ਚਮੜੀ ਦੇ ਕੈਂਸਰ ਬਾਰੇ ਸਭ ਤੋਂ ਵੱਧ ਚੇਤਾਵਨੀ ਵਾਲਾ ਇਸ਼ਾਰਾ ਕਿਸੇ ਬਿਊਟੀ ਸਪਾਟ ਦਾ ਆਕਾਰ ਵਧਣਾ ਸ਼ੁਰੂ ਹੋਣਾ ਹੁੰਦਾ ਹੈ। ਜਾਂ ਕੋਈ ਫ਼ੋੜਾ ਬੜੇ ਸਾਲਾਂ ਤੋਂ ਠੀਕ ਹੀ ਨਾ ਹੋ ਰਿਹਾ ਹੋਵੇ, ਜਾਂ ਕਿਸੇ ਪੁਰਾਣੇ ਸਾੜ ‘ਤੇ ਜ਼ਖ਼ਮ ਹੋ ਜਾਵੇ ਜੋ ਠੀਕ ਨਾ ਹੋ ਰਿਹਾ ਹੋਵੇ, ਜਾਂ ਫ਼ਿਰ ਚਮੜੀ ‘ਤੇ ਕੋਈ ਗੁਠਲੀ ਜਿਹੀ ਬਣ ਜਾਵੇ। ਇਹ ਬਿਮਾਰੀ ਕਾਫ਼ੀ ਆਮ ਹੋ ਗਈ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਦੇ ਸਾਲਾਨਾ 10 ਲੱਖ ਨਵੇਂ ਰੋਗੀ ਆਉਂਦੇ ਹਨ। ਵਿਅਕਤੀ ਦਾ ਕਾਲਾ ਜਾਂ ਗੋਰਾ ਰੰਗ ਮੈਲਾਨਿਨ ਪਿਗਮੈਂਟ ਕਰਕੇ ਹੁੰਦਾ ਹੈ। ਵਧੇਰੇ ਪਿਗਮੈਂਟ ਵਾਲਿਆਂ ਦਾ ਰੰਗ ਸਾਂਵਲਾ ਤੇ ਘੱਟ ਵਾਲਿਆਂ ਦਾ ਗੋਰਾ ਹੁੰਦਾ ਹੈ। ਮੈਲਾਨਿਨ ਕੈਂਸਰ ਵਿਰੁੱਧ ਬਚਾਅ ਕਰਦੀ ਹੈ, ਇਸ ਲਈ ਕਾਲੇ ਲੋਕਾਂ ਵਿੱਚ ਕੈਂਸਰ ਘੱਟ ਅਤੇ ਗੋਰਿਆਂ ‘ਚ ਵਧੇਰੇ ਹੁੰਦੇ ਹਨ।
ਮੈਲਾਨੋਮਾ: ਭਾਵੇਂ ਇਸ ਕੈਂਸਰ ਦੀ ਦਰ ਚਮੜੀ ਦੇ ਬਾਕੀ ਕੈਂਸਰਾਂ ਨਾਲੋਂ ਘੱਟ ਹੈ, ਫ਼ਿਰ ਵੀ ਇਹ ਕਿਸਮ ਵੱਧ ਗੰਭੀਰ ਤੇ ਖ਼ਤਰਨਾਕ ਹੁੰਦੀ ਹੈ। ਆਪ੍ਰੇਸ਼ਨ ਰਾਹੀਂ ਕਢਵਾਉਣ ਬਾਅਦ ਇਹ ਦੁਬਾਰਾ ਵੀ ਹੋ ਜਾਂਦਾ ਹੈ। ਇਹ ਕੈਂਸਰ, ਮੇਲੈਨੋਸਾਇਟ ਸੈੱਲਾਂ, ਜੋ ਚਮੜੀ ਨੂੰ ਰੰਗ ਪ੍ਰਦਾਨ ਕਰਦੇ ਹਨ, ਤੋਂ ਉਤਪੰਨ ਹੁੰਦਾ ਹੈ। ਜਿਨ੍ਹਾਂ ਲੋਕਾਂ ਵਿੱਚ ਜ਼ਿਆਦਾ ਮੈਲਾਨਿਨ ਹੁੰਦੀ ਹੈ, ਉਨ੍ਹਾਂ ਦਾ ਰੰਗ ਸਾਂਵਲਾ ਜਾਂ ਕਾਲਾ ਹੁੰਦਾ ਹੈ। ਮੈਲਾਨਿਨ ਫ਼ਇਦੇਮੰਦ ਹੈ ਕਿਉਂਕਿ ਜ਼ਿਆਦਾ ਪਿਗਮੈਂਟ ਵਾਲੇ (ਸਾਂਵਲੇ) ਲੋਕਾਂ ਨੂੰ, ਮੈਲਾਨੋਮਾ ਸਮੇਤ ਚਮੜੀ ਦੇ ਸਾਰੇ ਕੈਂਸਰ ਘੱਟ ਹੁੰਦੇ ਹਨ। ਚਮੜੀ ਤੋਂ ਬਗੈਰ ਹੋਰ ਥਾਵਾਂ ‘ਤੇ ਵੀ ਮੈਲਾਨਿਨ ਵਾਲੇ ਸੈੱਲ ਹੁੰਦੇ ਹਨ ਜਿਵੇਂ ਅੱਖਾਂ, ਦਿਮਾਗ ਦੀਆਂ ਝਿੱਲੀਆਂ ਆਦਿ। ਇਨ੍ਹਾਂ ਅੰਗਾਂ ‘ਤੇ ਵੀ ਮੈਲਾਨੋਮਾਂ ਉਤਪੰਨ ਹੁੰਦਾ ਹੈ। ਚਮੜੀ ‘ਤੇ ਆਮ ਹੀ ਹੋਣ ਵਾਲੇ ਛੋਟੇ-ਛੋਟੇ ਤਿਲ ਜਾਂ ਬਿਊਟੀ ਸਪਾਟ ਇਨ੍ਹਾਂ ਪਿਗਮੈਂਟ ਵਾਲੇ ਸੈੱਲਾਂ ਤੋਂ ਹੀ ਬਣਦੇ ਹਨ ਪਰ ਇਹ ਖ਼ਤਰਨਾਕ ਨਹੀਂ ਹੁੰਦੇ ਹਨ। ਗੋਰੇ ਲੋਕ, ਜੋ ਬਹੁਤ ਧੁੱਪ ਸੇਕਦੇ ਹਨ ਉਨ੍ਹਾਂ ਦੀ ਚਮੜੀ ‘ਤੇ ਅਣਗਿਣਤ ਤਿਲ ਹੁੰਦੇ ਹਨ। ਅਜਿਹੇ ਕਮਸਿਨ ਬਿਊਟੀ ਸਪਾਟ ਵਿੱਚ ਜੇ ਕੁਝ ਤਬਦੀਲੀ ਆਵੇ ਜਿਵੇਂ, ਇਸ ਦਾ ਫ਼ੈਲਣਾ ਤੇ ਆਕਾਰ ਦਾ ਵਧਣਾ, ਬਾਹਰੀ ਬਾਰਡਰ ਦਾ ਉਧੜ-ਗੁਧੜਾ ਹੋ ਜਾਣਾ, ਖ੍ਰੀਂਢ ਆਉਣਾ, ਖ਼ੂਨ ਵਗਣਾ ਆਦਿ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕੈਂਸਰ ਬਣ ਰਿਹਾ ਹੈ ਜਾਂ ਬਣ ਗਿਆ ਹੈ। ਮੈਲਾਨੋਮਾ ਕਿਸਮ ਦੇ ਕੈਂਸਰ ਦੀਆਂ ਜੜ੍ਹਾਂ, ਦੂਜੇ ਅੰਗਾਂ (ਜਿਗਰ, ਫ਼ੇਫ਼ੜੇ, ਦਿਮਾਗ਼) ਵਿੱਚ ਵੀ ਫ਼ੈਲ ਜਾਂਦੀਆਂ ਹਨ, ਜਿਨ੍ਹਾਂ ਦਾ ਰੰਗ ਵੀ ਮੁੱਢਲੀ ਜਗ੍ਹਾ ਦੇ ਕੈਂਸਰ ਵਾਂਗ (ਭੂਰਾ) ਹੁੰਦਾ ਹੈ।
ਲੱਛਣ: ਛੋਟਾ ਜਿਹਾ ਉਭਰਵਾਂ ਮਾਸ ਹੋਵੇ, ਮੋਕ੍ਹੇ ਜਾਂ ਵੱਡੇ ਤਿਲ ਵਾਂਗ ਹੋਵੇ ਜੋ ਥਿੰਦਾ ਜਾਂ ਚਮਕਦਾਰ, ਜਾਂ ਉਪਰੋਂ ਪੱਧਰਾ ਨਜ਼ਰ ਆਉਂਦਾ ਹੋਵੇ। ਮੋਕ੍ਹੇ ਵਾਲਾ ਲਾਲ ਰੰਗ ਦਾ ਉਭਰਵਾਂ ਤੇ ਕੁਝ ਸਖ਼ਤ ਮਾਸ, ਛਿੱਕੜ ਜਾਂ ਖ਼ਰੀਂਢ ਵਾਲਾ ਧੱਬਾ ਜਾਂ ਉਭਰਵਾਂ ਮਾਸ, ਛੂਹਣ ਨਾਲ ਖ਼ੂਨ ਨਿਕਲ ਆਵੇ, ਜੋ ਕਾਫ਼ੀ ਸਮੇਂ ਤੋਂ ਹੋਵੇ ਤੇ ਠੀਕ ਨਾ ਹੋ ਰਿਹਾ ਹੋਵੇ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਧੱਬਾ ਜਾਂ ਗੁਠਲੀ ਜੋ ਸ਼ੱਕੀ ਹੋਵੇ, ਚਮੜੀ ਦੇ ਕੈਂਸਰ ਵੱਲ ਇਸ਼ਾਰਾ ਕਰਦੇ ਹਨ।
ਬੇਜ਼ਲ ਸੈਲ ਕਾਰਸੀਨੋਮਾ: ਉਂਜ ਇਹ ਸਾਰੇ ਸਰੀਰ ਦੀ ਚਮੜੀ ‘ਤੇ, ਕਿਤੇ ਵੀ ਹੋ ਸਕਦਾ ਹੈ ਪਰ ਆਮ ਕਰਕੇ ਚਿਹਰੇ ਦੇ ਇੱਕ ਖ਼ਾਸ ਭਾਗ ‘ਤੇ ਹੁੰਦਾ ਹੈ, ਜਿਵੇਂ- ਅੱਖ ਦਾ ਕੋਇਆ ਜਾਂ ਅੱਖ ਦਾ ਛੱਪਰ, ਨੱਕ ਦੀ ਨਾਸ ਦਾ ਬਾਹਰਲਾ ਹਿੱਸਾ, ਕੰਨ ਵਿੰਨ੍ਹਣ ਵਾਲੀ ਜਗ੍ਹਾ। ਬਾਹਰੋਂ ਇਹ ਲਾਲ-ਭੂਰੇ ਰੰਗ ਦਾ ਖ਼ਰੀਂਢ ਜਿਹਾ ਲਗਦਾ ਹੈ। ਇਸ ਦਾ ਆਕਾਰ ਵਧਦਾ ਜਾਂਦਾ ਹੈ, ਜੋ ਦਰਦ ਨਹੀਂ ਕਰਦਾ। ਇਸ ਨੂੰ ਛੂਹਣ ‘ਤੇ ਖ਼ੂਨ ਵੀ ਨਿਕਲ ਸਕਦਾ ਹੈ। ਚਮੜੀ ਦੇ ਥੱਲੇ-ਥੱਲੇ ਇਹ ਚੂਹੇ ਵਾਂਗ ਰੁੱਡ ਕੱਢਦਾ ਹੋਇਆ ਦੂਰ ਤੱਕ ਪੁੱਜ ਜਾਂਦਾ ਹੈ।
