ਕਹਿਰ ਦੀ ਗਰਮੀ ਦੇ ਦਿਨਾਂ ‘ਚ ਦੁਪਹਿਰ ਦੀ ਚਾਹ ਪੀ ਕੇ ਲੋਕ ਫ਼ੇਰ ਸੱਥ ‘ਚ ਆ ਜੁੜੇ। ਸੀਤਾ ਮਰਾਸੀ ਸੱਥ ‘ਚ ਆਉਂਦਾ ਹੀ ਬਾਬੇ ਵਿਸਾਖਾ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਤੂੰ ਨ੍ਹੀ ਚਾਹ ਪੀਣ ਗਿਆ ਘਰੇ, ਕੁ ਪੀ ਕੇ ਆ ਵੀ ਗਿਐਂ?”
ਠੇਕੇਦਾਰਾਂ ਦਾ ਗੱਲ੍ਹੀ ਟਿੱਚਰ ‘ਚ ਕਹਿੰਦਾ, ”ਤੇਰੇ ਘਰਦਿਆਂ ਅਰਗੇ ਥੋੜ੍ਹੋ ਐ ਬਾਬੇ ਦੇ ਘਰਦੇ ਬਈ ਘਰੇ ਗਏ ਨੂੰ ਵੀ ਨ੍ਹੀ ਪੁੱਛਣੈ। ਬਾਬੇ ਦੇ ਪੋਤੇ ਐਥੇ ਪਿਆ ਕੇ ਗਏ ਚਾਹ ਦਾ ਭਰਿਆ ਵਿਆ ਡੋਲੂ।”
ਬੁੱਘਰ ਦਖਾਣ ਮਰਾਸੀ ਨੂੰ ਕਹਿੰਦਾ, ”ਐਡੀ ਛੇਤੀ ਕਿੱਥੋਂ ਆ ਗਿਆ ਬਾਬਾ ਘਰੋਂ ਜਾ ਕੇ। ਘਰ ਵੀ ਤਾਂ ਤੂੰ ਵੇਖ ਕਿੱਥੇ ਪਿਐ ਐ। ਹੋਅ ਰੱਬ ਦੀਆਂ ਜੜਾਂ ਚੈ। ਪਿੰਡ ਦੇ ਦੂਜੇ ਪਾਸੇ ਆਂਗੂੰ ਤਾਂ ਘਰ ਐ ਬਾਬੇ ਦਾ। ਨਾਲੇ ਇਹਦੇ ਕੋਲੇ ਕਿਹੜਾ ਬਾਬੇ ਨਾਨਕ ਆਲੀਆਂ ਖੜਾਮਾਂ ਬਈ ਪੈਰਾਂ ‘ਚ ਪਾਈਆਂ ਤੇ ਅੱਖਾਂ ਮੀਚੀਆਂ, ਪਹੁੰਚ ਗਿਆ ਜਿੱਥੇ ਪਹੁੰਚਣਾ ਹੋਵੇ। ਇਹ ਤਾਂ ਸੀਤਾ ਸਿਆਂ ਗਿਆ ਈ ਨ੍ਹੀ। ਹੁਣ ਤੂੰ ਵੀ ਇਉਂ ਕਰ, ਐਥੇ ਈ ਲਿਆਦੇ ਚਾਹ ਦਾ ਡੋਲੂ ਭਰ ਕੇ। ਨਾਲੇ ਜਿਹੜੇ ਦੂਜੇ ਨ੍ਹੀ ਘਰੇ ਗਏ ਉਹ ਪੀ ਲੈਣ ਗੇ ਘੁੱਟ ਘੁੱਟ।”
