ਕਾਬੁਲ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰਤੀ ਦੂਤਘਰ ਦੇ ਕੰਪਲੈਕਸ ਵਿਚ ਸੋਮਵਾਰ ਰਾਤ ਨੂੰ ਇਕ ਰਾਕੇਟ ਡਿੱਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਸਾਰੇ ਭਾਰਤੀ ਸੁਰੱਖਿਅਤ ਹਨ। ਉਥੇ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਘਟਨਾ ਵਿਚ ਕੋਈ ਅੱਗ ਨਹੀਂ ਲੱਗੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਉਨ੍ਹਾਂ ਨੇ ਟਵੀਟ ਕੀਤਾ, ‘ਕਾਬੁਲ ਵਿਚ ਸਾਡੇ ਦੂਤਘਰ ਦੇ ਕੰਪਲੈਕਸ ਵਿਚ ਕੁੱਝ ਸਮੇਂ ਪਹਿਲਾਂ ਇਕ ਰਾਕੇਟ ਆ ਕੇ ਡਿੱਗਿਆ, ਜਿਸ ਨਾਲ ਦੂਤਘਰ ਕੰਪਲੈਕਸ ਦੇ ਪਿਛੇ ਵਾਲੇ ਹਿੱਸੇ ਵਿਚ ਇਮਾਰਤ ਨੂੰ ਥੋੜ੍ਹਾ ਨੁਕਸਾਨ ਹੋਇਆ।’ ਇਹ ਅਜੇ ਸਪਸ਼ਟ ਨਹੀਂ ਹੈ ਕਿ ਹਮਲੇ ਵਿਚ ਭਾਰਤੀ ਦੂਤਘਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਅਫਗਾਨਿਸਤਾਨ ਦੀ ਰਾਜਧਾਨੀ ਦੇ ਉਚ ਸੁਰੱਖਿਆ ਵਾਲੇ ਡਿਪਲੋਮੈਟ ਖੇਤਰ ਵਿਚ ਸਥਿਤ ਹੈ।