ਪਰਮਜੀਤ ਕੈਂਥ ਮੇਰੇ ਕੋਲੋ ਨਿੱਜੀ ਲਾਭ ਲੈਣਾ ਚਾਹੁੰਦਾ, ਪਰ ਮੇਰੇ ਵਲੋਂ ਨਾਂਹ ਕਰਨ ਕਾਰਨ ਅਜਿਹੀਆਂ ਘਟੀਆ ਚਾਲਾਂ ਚੱਲ ਰਿਹਾ: ਚੰਨੀ
ਫੋਕੀ ਸ਼ੋਹਰਤ ਹਾਸਿਲ ਕਰਨ ਲਈ ਕੈਂਥ ਦਲਿਤਾਂ ਦੇ ਨਾਮ `ਤੇ ਰੋਟੀਆਂ ਸੇਕਣੀਆਂ ਬੰਦ ਕਰਨ
ਚੰਡੀਗੜ੍ਹ : ਅੱਜ ਚੰਡੀਗੜ੍ਹ ਪ੍ਰੈਸ ਕਲੱੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਪਰਮਜੀਤ ਸਿੰਘ ਕੈਂਥ ਪ੍ਰਧਾਨ ਕੌਮੀ ਪ੍ਰਧਾਨ ਨੈਸ਼ਨਲ ਸਡਿਊਲਡ ਕਾਸਟ ਆਲਇੰਸ ਵਲੋਂ ਮੇਰੇ ਖਿਲਾਫ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁਲ ਬੇਬੁਨਿਆਦ ਹਨ।ਇਹ ਮੇਰੇ ਰਾਜਸੀ ਅਤੇ ਸਮਾਜਿਕ ਅਕਸ ਨੂੰ ਖਰਾਬ ਕਰਨ ਲਈ ਕਿਸੇ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ।ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਉਹ ਹਮੇਸ਼ਾ ਹੀ ਨਿਆ ਪਸੰਦ ਹਨ ਅਤੇ ਹਮੇਸ਼ਾ ਹੀ ਅਤਿਆਚਾਰ ਦੇ ਖਿਲਾਫ ਡਟ ਕੇ ਲੜੇ ਹਨ।
ਸ. ਚੰਨੀ ਨੇ ਕਿਹਾ ਕਿ ਇੱਕ ਦਲਿਤ ਪਰਿਵਾਰ ਦੀ 13 ਸਾਲ ਦੀ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੂਜੀ ਧਿਰ ਦੀ ਮੱੱਦਦ ਕਰਨ ਦੇ ਸ੍ਰੀ ਕੈਂਥ ਵਲੋਂ ਉਨ੍ਹਾਂ ਖਿਲਾਫ ਲਗਾਏ ਗਏ ਇਲਜ਼ਾਮ ਵਿਚ ਕੋਈ ਵੀ ਸਚਾਈ ਨਹੀਂ ਹੈ।ਉਨ੍ਹਾਂ ਨਾਲ ਹੀ ਦੱਸਿਆ ਕਿ ਪਰਮਜੀਤ ਸਿੰਘ ਅਖੌਤੀ ਦਲਿਤ ਆਗੂ ਬਣ ਕੇ ਮੇਰੇ ਕੋਲੋਂ ਨਿੱਜੀ ਲਾਭ ਲੈਣਾ ਚਾਹੁੰਦਾ ਸੀ, ਪਰ ਮੇਰੇ ਵਲੋਂ ਨਾਂਹ ਕਰਨ ਕਾਰਨ ਹੁਣ ਮੇਰੇ ਖਿਲਾਫ ਮਨਘੜਤ ਬੇਬੁਨਿਆਦ ਦੋਸ਼ ਲਗਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਇਹ ਸਭ ਪਰਮਜੀਤ ਕੈਂਥ ਵਲੋਂ ਨਿੱਜੀ ਰੰਜਿਸ਼ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱੱਸਿਆ ਕਿ ਪੀੜਤ ਪਰਿਵਾਰ ਅਤੇ ਦੂਜਾ ਪਰਿਵਾਰ ਦੋਵੇਂ ਹੀ ਦਲਿਤ ਪਰਿਵਾਰ ਹਨ ਅਤੇ ਇੰਨਾਂ ਵਿਚਕਾਰ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਚੱਲੀ ਆ ਰਹੀ ਹੈ।ਇਹ ਦੋਵੇਂ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਜੇ ਖਿਲਾਫ ਪਰਚੇ ਦਰਜ ਕਰਵਾਉਣ ਅਤੇ ਮੁਕੱਦਮੇਬਾਜੀ ਵਿਚ ਉਲਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਜਿਥੋਂ ਤੱਕ ਉਨਾਂ ਦੇ ਖਿਲਾਫ ਸ੍ਰੀ ਪਰਮਜੀਤ ਸਿੰਘ ਕੈਂਥ ਵਲੋਂ ਇੱਕ ਧਿਰ ਦੀ ਮੱੱਦਦ ਕਰਨ ਦੇ ਇਲਜ਼ਾਮ ਲਗਾਏ ਗਏ ਹਨ, ਉਸ ਵਿਚ ਕੋਈ ਸਚਾਈ ਨਹੀਂ ਹੈ।ਉਨ੍ਹਾਂ ਦੱੱਸਿਆ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ।
ਸ. ਚੰਨੀ ਨੇ ਇਸ ਮਾਮਲੇ ਵਿਚ ਸ੍ਰੀ ਕੈਂਥ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਆਪਣੀ ਅਜਿਹੀ ਘਟੀਆ ਅਤੇ ਹੋਸ਼ੀ ਰਾਜਨੀਤੀ ਤੋਂ ਪਰਹੇਜ ਕਰਨ ਅਤੇ ਦਲਿਤ ਪਰਿਵਾਰਾਂ ਦੇ ਨਾਮ ਤੇ ਰੋਟੀਆਂ ਸੇਕਣਾ ਬੰਦ ਕਰਨ।ਉਨ੍ਹਾਂ ਇੱਕ ਵਾਰ ਫਿਰ ਦੁਹਰਾਇਆ ਕਿ ਉਨਾਂ ਦਾ ਨਾਮ ਇਸ ਮਾਮਲੇ ਵਿਚ ਬੇਵਜਾ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ ਪੁਲਿਸ ਵਲੋਂ ਕਾਨੂੰਨ ਅਨੁਸਾਰ ਕੰੰਮ ਕੀਤਾ ਜਾਵੇਗਾ ਅਤੇ ਕਿਸੇ ਖਿਲਾਫ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।