ਅਜਿਹਾ ਕੈਂਸਰ 50 ਸਾਲ ਦੀ ਉਮਰ ਦੇ ਲੋਕਾਂ ਤੇ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ, ਜਿਹੜੇ ਲੋਕ ਵਧੇਰੇ ਸਮਾਂ ਧੁੱਪ ਇਸ਼ਨਾਨ ਦਾ ਮਜ਼ਾ ਲੈਂਦੇ ਹਨ, ਅਲਟਰਾ ਵਾਇਲੈਟ ਕਿਰਨਾਂ ਦਾ ਵਧੇਰੇ ਐਕਸਪੋਜ਼ਰ, ਜਿਵੇਂ ਮਾਡਲਿੰਗ ਵਾਸਤੇ ਟੈਨਿੰਗ ਸੈਲੂਨ ‘ਤੇ ਜਾਣ ਵਾਲੀਆਂ ਕਿਸ਼ੋਰੀਆਂ ਕੁੜੀਆਂ, ਜਿਨ੍ਹਾਂ ਨੇ ਕਿਸੇ ਹੋਰ ਅੰਗ ਦੇ ਕੈਂਸਰ ਦੇ ਇਲਾਜ ਲਈ ਰੇਡੀਏਸ਼ਨ ਇਲਾਜ ਕਰਵਾਇਆ ਹੋਵੇ, ਨੂੰ ਹੋ ਸਕਦਾ ਹੈ।
ਡਾਇਗਨੋਸਿਸ: ਚਮੜੀ ਦੇ ਛੋਟੇ ਜਿਹੇ ਟੁਕੜੇ ਦੀ ਖ਼ੁਰਦਬੀਨੀ ਜਾਂਚ ਤੋਂ ਇਸ ਦਾ ਪਤਾ ਲਾਇਆ ਜਾਂਦਾ ਹੈ।
ਇਲਾਜ: ਸਰਜਰੀ, ਕਰਾਇਓਸਰਜਰੀ, ਮਾਇਕਰੋਸਰਜਰੀ, ਰੇਡੀਏਸ਼ਨ ਆਦਿ ਨਾਲ ਇਸ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ, ਜੋ ਆਮ ਕਰਕੇ ਪਲਾਸਟਿਕ ਸਰਜਨ ਕਰਦੇ ਹਨ।
ਬਚਾਅ: ਸ਼ੌਕੀਆ ਧੁੱਪ ਸੇਕਣਾ ਘਟਾ ਦੇਣਾ ਜਾਂ ਬੰਦ ਕਰਨ, ਧੁੱਪ ਵਿੱਚ ਕੰਮ ਕਰਨ ਵੇਲੇ ਸਨ ਸਕਰੀਨ ਦੀ ਵਰਤੋਂ ਕਰਨ, ਲੜਕੀਆਂ ਦੇ ਟੈਨਿੰਗ ਸੈਲੂਨ ਤੋਂ ਪ੍ਰਹੇਜ਼ ਕਰਨ ਅਤੇ ਜਦ ਵੀ ਸ਼ੱਕ ਪਵੇ ਕਿ ਚਮੜੀ ‘ਤੇ ਕੁਝ ਅਸਾਧਾਰਨ ਹੋ ਰਿਹਾ ਹੈ ਤਾਂ ਬਿਨਾਂ ਦੇਰੀ ਡਾਕਟਰ ਕੋਲੋਂ ਚੈਕ ਕਰਵਾਉਣ।
