ਨਵੀਂ ਦਿੱਲੀ— ਚੀਨ ਦੀ ਫੌਜ ਪੀਪਲਜ਼ ਲਿਬਰੇਸ਼ਨ ਆਫ ਆਰਮੀ ਨੇ ਡੋਕਲਾਮ ਨੇੜਲੇ ਇਲਾਕੇ ਵਿਚ ਫਿਰ ਤੋਂ ਆਪਣੀ ਹਲਚਲ ਸ਼ੁਰੂ ਕਰ ਦਿੱਤੀ ਹੈ। ਭਾਰਤੀ ਫੌਜ ਨੇ ਇਹ ਖੁਫੀਆ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਡੋਕਲਾਮ ਨੇੜਲੇ ਸਰਹੱਦੀ ਇਲਾਕੇ ਵਿਚ ਚੀਨ ਦੀ ਫੌਜ ਵਲੋਂ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਨਵੇਂ ਤਰ੍ਹਾਂ ਦੀ ਸੁਰੱਖਿਆ ਦੀਵਾਰ ਬਣਾਈ ਜਾ ਰਹੀ ਹੈ। ਚੀਨ ਦੀ ਫੌਜ ਆਪਣੇ ਮੋਹਰੀ ਦਸਤਿਆਂ ਲਈ ਇਕ ਖਾਸ ਤਰ੍ਹਾਂ ਦੀ ਦੀਵਾਰ ਬਣਾਉਣ ਦਾ ਕੰਮ ਕਰ ਰਹੀ ਹੈ। ਇਕ ਸਮਾਚਾਰ ਚੈਨਲ ਦੇ ਹੱਥ ਲੱਗੇ ਖਾਸ ਦਸਤਾਵੇਜ਼ ਵਿਚ ਇਸ ਨਿਰਮਾਣ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।