ਮੀਡੀਆ ਵਿੱਚ ਪ੍ਰਕਾਸ਼ਿਤ ਤੱਥ ਰਹਿਤ ਰਿਪੋਰਟਾਂ ਸਬੰਧੀ ਸਥਾਨਕ ਸਰਕਾਰਾਂ ਤੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਵੱਲੋਂ ਸਪੱਸ਼ਟੀਕਰਨ ਜਾਰੀ
ਚੰਡੀਗੜ੍ਹ : ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਆਪੋ-ਆਪਣੇ ਵਿਭਾਗਾਂ ਨਾਲ ਸਬੰਧਤ ਰਹੇ ਅਧਿਕਾਰੀਆਂ ਕ੍ਰਮਵਾਰ ਨਵਜੋਤ ਪਾਲ ਸਿੰਘ ਰੰਧਾਵਾ (ਸਾਬਕਾ ਡਾਇਰੈਕਟਰ, ਸੈਰ ਸਪਾਟਾ ਤੇ ਸੱਭਿਆਚਾਰਕ) ਅਤੇ ਰਾਜੇਸ਼ ਧੀਮਾਨ (ਕਮਿਸ਼ਨਰ, ਐਸ.ਏ.ਐਸ.ਨਗਰ) ਖਿਲਾਫ ਦੋ ਵੱਖ-ਵੱਖ ਮਾਮਲਿਆਂ ਵਿੱਚ ਵਿਭਾਗੀ ਕਰਵਾਈ ਕਰਨ ਸਬੰਧੀ ਕੀਤੀ ਸ਼ਿਕਾਇਤ ਦੇ ਮਾਮਲੇ ਵਿੱਚ ਸਬੰਧਤ ਵਿਭਾਗਾਂ ਵੱਲੋਂ ਕੋਈ ਠੋਸ ਲਿਖਤੀ ਕਾਰਵਾਈ ਨਾ ਕਰਨ ਸਬੰਧੀ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਪ੍ਰਕਾਸ਼ਿਤ ਖਬਰਾਂ ਸਬੰਧੀ ਦੋਵਾਂ ਵਿਭਾਗਾਂ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕਰਦਿਆਂ ਤੁਰੰਤ ਲਿਖਤੀ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਦੋਵਾਂ ਮਾਮਲਿਆਂ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਉਸੇ ਸਮੇਂ ਲਿਖਤੀ ਕਾਰਵਾਈ ਲਈ ਜਾਰੀ ਪੱਤਰਾਂ ਦੀ ਕਾਪੀ ਵੀ ਨਾਲ ਨੱਥੀ ਕੀਤੀ ਗਈ ਹੈ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੀਡੀਆ ਵਿੱਚ ਉਨ੍ਹਾਂ ਵੱਲੋਂ ਦਿੱਤੇ ਕਿਸੇ ਵੀ ਬਿਆਨ ਬਾਰੇ ਪਹਿਲਾਂ ਹੀ ਅਗਾਊਂ ਤੌਰ ‘ਤੇ ਦਫਤਰੀ ਲਿਖਤੀ ਤੌਰ ‘ਤੇ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਅਧਿਕਾਰੀਆਂ ਵੱਲੋਂ ਕੀਤੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਵੀ ਕਾਰਵਾਈ ਕਰਨ ਲਈ ਫੌਰੀ ਤੌਰ ‘ਤੇ ਲਿਖਿਆ ਗਿਆ।
ਸਰਕਾਰੀ ਬੁਲਾਰੇ ਨੇ ਪਹਿਲੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਵਿਭਾਗ ਦੇ ਸਾਬਕਾ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਵਿਰੁੱਧ ਸੀ.ਬੀ.ਆਈ. ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਪੱਤਰ ਦੀ ਕਾਪੀ ਪੰਜਾਬ ਦੇ ਡਾਇਰੈਕਟਰ, ਵਿਜੀਲੈਂਸ ਵਿਭਾਗ, ਸੀ.