ਸਕੁਐਮਸ ਸੈੱਲ ਕਾਰਸੀਨੋਮਾ: ਚਮੜੀ ਦੇ ਬਾਹਰੀ ਜਾਂ ਉੱਪਰਲੇ ਸੈੱਲਾਂ ਨੂੰ ‘ਸਕੁਐਮਸ ਸੈੱਲ’ ਕਿਹਾ ਜਾਂਦਾ ਹੈ। ਇਹ ਪਤਲੇ ਤੇ ਖ਼ੁਰਦਬੀਨ ਵਿੱਚ ਮੱਛੀ ਦੇ ਚਾਨਿਆਂ ਵਰਗੇ ਦਿਸਦੇ ਹਨ। ਇਹ ਸੈੱਲ ਸਾਰੀ ਚਮੜੀ ਅਤੇ ਸਰੀਰ ਦੀਆਂ ਸਾਰੀਆਂ ਬਾਰੀਆਂ ‘ਤੇ ਹੁੰਦੇ ਹਨ। ਸੋ ਇਨ੍ਹਾਂ ਸਾਰੀਆਂ ਥਾਵਾਂ ‘ਤੇ ਉਤਪੰਨ ਹੋਣ ਵਾਲੇ ਕੈਂਸਰ ਸਕੁਐਮਸ ਸੈੱਲ ਕਾਰਸੀਨੋਮਾ ਕਿਸਮ ਦੇ ਹੀ ਹੁੰਦੇ ਹਨ।
ਧੁੱਪ ਜਾਂ ਅਲਟਰਾ ਵਾਇਲੈਟ ਕਿਰਨਾਂ ਤੋਂ ਇਲਾਵਾ, ਇਸ ਦੇ ਬਾਕੀ ਕਾਰਨ, ਕਾਲਖ਼ ਐਕਸ ਕਿਰਨਾਂ, ਪਾਈਪ ਸਮੋਕਿੰਗ, ਫ਼ੈਕਟਰੀਆਂ ਵਿੱਚ ਆਰਸੈਨਿਕ ਅਤੇ ਕੈਂਸਰੀ ਤੇਲ ਜੋ ਕਪੜਿਆਂ ਨੂੰ ਲਗ ਕੇ ਪੇਟ ਅਤੇ ਛਾਤੀ ਦੀ ਚਮੜੀ ‘ਤੇ ਪੁੱਜਦੇ ਹਨ, ਹਿਊਮਨ ਪੈਪੀਲੋਮਾ ਵਾਇਰਸ, ਸਰੀਰ ਨੂੰ ਨਿੱਘਾ ਰੱਖਣ ਵਾਸਤੇ ਕਸ਼ਮੀਰੀਆਂ ਦਵਾਰਾ ਵਰਤੀ ਜਾਣ ਵਾਲੀ ਕਾਂਗੜੀ ਜੋ ਪੇਟ ਜਾਂ ਪੱਟਾਂ ਦੀ ਚਮੜੀ ਦੇ ਨਾਲ ਲੱਗੀ ਰਹਿੰਦੀ ਹੈ, ਉਸ ਜਗ੍ਹਾਂ ‘ਤੇ ਇਸ ਕਿਸਮ ਦਾ ਕੈਂਸਰ ਪੈਦਾ ਕਰਦੀ ਹੈ। ਇਸ ਨੂੰ ‘ਕਾਂਗੜੀ ਕੈਂਸਰ’ ਕਿਹਾ ਜਾਂਦਾ ਹੈ।
ਵਹਿਮ: ਜਿੰਨੀ ਦੇਰ ਧੁੱਪ ਨਾਲ ਚਮੜੀ ਸੜ ਨਾ ਜਾਵੇ, ਉਨੀ ਦੇਰ ਕੈਂਸਰ ਦਾ ਕੋਈ ਖ਼ਤਰਾ ਨਹੀਂ।
