ਮੋਹਾਲੀ : ਐੱਮ.ਐੱਸ ਗਿੱਲ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਮੋਹਾਲੀ ਨੇ ਅਹਿਮ ਫੈਸਲਾ ਸੁਣਾਉਂਦਿਆਂ ਭੋਲਾ ਡਰੱਗ ਕੇਸ ਵਿਚ ਨਾਮਜ਼ਦ 18 ਦੋਸ਼ੀਆਂ ਦੀਆਂ ਵਿਦੇਸ਼ੀ ਜਾਇਦਾਦਾਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ| ਇਨ੍ਹਾਂ ਦੋਸ਼ੀਆਂ ਵਿਚ ਅਨੂਪ ਸਿੰਘ ਕਾਹਲੋਂ, ਰਣਜੀਤ ਕੌਰ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਸੁਖਰਾਜ ਸਿੰਘ ਕੰਗ, ਨਿਰੰਕਾਰ ਸਿੰਘ ਢਿੱਲੋਂ, ਲਹਿੰਬਰ ਸਿੰਘ, ਰਣਜੀਤ ਸਿੰਘ ਔਜਲਾ, ਅਮਰਜੀਤ ਸਿੰਘ ਕੂਨਾਰ, ਟੋਨੀ ਪ੍ਰਮੋਦ ਸ਼ਰਮਾ, ਪ੍ਰਦੀਪ ਸਿੰਘ ਧਾਲੀਵਾਲ, ਦਵਿੰਦਰ ਸਿੰਘ ਨਰਵਾਲ, ਹਰਮਹਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਰਾਏ ਬਹਾਦਰ ਨਿਰਵਾਲ ਜਿਨ੍ਹਾਂ ਦੀਆਂ ਜਾਇਦਾਦਾਂ ਕੈਨੇਡਾ ਅਤੇ ਮਦਨ ਲਾਲ, ਕੁਲਵੰਤ ਸਿੰਘ ਦੀਆਂ ਜਾਇਦਾਦਾਂ ਯੂ.ਕੇ ਵਿਚ ਹਨ, ਖਿਲਾਫ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ|
ਵਰਣਨਯੋਗ ਹੈ ਕਿ ਇਹ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅਦਾਲਤ ਨੂੰ ਲੈਟਰ ਆਫ ਰਿਕੂਐਸਟ ਦਿੱਤੀ ਸੀ ਕਿ ਇਨ੍ਹਾਂ ਦੋਸੀਆਂ ਵਿਚੋਂ ਬਹੁਤਿਆਂ ਨਾਲ ਵਿਦੇਸਾਂ ਵਿਚ ਜਾਇਦਾਦਾਂ ਬਣਾਈਆਂ ਬਣਾਈਆਂ ਸਨ ਅਤੇ ਉਨ੍ਹਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਜਾਣ|
ਮਾਣਯੋਗ ਅਦਾਲਤ ਨੇ ਈ.ਡੀ ਦੇ ਵਕੀਲ ਜਗਜੀਤ ਸਿੰਘ ਸਰਾਓ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅੱਜ ਉਨ੍ਹਾਂ ਜਾਇਦਾਦਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ| ਵਿਦੇਸ਼ਾਂ ਵਿਚ ਜਾਇਦਾਦਾਂ ਦੀ ਜਾਂਚ ਕਰਨ ਦਾ ਤਰੀਕਾ ਇਹ ਦੱਸਿਆ ਜਾਂਦਾ ਹੈ ਕਿ ਹੁਣ ਈਡੀ ਆਪਣੇ ਜਲੰਧਰ ਸਥਿਤ ਦਫਤਰ ਦੇ ਵਿਚ ਇਹ ਹੁਕਮ ਦਰਜ ਕਰਕੇ ਸਾਰੇ ਕੇਸ ਨੂੰ ਆਪਣੇ ਮੁੱਖ ਦਫਤਰ ਦਿੱਲੀ ਵਿਖੇ ਭੇਜੇਗੀ ਅਤੇ ਦਿੱਲੀ ਦੇ ਮੁੱਖ ਦਫਤਰ ਤੋਂ ਇਹ ਹੁਕਮ ਵਿਦੇਸ਼ ਮੰਤਰਾਲੇ ਵਿਚ ਜਾਣਗੇ| ਵਿਦੇਸ਼ ਮੰਤਰਾਲਾ ਫਿਰ ਇਨ੍ਹਾਂ ਨੂੰ ਕੈਨੇਡਾ ਅਤੇ ਯੂ.ਕੇ ਨੂੰ ਭੇਜੇਗੀ, ਉਸ ਤੋਂ ਬਾਅਦ ਉਥੋਂ ਜਿਥੇ ਕਿ ਇਹ ਜਾਇਦਾਦਾਂ ਹਨ, ਦੀਆਂ ਅਦਾਲਤਾਂ ਵਿਚ ਇਹ ਕੇਸ ਜਾਵੇਗਾ, ਉਥੇ ਇਨ੍ਹਾਂ ਦੀ ਜਾਂਚ ਕਰਨ ਉਪਰੰਤ ਜੇਕਰ ਇਹ ਦੋਸ਼ ਸਾਬਿਤ ਹੋ ਗਏ ਕਿ ਜੋ ਜਾਇਦਾਦਾਂ ਈ.ਡੀ ਨੇ ਨਾਮਜ਼ਦ ਕੀਤੀਆਂ ਹਨ, ਸਹੀ ਪਾਈਆਂ ਜਾਂਦੀਆਂ ਹਨ ਤਾਂ ਫਿਰ ਉਹ ਉਥੋਂ ਦੀਆਂ ਅਦਾਲਤਾਂ ਉਨ੍ਹਾਂ ਜਾਇਦਾਦਾਂ ਨੂੰ ਜਬਤ ਕਰਨ ਸਬੰਧੀ ਹੁਕਮ ਜਾਰੀ ਕਰਨ ਲਈ ਭਾਰਤ ਦੇ ਈ.ਡੀ ਨੂੰ ਭੇਜ ਦੇਵੇਗਾ ਤੇ ਫਿਰ ਈਡੀ ਇਨ੍ਹਾਂ ਜਾਇਦਾਦਾ ਨੂੰ ਜਬਤ ਕਰ ਲਵੇਗਾ|
ਇਹੀ ਵੀ ਦੱਸਣਯੋਗ ਹੈ ਕਿ ਈ.ਡੀ ਕੋਲ ਬਹੁਤ ਇਹ ਸ਼ਿਕਾਇਤਾਂ ਸਨ ਇਨ੍ਹਾਂ ਦੋਸ਼ੀਆਂ ਵਿਚੋਂ ਬਹੁਤਿਆਂ ਨੇ ਉਸ ਡਰੱਗ ਮਨੀ ਰਾਹੀਂ ਵਿਦੇਸ਼ਾਂ ਵਿਚ ਕਾਫੀ ਜਾਇਦਾਦਾਂ ਬਣਾਈਆਂ ਹੋਈਆਂ ਹਨ|