ਨਾਥਾ ਅਮਲੀ ਵੀ ਸੀਤੇ ਮਰਾਸੀ ‘ਤੇ ਈ ਢੇਰੀ ਹੋ ਗਿਆ। ਮਰਾਸੀ ਨੂੰ ਕਹਿੰਦਾ, ”ਬਾਬਾ ਕਿਤੇ ਮੀਰ ਤੇਰੇ ਅਰਗਾ ਕੋਹੜੀ ਐ ਬਈ ਢੁੱਚ ਢੁੱਚ ਕਰਦਾ ਤੁਰੂ। ਜੁਆਨੀ ਵੇਲੇ ਬਾਬਾ ਰੇਲ ਗੱਡੀ ਬਰਾਬਰ ਭਾਜ ਲਾਉਂਦਾ ਰਿਹੈ। ਐਥੋਂ ਜਿਉਂ ਭੱਜਣਾ ਪਿੰਡੋਂ ਰੇਲ ਗੱਡੀ ਨਾਲ, ਕੱਚੀ ਭੁੱਚੋ ਜਾ ਕੇ ਖੜ੍ਹਦਾ। ਜਦੋਂ ਓਧਰੋਂ ਗੱਡੀ ਨੇ ਆਉਣਾ ਤਾਂ ਓਧਰੋਂ ਫ਼ੇਰ ਚੱਕ ਦਿੰਦਾ ਸੀ ਸ਼ਪੀਟ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ਟੋਕ ਬੋਲਿਆ, ”ਆਹ ਜਿਹੜਾ ਕੱਚੀ ਭੁੱਚੋ ਜਾ ਕੇ ਖੜ੍ਹਦਾ ਸੀ, ਫ਼ੇਰ ਓਧਰੋਂ ਜਦੋਂ ਰੇਲ ਨੇ ਚੱਲਣਾ ਹੁੰਦਾ ਸੀ ਫ਼ੇਰ ਆਉਂਦਾ ਸੀ ਭੱਜ ਕੇ ਪਿੰਡ ਨੂੰ ਤੇ ਵਿਚਲਾ ਵੇਹਲਾ ਟੈਮ ਕਿੱਥੇ ਗੁਜ਼ਾਰਦਾ ਸੀ ਬਈ?”
ਪ੍ਰਤਾਪਾ ਭਾਊ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਕਿਉਂ ਯਾਰ ਨੰਬਰਦਾਰਾ ਚੱਲਦੀ ਗੱਲ ‘ਚ ਖੱਲ੍ਹਰ ਪਾਉਣੇ ਹੁੰਨੇ ਐਂ। ਅਗਲੇ ਦੀ ਗੱਲ ਤਾਂ ਪੂਰੀ ਹੋ ਲੈਣ ਦਿਆ ਕਰੋ। ਉਈਂ ਪਤੰਦਰੋ ਚੱਲਦੀ ਗੱਲ ‘ਚ ਹੋਰ ਈ ਚਕਚੂੰਦਰ ਛੱਡ ਦਿੰਨੇ ਐਂ ਜਿਮੇਂ ਭਈਆ ਪੱਠਿਆਂ ਦੀ ਪੰਡ ਲੈ ਕੇ ਨਾਨਕਾ ਮੇਲ ਨਾਲ ਭਰੀ ਵੀ ਟਰੈਲੀ ‘ਚ ਚੜ੍ਹ ਜਾਂਦਾ ਹੁੰਦੈ।”
ਸੂਬੇਦਾਰ ਰਤਨ ਸਿਉਂ ਸਾਰਿਆਂ ਨੂੰ ਚੁੱਪ ਕਰਾਉਂਦਾ ਨਾਥੇ ਅਮਲੀ ਨੂੰ ਕਹਿੰਦਾ, ”ਤੂੰ ਰੇਲ ਗੱਡੀ ਨਾਲ ਭਾਜ ਲਾਉਣ ਆਲੀ ਗੱਲ ਕਰ ਨਾਥਾ ਸਿਆਂ ਬਈ ਫ਼ੇਰ ਜਦੋਂ ਓਧਰੋਂ ਮੁੜਦਾ ਸੀ ਵਸਾਖਾ ਸਿਉਂ ਕਿਮੇਂ ਹੁੰਦੀ ਸੀ ਗੱਲ?”