ਸੱਚਾਈ: ਜਦ ਅਲਟਰਾ ਵਾਇਲੈਟ ‘ਏ’ ਅਤੇ ‘ਬੀ’ ਕਿਰਨਾਂ ਚਮੜੀ ਅੰਦਰ ਦਾਖ਼ਲ ਹੁੰਦੀਆਂ ਹਨ ਤਾਂ ਧੁੱਪ ਤੋਂ ਬਚਣ ਲਈ ਸਰੀਰ ਦੀ ਪ੍ਰਤੀਕ੍ਰਿਆ ਵਜੋਂ ਜ਼ਿਆਦਾ ਮੈਲਾਨਿਨ ਬਣਦੀ ਹੈ ਤੇ ਤੰਦਰੁਸਤ ਸੈਲਾਂ ਵਿੱਚ ਤਬਦੀਲੀਆਂ ਆਉਂਦੀਆਂ ਹਨ। ਅਲਟਰਾ ਵਾਇਲੈਟ ਕਿਰਨਾਂ ਦੇ ਦੁਬਾਰਾ ਦੁਬਾਰਾ ਹਮਲੇ, ਆਖ਼ਰ ਵਿੱਚ ਕੈਂਸਰ ਉਤਪੰਨ ਕਰ ਦਿੰਦੇ ਹਨ ਭਾਵੇਂ ਧੁੱਪ ਨਾਲ ਚਮੜੀ ਸੜੀ ਨਜ਼ਰ ਆਵੇ ਭਾਵੇਂ ਨਾ ।
ਵਹਿਮ: ਬੱਦਲਵਾਈ ਵਾਲੇ ਦਿਨਾਂ ਵਿੱਚ ਸਨ-ਸਕਰੀਨ ਦੀ ਕੋਈ ਲੋੜ ਨਹੀਂ।
ਸੱਚਾਈ: ਅਲਟਰਾ ਵਾਇਲੈਟ ਕਿਰਣਾਂ, ਨਜ਼ਰ ਨਹੀਂ ਆਉਂਦੀਆਂ। ਇਹ ਕਿਰਣਾਂ, ਬੱਦਲਾਂ ‘ਚੋਂ, ਰੇਤ ਉਤੋਂ, ਤੇ ਬਰਫ਼ ਤੋਂ ਰੀਫ਼ਲੈਕਟ ਹੋ ਜਾਂਦੀਆਂ ਹਨ, ਇਸ ਲਈ ਸਨ-ਸਕਰੀਨ ਦੀ ਹਮੇਸ਼ਾ ਹੀ ਵਰਤੋਂ ਕਰਨੀ ਲਾਹੇਵੰਦੀ ਹੈ।
ਵਹਿਮ: ਮੈਨੂੰ ਤਾਂ ਫ਼ਿਕਰ ਕਰਨ ਦੀ ਕੋਈ ਲੋੜ ਈ ਨਹੀਂ, ਚਮੜੀ ਦਾ ਕੈਂਸਰ ਸਿਰਫ਼ ਬੁੱਢਿਆਂ ਨੂੰ ਈ ਹੁੰਦੈ।
ਸੱਚਾਈ: ਐਸੀ ਕੋਈ ਗੱਲ ਨਹੀਂ, ਇਹ ਕੈਂਸਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਔਰਤਾਂ ਜਾਂ ਮਰਦਾਂ ‘ਚ, ਜਾਤ ਦਾ ਵੀ ਕੋਈ ਭੇਦ ਭਾਵ ਨਹੀਂ, ਕਿਸੇ ਨੂੰ ਵੀ ਹੋ ਸਕਦਾ ਹੈ।
ਡਾ. ਮਨਜੀਤ ਸਿੰਘ ਬੱਲ
98728- 43491