ਬੀ.ਆਈ. ਦੇ ਡਾਇਰੈਕਟਰ ਅਤੇ ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ, ਮੁੰਬਈ ਜ਼ੋਨਲ ਯੂਨਿਟ ਨੂੰ ਵੀ ਭੇਜੀ ਗਈ ਸੀ। 1 ਸਤੰਬਰ 2017 ਨੂੰ ਮੰਤਰੀ ਦੇ ਦਫਤਰ ਦੇ ਡਾਇਰੀ ਡਿਸਪੈਚ ਨੰਬਰ 324-26 (ਐਨ) ਰਾਹੀਂ ਲਿਖੇ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵੱਲੋਂ ਪ੍ਰਾਪਤ ਪੱਤਰ ਜੋ ਪੰਜਾਬ ਦੇ ਮੁੱਖ ਸਕੱਤਰ ਨੂੰ ਸੰਬੋਧਨ ਸੀ, ਵਿੱਚ ਦੱਸਿਆ ਗਿਆ ਕਿ ਤੱਤਕਾਲੀ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਅਹਿਮ ਐਂਟੀਕ ਵਸਤਾਂ ਨੂੰ ਵਿਜੇ ਨੰਦਾ ਨਾਲ ਮਿਲ ਕੇ ਕੌਮਾਂਤਰੀ ਮਾਰਕੀਟ ਵਿੱਚ ਵੇਚਿਆ ਗਿਆ। ਇਹ ਅਧਿਕਾਰੀ ਲੰਬਾ ਸਮਾਂ ਵਿਭਾਗ ਵਿੱਚ ਰਿਹਾ ਅਤੇ ਇਸ ਲਈ ਇਹ ਜਾਂਚ ਕਰਵਾਉਣੀ ਬਣਦੀ ਹੈ ਕਿ ਇਸ ਅਧਿਕਾਰੀ ਵੱਲੋਂ ਪੰਜਾਬ ਤੋਂ ਕਿੰਨੀਆਂ ਐਂਟੀਕ ਵਸਤਾਂ ਬਾਹਰ ਭੇਜੀਆਂ ਗਈਆਂ। ਇਹ ਇਕ ਗੰਭੀਰ ਮਾਮਲਾ ਹੈ ਅਤੇ ਅੰਤਰਰਾਸ਼ਟਰੀ ਐਂਟੀਕਸ ਦੀ ਸੇਲ ਸੀ.ਬੀ.ਆਈ. ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ, ਇਸ ਲਈ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ।
ਦੂਜੇ ਮਾਮਲੇ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਮਿਤੀ 04-01-2018 ਨੂੰ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਨੰਬਰ ਅੰ:ਵਿ:ਪੱ:ਨੰ: 13/5/2018-2ਸਸ 1/31 ਰਾਹੀਂ ਲਿਖ ਕੇ ਨਗਰ ਨਿਗਮ ਐਸ.ਏ.ਐਸ. ਨਗਰ ਵਿਖੇ ਟਰੀ ਪਰੂਨਿੰਗ (ਦਰੱਖਤ ਛਾਂਗਣ) ਮਸ਼ੀਨ ਦੀ ਖਰੀਦ ਵਿੱਚ ਹੋਈਆਂ ਬੇਨਿਯਮੀਆਂ ਕਰਨ ਕਰ ਕੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਨਗਰ ਨਿਗਮ ਐਸ.ਏ.ਐਸ. ਨਗਰ ਦੇ ਤੱਤਕਾਰੀ ਕਮਿਸ਼ਨਰ ਰਾਜੇਸ਼ ਧੀਮਾਨ, ਪੀ.ਸੀ.ਐਸ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਸ ਸਬੰਧੀ ਵਿਭਾਗ ਵੱਲੋਂ ਇਸ ਅਧਿਕਾਰੀ ਨੂੰ ਜਾਰੀ ਕੀਤੀ ਜਾਣ ਵਾਲੀ ਚਾਰਜਸ਼ੀਟ ਦਾ ਖਰੜਾ ਵੀ ਬਾਅਦ ਵਿੱਚ ਭੇਜਣ ਬਾਰੇ ਕਿਹਾ ਗਿਆ ਹੈ।