ਅਮਲੀ ਗੱਲ ਸਣਾਉਣ ਨੂੰ ਫ਼ੇਰ ਹੋ ਗਿਆ ਪੰਜ ਪੌਣ ‘ਤੇ। ਸੂਬੇਦਾਰ ਰਤਨ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਫ਼ੇਰ ਅਗਲੀ ਗੱਲ ਫ਼ੌਜੀਆ। ਜਦੋਂ ਬਾਬਾ ਵਸਾਖਾ ਸਿਉਂ ਓਧਰੋਂ ਕੱਚੀ ਭੁੱਚੋ ਵਲੋਂ ਮੁੜਦਾ ਸੀ, ਕਈ ਵਾਰੀ ਤਾਂ ਰੇਲ ਗੱਡੀ ਦੇ ਨਾਲ ਭੱਜਿਆ ਆਉਂਦਾ ਡਲੈਵਰ ਨਾਲ ਗੱਲਾਂ ਕਰਦਾ ਕਰਦਾ ਆਪਣੇ ਪਿੰਡੋਂ ਵੀਹ ਪੱਚੀ ਕੋਹ ਗਾਹਾਂ ਈਂ ਨਿਕਲ ਜਾਂਦਾ ਸੀ। ਜਦੋਂ ਡਲੈਵਰ ਦੇ ਬਾਬੇ ਨੂੰ ਦੱਸਣਾ ਬਈ ਤੇਰਾ ਪਿੰਡ ਤਾਂ ਵਸਾਖਾ ਸਿਆਂ ਪਿੱਛੇ ਰਹਿ ਗਿਆ, ਬਾਬੇ ਨੇ ਫ਼ੇਰ ਮੁੜਨਾ ਓਧਰੋਂ।”
ਬੁੜ੍ਹਾ ਸੰਤੋਖਾ ਅਮਲੀ ਦਾ ਗੱਪ ਸੁਣ ਕੇ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਉਹ ਤਾਂ ਡਲੈਵਰ ਈ ਸਿਆਣਾ ਹੋਊ ਕੋਈ ਜਿਹੜਾ ਵਸਾਖਾ ਸਿਉਂ ਨੂੰ ਘਰ ਨੂੰ ਮੋੜ ਦਿੰਦਾ ਸੀ, ਨਹੀਂ ਤਾਂ ਜੇ ਕੋਈ ਆਪਣੇ ਪਿੰਡ ਆਲੇ ਤਾਂਗੇ ਆਲੇ ਧੰਨੇ ਅਰਗਾ ਹੁੰਦਾ ਤਾਂ ਉਹਨੇ ਓੱਥੋਂ ਤਕ ਨਾਲ ਈ ਲੈ ਕੇ ਜਾਣਾ ਸੀ ਜਿੱਥੋਂ ਤਕ ਗੱਡੀ ਨੇ ਜਾਣਾ ਹੁੰਦਾ ਸੀ।”
ਅਮਲੀ ਦੀ ਪੂਰੀ ਗੱਲ ਸੁਣ ਕੇ ਪ੍ਰਤਾਪੇ ਭਾਊ ਨੇ ਵੀ ਖੜਕਾਇਆ ਫ਼ਿਰ ਢੋਲ, ”ਮੈਂ ਤਾਂ ਅਮਲੀ ਦੇ ਗੱਪ ਤੋਂ ਹਰਾਨ ਆਂ ਬਈ ਐਡਾ ਗੱਪ।”
ਸੀਤਾ ਮਰਾਸੀ ਕਹਿੰਦਾ, ”ਇਹ ਗੱਪ ਨ੍ਹੀ ਭਾਊ, ਇਹਨੂੰ ਕਹਿੰਦੇ ਐ ਗਪੌੜ ਸੰਖ।”
ਬੁੜ੍ਹਾ ਸੰਤੋਖਾ ਕਹਿੰਦਾ, ”ਗੱਪ ਤੇ ਗਪੌੜ ਸੰਖ ‘ਚ ਫ਼ਰਕ ਹੂੰਦੈ ਮੀਰ?”
ਮਰਾਸੀ ਕਹਿੰਦਾ, ”ਜਿਹੜਾ ਗੱਪ ਨਾ ਮੰਨਣ ਆਲਾ ਹੋਵੇ ਉਹਨੂੰ ਗਪੌੜ ਸੰਖ ਕਹਿੰਦੇ ਹੁੰਦੇ ਐ। ਊਂ ਮੈਂ ਗਪੌੜ ਸੰਖ ਕਹਿ ਬੈਠਾਂ, ਹੈ ਤਾਂ ਇਹ ਗਪੌੜ ਸੰਖ ਤੋਂ ਵੀ ਕੋਈ ਵੱਡਾ ਪੁਰਜੈ। ਬਾਕੀ ਬਈ ਮੰਨਣ ਦੀ ਗੱਲ ਐ। ਜੇ ਅੱਜ ਨਾਥਾ ਸਿਉਂ ਦੀ ਗੱਲ ਨਾ ਮੰਨੋਂਗੇ ਤਾਂ ਕੱਲ੍ਹ ਨੂੰ ਇਹਨੇ ਕੋਈ ਗੱਲ ਈ ਨ੍ਹੀ ਸਣਾਉਣੀ, ਜਾਂ ਸੱਥ ਚੀ ਈ ਨ੍ਹੀ ਆਉਣਾ। ਹੁਣ ਫੈਸਲਾ ਤੁਸੀਂ ਆਪ ਕਰ ਲੋ ਬਈ ਗਪੌੜ ਮੰਨਣੈਂ ਕੁ ਗੱਪ ਕਹਿ ਕੇ ਸਾਰਨੈ?”
