ਲਖਨਊ— ਉੱਤਰ ਪ੍ਰਦੇਸ਼ ਦੇ ਲਖਨਊ ‘ਚ ਤ੍ਰਿਵੇਣੀਨਗਰ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਬਹੁਤ ਦਿਲ-ਦਹਿਲਾਉਣ ਵਾਲਾ ਹੈ। ਸਕੂਲ ‘ਚ ਪੜ੍ਹ ਰਹੀ ਇਕ ਵਿਦਿਆਰਥਣ ਨੇ ਪਹਿਲੀ ਕਲਾਸ ਦੇ ਬੱਚੇ ਨੂੰ ਬਾਥਰੂਮ ‘ਚ ਬੰਦੀ ਬਣਾ ਕੇ ਚਾਕੂ ਨਾਲ ਕਈ ਵਾਰ ਕੀਤੇ। ਬੱਚਾ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਹੈ। ਪੁਲਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੀ.ਐੈੱਮ. ਯੋਗੀ ਜਾਣਗੇ ਪਤਾ ਲੈਣ
ਜ਼ਖਮੀ ਬੱਚਾ ਰਿਤਿਕ ਨੂੰ ਦੇਖਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਸਪਤਾਲ ਪਹੁੰਚਣਗੇ। ਸੀ.ਐੈੱਮ. ਨੇ ਪੁਲਸ ਨੂੰ ਕਿਹਾ ਕਿ ਇਸ ਮਾਮਲੇ ਦੇ ਅਪਡੇਟ ਨਾਲ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ। ਬੱਚੇ ਦੇ ਮਾਤਾ-ਪਿਤਾ ਘਟਨਾ ਤੋਂ ਬਾਅਦ ਬਹੁਤ ਪਰੇਸ਼ਾਨ ਹਨ ਅਤੇ ਆਪਣੇ ਜ਼ਖਮੀ ਬੱਚੇ ਰਿਤਿਕ ਦੀ ਦੇਖਭਾਲ ‘ਚ ਲੱਗੇ ਹਨ।
ਬੱਚੇ ਨੇ ਹਮਲੇ ਬਾਰੇ ਕੀਤਾ ਖੁਲਾਸਾ
ਜ਼ਖਮੀ ਰਿਤਿਕ ਨੇ ਹੋਸ਼ ‘ਚ ਆਉਣ ਤੋਂ ਬਾਅਦ ਦੱਸਿਆ ਕਿ ਸਕੂਲ ਦੀ ‘ਇਕ ਦੀਦੀ’ ਪਹਿਲਾਂ ਉਸ ਨੂੰ ਬਾਥਰੂਮ ‘ਚ ਲੈ ਕੇ ਗਈ ਅਤੇ ਫਿਰ ਉਸ ਦੇ ਮੂੰਹ ‘ਚ ਕੱਪੜਾ ਧੱਕ ਦਿੱਤਾ। ਉਸ ਤੋਂ ਬਾਅਦ ਉਸ ਦੇ ਦੋਵੇਂ ਹੱਥ ਪਿੱਛੇ ਨੂੰ ਬੰਨ੍ਹ ਦਿੱਤੇ ਅਤੇ ਫਿਰ ਚਾਕੂ ਨਾਲ ਉਸ ਦੇ 4 ਵਾਰ ਕੀਤੇ। ਹਮਲੇ ਨਾਲ ਤੜਫਦਾ ਬੱਚਾ ਫਰਸ਼ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਵਿਦਿਆਰਥਣ ਉਸ ਸਥਾਨ ਤੋਂ ਭੱਜ ਗਈ।
7ਵੀਂ ਕਲਾਸ ਦੀ ਵਿਦਿਆਰਥਣ ‘ਤੇ ਸ਼ੱਕ
ਬੱਚੇ ਨੇ ਦੱਸਿਆ ਕਿ ਹਮਲਾ ਕਰਨ ਵਾਲੀ ਲੜਕੀ ਜੂਨੀਅਰ ਸੈਕਸ਼ਨ ਵਾਲੀ ਯੂਨੀਫਾਰਮ ‘ਚ ਸੀ। ਉਸ ਨੇ ਸਕਰਟ ਅਤੇ ਬਲੇਜ਼ਰ ਪਾਇਆ ਹੋਇਆ ਸੀ ਅਤੇ ਉਸ ਦੇ ਵਾਲ ਛੋਟੇ ਸਨ। ਇਸ ਹੁਲੀਏ ਦੇ ਆਧਾਰ ‘ਤੇ ਇਕ ਵਿਦਿਆਰਥਣ ਨੂੰ ਟ੍ਰੇਸ ਕੀਤਾ ਗਿਆ ਹੈ, ਜਿਸ ਨੂੰ ਬੱਚੇ ਨੇ ਪਛਾਣ ਲਿਆ ਹੈ।
ਲੜਕੀ ਨੇ ਹਮਲੇ ਤੋਂ ਕੀਤਾ ਇਨਕਾਰ
ਪੁਲਸ ਦੀ ਪੁੱਛਗਿਛ ‘ਚ ਲੜਕੀ ਨੇ ਹਮਲੇ ਤੋਂ ਇਨਕਾਰ ਕਰ ਦਿੱਤਾ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ਼ ਆਦਿ ਦੀ ਵੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਨਾਲ ਕੁਝ ਮਹੱਤਵਪੂਰਨ ਸਬੂਤ ਮਿਲੇ ਹਨ, ਜਿਸ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਸਕੂਲ ‘ਚ ਛੁੱਟੀ ਲਈ ਕੀਤੀ ਗਈ ਵਾਰਦਾਤ?
ਬੱਚੇ ਨੇ ਦੱਸਿਆ ਕਿ ਉਸ ਨੇ ਲੜਕੀ ਦੀ ਰੌਂਦੋ ਹੋਏ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਨਾ ਮਾਰੇ, ਪਰ ਅੱਗੋ ਲੜਕੀ ਨੇ ਕਿਹਾ ਕਿ ਤੇਰੇ ਮਰਨ ਨਾਲ ਸਕੂਲ ‘ਚ ਛੁੱਟੀ ਹੋ ਜਾਵੇਗੀ। ਕੁਝ ਅਜਿਹਾ ਹੀ ਮਾਮਲਾ ਗੁਰੂਗ੍ਰਾਮ ਦੇ ਰੇਯਾਨ ਸਕੂਲ ਦਾ ਵੀ ਸਾਹਮਣੇ ਆਇਆ ਸੀ। ਜਿਸ ‘ਚ ਪੀ.ਟੀ.ਐੈੱਮ. ਲਈ ਮਾਸੂਮ ਬੱਚੇ ਪ੍ਰਦੂਮਨ ਦੀ ਹੱਤਿਆ ਕਰ ਦਿੱਤੀ ਗਈ ਸੀ।