸ਼ਿਰਕਤ ਕਰਦੇ ਤਾਂ ਉਥੇ ਉਹ ਜ਼ਰੂਰ ਇਸ ਮਸਲੇ ਨੂੰ ਉਨ੍ਹਾਂ ਸਾਹਮਣੇ ਰੱਖਦੇ। ਉਨ੍ਹਾਂ ਕਿਹਾ ਕਿ ਲੰਗਰ ਸਾਰੇ ਧਰਮਾਂ ਲਈ ਹੈ। ਭਾਜਪਾ ਦੇ ਸੂਬਾਈ ਸਕੱਤਰ ਗੁਰਤੇਜ ਸਿੰਘ ਢਿੱਲੋ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਕੋਲ ਉਠਾਇਆ ਸੀ ਤੇ ਉਹ ਇਸ ਸੰਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵਿਚਾਰ ਕਰਨਗੇ। ਭਾਜਪਾ ਆਗੂ ਨੇ ਸ਼ਿਕਵਾ ਕੀਤਾ ਕਿ ਕੈਪਟਨ ਸਰਕਾਰ ਵਲੋਂ ਜੀ. ਐੱਸ. ਟੀ. ਕੌਂਸਲ ਕੋਲ ਆਵਾਜ਼ ਨਾ ਚੁੱਕੇ ਜਾਣ ਕਾਰਨ ਇਹ ਮਾਮਲਾ ਪੇਚੀਦਾ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੰਗਰ ਦੇ ਮਹੱਤਵ ਤੋਂ ਅਣਜਾਣ ਜਾਪਦੀ ਹੈ ਕਿਉਂਕਿ ਕੈਪਟਨ ਸਰਕਾਰ ਵਲੋਂ ਲੰਗਰਾਂ ਦੀ ਰਸਦ ਤੋਂ ਐੱਸ. ਜੀ. ਐੱਸ. ਟੀ. ਵਸੂਲਿਆ ਜਾਣ ਲੱਗਾ ਹੈ। ਹਾਲਾਕਿ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਪਹਿਲਾਂ ਆਪਣੇ ਹਿੱਸੇ ਦਾ ਕਰ ਮੁਆਫ ਕਰਨਾ ਚਾਹੀਦਾ ਸੀ।