ਬੁੱਘਰ ਦਖਾਣ ਕਹਿੰਦਾ, ”ਆਹ ਇੱਕ ਗੱਲ ਤਾਏ ਸੰਤੋਖੇ ਨੇ ਵੀ ਕੀਤੀ ਸੀ ਆਪਣੇ ਪਿੰਡ ਆਲੇ ਤਾਂਗੇ ਆਲੇ ਧੰਨੇ ਦੀ। ਉਹ ਗੱਲ ਪਤੰਦਰੋ ਤੁਸੀਂ ਗੋਹਿਆਂ ਦੀ ਲੜਾਈ ਚੀ ਕੱਢ ‘ਤੀ। ਤਾਏ ਸੰਤੋਖ ਸਿਉਂ ਤੋਂ ਉਹ ਵੀ ਸੁਣ ਲੋ ਬਈ ਕਿਮੇਂ ਸੀ। ਇਉਂ ਨਾ ਯਾਰ ਕਰਿਆ ਕਰੋ। ਸਭ ਦੀ ਸੁਣਿਆਂ ਕਰੋ। ਕਈ ਵਾਰੀ ਕੋਈ ਕੰਮ ਦੀ ਗੱਲ ਵੀ ਹੁੰਦੀ ਐ। ਜਦੋਂ ਵੇਲਾ ਨੰਘ ਜਾਂਦੈ ਫ਼ੇਰ ਗੱਲ ਪੁੱਛਣ ਦੇ ਮਾਰੇ ਅਗਲੇ ਦੇ ਘਰੇ ਤੁਰੇ ਫ਼ਿਰਦੇ ਹੁੰਨੇ ਐਂ। ਹਾਂ ਬਈ ਤਾਇਆ ਸੰਤੋਖ ਸਿਆਂ! ਤਾਂਗੇ ਆਲੇ ਧੰਨੇ ਦੀ ਸਣਾ ਗੱਲ, ਉਹ ਕਿਮੇਂ ਐ?”
ਸੂਬੇਦਾਰ ਰਤਨ ਸਿਉਂ ਹੱਸ ਕੇ ਟਿੱਚਰ ‘ਚ ਕਹਿੰਦਾ, ”ਅੱਜ ਤਾਂ ਫ਼ਿਰ ਗੱਪਾਂ ਦੀ ਭੇਟ ਚੜ੍ਹਦੀ ਲੱਗਦੀ ਐ ਸੱਥ। ਬਈ ਮੇਰੀ ਗੱਲ ਸੁਣੋ। ਮੈਂ ਜਾਣਾ ਕੱਲ੍ਹ ਨੂੰ ਫ਼ੌਜੀ ਕੰਨਟੀਨ ‘ਚ ਰੰਬ ਦੀਆਂ ਬੋਤਲਾਂ ਲੈਣ, ਜਿਹੜਾ ਅੱਜ ਦੀ ਸੱਥ ‘ਚ ਸਭ ਤੋਂ ਵੱਡਾ ਗਪੌੜ ਸਿਉਂ ਮਾਰੂ ਉਹਨੂੰ ਇੱਕ ਬੋਤਲ ਰੰਬ ਦੀ ਦੇਊਂ।”
ਬੁੜ੍ਹਾ ਸੰਤੋਖਾ ਕਹਿੰਦਾ, ”ਵੱਡੇ ਛੋਟੇ ਗੱਪ ਦਾ ਫੈਸਲਾ ਕਰੂ ਕੌਣ?”
