ਝਬਾਲ/ਬੀੜ ਸਾਹਿਬ – ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਸੈਂਕੜੇ ਸਿੰਘ ਸ੍ਰੀ ਮੁਕਤਸਰ ਸਾਹਿਬ ਲਈ ਕਸਬਾ ਗੱਗੋਬੂਹਾ ਤੋਂ ਰਵਾਨਾ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ‘ਤੇ 14 ਜਨਵਰੀ ਨੂੰ ਮਾਘੀ ਮੌਕੇ ਸਿਆਸੀ ਕਾਨਫਰੰਸਾਂ ਨਾ ਕਰਨ ਦੇਣ ਲਈ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੂੰ 3 ਜਨਵਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਬੇਸ਼ੱਕ ਸੱਤਾ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਸਟੇਜਾਂ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਆਸੀ ਸਟੇਜਾਂ ਲਾਉਣ ਲਈ ਬਾਜ਼ਿੱਦ ਹਨ।
ਆਗੂਆਂ ਨੇ ਕਿਹਾ ਕਿ ਸਤਿਕਾਰ ਕਮੇਟੀ ਵੱਲੋਂ ਉਕਤ ਸਿਆਸੀ ਦਲਾਂ ਦੀਆਂ ਕਾਨਫਰੰਸਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਜੇਕਰ ਇਸ ਦਰਮਿਆਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਜ਼ਿਲਾ ਪ੍ਰਸ਼ਾਸਨ ਮੁਕਤਸਰ ਸਾਹਿਬ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਭਾਈ ਤਰਲੋਚਨ ਸਿੰਘ ਸੋਹਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਸਰੂਪ ਸਿੰਘ ਭੁੱਚਰ ਤੋਂ ਇਲਾਵਾ ਭਾਈ ਦਿਲਬਾਗ ਸਿੰਘ ਐਮਾਂ, ਭਾਈ ਸਤਨਾਮ ਸਿੰਘ ਸੋਹਲ, ਭਾਈ ਪ੍ਰਭਜੀਤ ਸਿੰਘ ਝਬਾਲ, ਭਾਈ ਸੁਖਜਿੰਦਰ ਸਿੰਘ, ਬੀਬੀ ਬਲਵਿੰਦਰ ਕੌਰ ਵੈਰੋਵਾਲ, ਗੁਰਸੇਵਕ ਸਿੰਘ ਪੱਧਰੀ, ਭਾਈ ਗੁਰਨੂਰ ਸਿੰਘ ਬੱਚੀਵਿੰਡ, ਭਾਈ ਰਣਜੀਤ ਸਿੰਘ ਉਦੋਕੇ, ਭਾਈ ਨਾਨਕ ਸਿੰਘ ਕਸੇਲ, ਭਾਈ ਸੁਖਵਿੰਦਰ ਸਿੰਘ ਝਬਾਲ, ਭਾਈ ਬਲਵਿੰਦਰ ਸਿੰਘ ਨੂਰਦੀ, ਭਾਈ ਪ੍ਰਗਟ ਸਿੰਘ ਠਰੂ ਤੇ ਭਾਈ ਕੁਲਵੰਤ ਸਿੰਘ ਜੀਉਬਾਲਾ ਆਦਿ ਮੌਜੂਦ ਸਨ।