ਜਰਨੈਲ ਮਾਸਟਰ ਕਹਿੰਦਾ, ”ਫ਼ੌਜੀ ਆਪ ਈ ਕਰਦੇ ਜੀਹਨੇ ਰੰਬ ਦੀ ਬੋਤਲ ਨਾਲ ਸਨਮਾਨਣੈ ਗਪੌੜੀ ਨੂੰ।”
ਨਾਥਾ ਅਮਲੀ ਕਹਿੰਦਾ, ”ਇਹਨੇ ਤਾਂ ਬੋਤਲ ਦੇਣ ਦੇ ਮਾਰੇ ਨੇ ਕਹਿ ਕੇ ਉਠ ਜਾਣੈ, ਨਹੀਂ ਬਈ! ਮੈਨੂੰ ਤਾਂ ਕਿਸੇ ਦਾ ਗੱਪ ਕੋਈ ਬਹੁਤਾ ਵੱਡਾ ਨ੍ਹੀ ਲੱਗਿਆ, ਜੇ ਸੋਨੂੰ ਕਿਸੇ ਨੂੰ ਲੱਗਦੈ ਤਾਂ ਤੁਸੀਂ ਬੋਤਲ ਦਿਉ। ਇਹਨੇ ਤਾਂ ਤਾਇਆ ਸੰਤੋਖ ਸਿਆਂ ਆਹ ਮੋਰੀ ਨਿੱਕਲ ਜਾਣੈ।”
ਸੀਤਾ ਮਰਾਸੀ ਬੁੜ੍ਹੇ ਸੰਤੋਖ ਸਿਉਂ ਨੂੰ ਕਹਿੰਦਾ, ”ਤੂੰ ਸਣਾ ਤਾਇਆ ਤਾਂਗੇ ਆਲੇ ਧੰਨੇ ਦੀ ਗੱਲ। ਉੱਤੋਂ ਦਿਨ ਛਿਪਦਾ ਜਾਂਦੈ, ਹੋਰ ਨਾ ਕਿਤੇ ਆਪਣੇ ਤਾਂਗੇ ਆਲੇ ਧੰਨੇ ਦੀ ਗੱਲ ਵਿੱਚੇ ਈਂ ਰਹਿ ਜੇ। ਚੱਕ ਦੇ ਰੇਸ, ਪਾ ਦੇ ਟਾਪ ਗੇਅਰ।”
ਨਾਥਾ ਅਮਲੀ ਵੀ ਬੁੜ੍ਹੇ ਸੰਤੋਖੇ ਵੱਲ ਕੋਇਆਂ ਵਿੱਚ ਦੀ ਝਾਕ ਕੇ ਬੋਲਿਆ, ”ਮਾਰ ਦੇ ਫ਼ੇਰ ਸੈਲਫ਼ ਹੁਣ।”
ਸੰਤੋਖਾ ਬੁੜ੍ਹਾ ਕਹਿੰਦਾ, ”ਉਹਦੀ ਵਚਾਰੇ ਦੀ ਕੀ ਗੱਲ ਕਰਨੀ ਐਂ ਧੰਨੇ ਦੀ।”
ਬੁੱਘਰ ਦਖਾਣ ਕਹਿੰਦਾ, ”ਆਪੇ ਤਾਂ ਤਾਇਆ ਤੂੰ ਧੰਨੇ ਦੀ ਗੱਲ ਛੇੜੀ ਐ, ਆਪੇ ਈ ਹੁਣ ਗੱਲ ਨੂੰ ਇਉਂ ਢਕਣ ਲੱਗਿਆ ਪਿਐਂ ਜਿਮੇਂ ਕੂੰਡੇ ‘ਚ ਗੰਢਿਆਂ ਤੇ ਲਾਲ ਮਿਰਚਾਂ ਦੀ ਚਟਣੀ ਰਗੜ ਕੇ ਕੂੰਡਾ ਰੋਟੀਆਂ ਆਲੇ ਛਾਬੇ ਨਾਲ ਢਕੀ ਦਾ ਹੁੰਦੈ। ਪਾ ਦੇ ਬਲਦ ਮੂਤਣੇ। ਸੰਗਣ ਸੰਗਾਉਣ ਦੀ ਕਿਹੜੀ ਲੋੜ ਐ। ਹੋ ਜਾ ਪੰਜ ਪੌਣ ‘ਤੇ।”
ਬੁੱਘਣ ਦਖਾਣ ਦੀ ਦਿੱਤੀ ਪਾਨ ਸੁਣ ਕੇ ਸੰਤੋਖਾ ਬੁੜ੍ਹਾ ਕਹਿੰਦਾ, ”ਤਾਂਗੇ ਆਲੇ ਧੰਨੇ ਕੀ ਗੱਲ ਹੋਣੀ ਸੀ ਯਰ। ਉਹਦੇ ਤਾਂਗੇ ਨਾਲ ਵੀ ਇੱਕ ਫ਼ੌਜੀ ਭੱਜਿਆ ਕਰਦਾ ਸੀ। ਨਾਲੇ ਤਾਂ ਫ਼ੌਜੀ ਨੇ ਧੰਨੇ ਨਾਲ ਗੱਲਾਂ ਕਰਦੇ ਜਾਣਾ, ਨਾਲੇ ਅਗਲੇ ਪਿੰਡ ਤਕ ਭੱਜੇ ਜਾਣਾ। ਓੱਧਰੋਂ ਫ਼ੇਰ ਇਉਂ ਈ ਕਰਨਾ।”
ਰੇਸ਼ਮ ਕੇ ਗੀਸੇ ਨੇ ਸੰਤੋਖੇ ਬੁੜ੍ਹੇ ਨੂੰ ਪੁੱਛਿਆ, ”ਫ਼ੌਜੀ ਕਿੱਥੋਂ ਦਾ ਸੀ ਤਾਇਆ ਉਹੋ?”
ਸੰਤੋਖਾ ਬੁੜ੍ਹਾ ਕਹਿੰਦਾ, ”ਇਉਂ ਤਾਂ ਪਤਾ ਨ੍ਹੀ, ਪਰ ਉਹ ਐਧਰੋਂ ਕਿਤੋਂ ਭੱਜਿਆ ਆਉਂਦਾ, ਆ ਕੇ ਆਪਣੇ ਪਿੰਡ ਦੇ ਓੱਧਰਲੇ ਬੱਸ ਅੱਡੇ ‘ਤੇ ਖੜ੍ਹ ਜਾਂਦਾ, ਜਦੋਂ ਧੰਨੇ ਨੇ ਸਵਾਰੀਆਂ ਲੈ ਕੇ ਤੁਰਨਾ, ਨਾਲ ਈ ਫ਼ੌਜੀ ਨੇ ਭੱਜ ਲੈਣਾ। ਸਾਰੇ ਰਾਹ ਧੰਨੇ ਤੇ ਫ਼ੌਜੀ ਨੇ ਐਧਰਲੀਆਂ ਓਧਰਲੀਆਂ ਮਾਰਦੇ ਜਾਣਾ। ਏਮੇਂ ਈ ਓਧਰੋਂ ਉੱਘ ਦੀਆਂ ਪਤਾਲ ਮਾਰਦੇ ਆਉਣਾ। ਇੱਕ ਦਿਨ ਆਪਣੇ ਗੁਆੜ ਆਲੇ ਬਾਬੇ ਬਿਸ਼ਨੇ ਕੇ ਕਿਤੇ ਧੰਨੇ ਨੂੰ ਦਿੜ੍ਹਬੇ ਨਾਨਕ ਛੱਕ ਲੈ ਗੇ। ਬਿਸ਼ਨੇ ਕੇ ਕਾਹਲੀ ਕਰਨ। ਧੰਨੇ ਨੂੰ ਕਹਿਣ ਬਈ ਛੇਤੀ ਚੱਲੀਏ। ਧੰਨੇ ਦੇ ਮਨ ‘ਚ ਸੀ ਬਈ ਅੱਗੇ ਫ਼ੌਜੀ ਨਿੱਤ ਈ ਘੋੜੀ ਨੂੰ ਡਰਾਉਂਦਾ ਰਹਿੰਦਾ ਸੀ, ਅੱਜ ਦਖਾਊਂ ਫ਼ੌਜੀ ਨੂੰ ਸ਼ਾਹਕੋਟ ਮਲਸੀਆਂ ਦਾ ਟੇਸ਼ਨ। ਜਿਹੜੇ ਟੈਮ ਫ਼ੌਜੀ ਆਉਂਦਾ ਹੁੰਦਾ ਸੀ ਤਾਂਗੇ ਨਾਲ ਭਾਜ ਕਰਨ, ਓਸ ਟੈਮ ਧੰਨਾ ਵੀ ਬਿਸ਼ਨੇ ਕਿਆਂ ਦੇ ਸਾਰੇ ਟੱਬਰ ਨੂੰ ਤਾਂਗੇ ‘ਚ ਲੱਦ ਤੁਰਿਆ। ਜਦੋਂ ਤਾਂਗਾ ਪਰਲੇ ਅੱਡੇ ਕੋਲ ਦੀ ਦਿੜ੍ਹਬੇ ਨੂੰ ਚੱਲਿਆ ਤਾਂ ਤਾਂਗੇ ਨੂੰ ‘ਡੀਕੀ ਜਾਂਦੇ ਫ਼ੌਜੀ ਦੇ ਕੋਲੇ ਜਾ ਕੇ ਧੰਨੇ ਨੇ ਫ਼ੌਜੀ ਨੂੰ ਵਾਜ ਦਿੱਤੀ ‘ਚੱਲ ਬਈ ਫ਼ੌਜੀਆ, ਵਖਾਈਏ ਤੈਨੂੰ ਚਤੌੜਗੜ੍ਹ ਦਾ ਕਿਲ੍ਹਾ’। ਤਾਂਗਾ ਵੀ ਚੱਲ ਪਿਆ ਨਾਨਕੇ ਮੇਲ ਨੂੰ ਲੈ ਕੇ ਤੇ ਫ਼ੌਜੀ ਨੇ ਵੀ ਪੱਟ ‘ਤੀ ਸ਼ਪੀਟ। ਧੰਨਾ ਤੇ ਫ਼ੋਜੀ ਲੱਗ ਗੇ ਗੱਲਾਂ ਕਰਨ। ਧੰਨੇ ਦੇ ਮਨ ‘ਚ ਮੈਲ ਸੀ ਬਈ ਅੱਜ ਫ਼ੌਜੀ ਨੂੰ ਮੁੜਨ ਨ੍ਹੀ ਦੇਣਾ। ਧੰਨਾ ਤਾਂਗਾ ਭਜਾਈ ਗਿਆ ਭਜਾਈ ਗਿਆ, ਉਹ ਤਾਂ ਭਾਈ ਨਾਨਕੇ ਮੇਲ ਨੂੰ ਲੈ ਕੇ ਦਿੜ੍ਹਬੇ ਪਹੁੰਚ ਗਿਆ। ਜਦੋਂ ਨਾਨਕਾ ਮੇਲ ਵਿਆਹ ਆਲੇ ਘਰੇ ਉਤਰਿਆ ਤਾਂ ਫ਼ੌਜੀ ਨੇ ਵੇਖਿਆ ਬਈ ਅੱਜ ਤਾਂ ਇਹ ਤਾਂਗੇ ਆਲਾ ਬਹੁਤੀ ਦੂਰ ਲੈ ਆਇਆ। ਹੁਣ ਕਿਮੇਂ ਮੁੜੂੰਗਾ, ਤਾਂ ਫ਼ੌਜੀ ਧੰਨੇ ਨਾਲ ਲੜ ਪਿਆ ਬਈ ਤੂੰ ਮੈਨੂੰ ਦੱਸਿਆ ਕਿਉਂ ਨ੍ਹੀ ਬਈ ਮੈਂ ਐਡੀ ਦੂਰ ਜਾਣੈ। ਧੰਨਾ ਕਹੇ ਮੇਰੀ ਕਿਹੜਾ ਤੇਰੇ ਨਾਲ ਕੋਈ ਗੱਲ ਕਾਰਮੀ ਵੀ ਸੀ ਬਈ ਮੈਂ ਢਾਈ ਤਿੰਨ ਕੋਹ ਤੋਂ ਈ ਮੁੜਨੈ। ਮੈਂ ਤਾਂ ਭਾੜਾ ਢੋਣ ਆਲਾ ਬੰਦਾਂ, ਕਿਤੋਂ ਦੀਆਂ ਵੀ ਸਵਾਰੀਆਂ ਮਿਲ ਸਕਦੀ ਐਂ। ਜਦੋਂ ਮੈਂ ਢਾਈ ਤਿੰਨ ਕੋਹ ਤੋਂ ਮੁੜਦਾ ਹੁੰਦਾ ਸੀ ਉਦੋਂ ਕਿਹੜਾ ਤੂੰ ਮੈਨੂੰ ਪੁੱਛਦਾ ਹੁੰਦਾ ਸੀ ਬਈ ਕਿੱਥੋਂ ਕੁ ਤਕ ਜਾਣੈ। ਹੁਣ ਤੇਰੇ ਉਈਂ ਭਰਿੰਡਾਂ ਲੜਗੀਆਂ ਜੇ ਦੋ ਕੋਹ ਗਾਹਾਂ ਆ ਗੇ ਕੱਲ੍ਹ ਨਾਲੋਂ। ਅਕੇ ਫ਼ੌਜੀ ਕਹੇ ਐਡੇ ਐਡੇ ਹੁੰਦੇ ਐ ਦੋ ਕੋਹ। ਫ਼ੌਜੀ ਤੇ ਧੰਨਾ ਵਿਆਹ ਆਲੇ ਘਰੇ ਜਾ ਕੇ ਜੱਫ਼ਮ ਜੱਫੀ। ਓਧਰੋਂ ਕਿਤੇ ਵਿਆਹ ਆਲਾ ਸਾਰਾ ਲੁੰਗ ਲਾਣਾ ਬਾਹਰ ਆ ਗਿਆ। ਰੌਲਾ ਸੁਣ ਕੇ ਉਨ੍ਹਾਂ ਨੇ ਫ਼ੌਜੀ ਢਾਹ ਲਿਆ ਕਿਸੇ ਨੇ ਪਿੰਡ ਦੇ ਸਪੀਕਰ ‘ਚ ਬਲਾ ‘ਤਾ ਬਈ ਨਰੰਜਨ ਸਿਉਂ ਠੇਕੇਦਾਰਾਂ ਦੇ ਵਿਆਹ ‘ਚ ਕੋਈ ਲੁੱਟਣ ਆਲਾ ਆ ਗਿਆ ਤੇ ਉਹ ਉਨ੍ਹਾਂ ਨੇ ਫ਼ੜ ਲਿਆ। ਸਾਰੇ ਜਣੇ ਉਨ੍ਹਾਂ ਦੇ ਘਰੇ ਪਹੁੰਚੋ। ਸਾਰਾ ਪਿੰਡ ਵਿਆਹ ਆਲੇ ਘਰੇ ਟਿੱਡੀ ਦਲ ਆਂਗੂੰ ਆ ਉਤਰਿਆ। ਪਿੰਡ ਆਲਿਆਂ ਨੇ ਨੇ ਫ਼ੌਜੀ ਦੇ ਲਾਈ ਦੁੜਮੜੀ ਫ਼ਿਰ। ਇਉਂ ਧੰਨੇ ਨੇ ਕੀਤੀ ਫ਼ੌਜੀ ਨਾਲ। ਆਹ ਗੱਲ ਐ ਧੰਨੇ ਦੀ।”
ਜਰਨੈਲ ਮਾਸਟਰ ਕਹਿੰਦਾ, ”ਫ਼ੌਜੀ ਕਾਹਨੂੰ ਸੀ ਬੁੜ੍ਹਿਆ ਉਹੋ। ਉਹ ਤਾਂ ਉਈਂ ਸੀ ਕੋਈ। ਫ਼ੌਜੀ ਨੂੰ ਐਨੀ ਛੁੱਟੀ ਕਿੱਥੇ ਹੁੰਦੀ ਐ ਬਈ ਉਹ ਪਿੰਡ ਆ ਕੇ ਦੌੜ ਲਾਵੇ। ਆਪਣੇ ਲੋਕਾਂ ਨੇ ਸਮਝਿਆ ਬਈ ਕਿਤੇ ਫ਼ੌਜੀ ਐ।”
ਏਨੇ ਚਿਰ ਨੂੰ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਗੁਰਦੁਆਰਾ ਸਾਹਿਬ ਦੀ ਗੋਲਕ ‘ਚੋਂ ਕੋਈ ਪੈਸੇ ਕੱਢਦਾ ਫ਼ੜਿਆ ਗਿਆ। ਸਾਰੇ ਪਿੰਡ ਆਲੇ ਗੁਰੂ ਘਰ ਪਹੁੰਚੋ। ਹੋਕਾ ਸੁਣ ਕੇ ਸਾਰੀ ਸੱਥ ਵੀ ਉੱਠ ਕੇ ਧੰਨੇ ਤੇ ਨਾਲ ਭੱਜਣ ਆਲੇ ਬੰਦੇ ਦੀਆਂ ਗੱਲਾਂ ਕਰਦੇ ਗੁਰੂ ਘਰ ਨੂੰ ਚੱਲ ਪਏ।