– ਬੈਡਮਿੰਟਨ ਗਰਾਉਂਡ ਲਈ ਨਵੇਂ ਅੰਤਰਰਾਸ਼ਟਰੀ ਮੈਟ ਦਾ ਕੀਤਾ ਉਦਘਾਟਨ
– 1913 ਤੋਂ ਵੱਖ-ਵੱਖ ਮੈਂਬਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਰਿਕਰੀਸ਼ਨ ਕਲੱਬ
– 1.5 ਲੱਖ ਦੀ ਲਾਗਤ ਨਾਲ ਲਗਾਇਆ ਜ਼ਿਲ੍ਹੇ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਟ
ਫਾਜ਼ਿਲਕਾ -ਡਿਪਟੀ ਕਮਿਸ਼ਨਰ-ਕਮ-ਕਲੱਬ ਪ੍ਰਧਾਨ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਨੌਜਵਾਨਾਂ ਵਿੱਚ ਖੇਡਾਂ ਦੀ ਰੁਚੀ ਨੂੰ ਵੇਖਦੇ ਹੋਏ ਰਿਕਰੀਸ਼ਨ ਕਲੱਬ ਵਿੱਚ ਬਣੇ ਬੈਡਮਿੰਟਨ ਗਰਾਉਂਡ ਵਿੱਚ ਨਵੇਂ ਸਥਾਪਿਤ ਅੰਤਰਰਾਸ਼ਟਰੀ ਪੱਧਰ ‘ਤੇ ਵਰਤੋਂ ਕੀਤੇ ਜਾਂਦੇ ਮੈਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਡਾਂ ਨੂੰ ਠੀਕ ਢੰਗ ਨਾਲ ਖੇਡਣ ਲਈ ਸਮਾਨ, ਜਗ੍ਹਾਂ ਤੇ ਸਾਧਨ ਹੋਣੇ ਬਹੁਤ ਜ਼ਰੂਰੀ ਹਨ। ਇਸ ਲਈ ਉਹ ਸਹਿਯੋਗ ਦੇਣ ਵਿੱਚ ਹਮੇਸ਼ਾ ਆਪਣਾ ਵੱਢਮੁੱਲਾ ਯੋਗਦਾਨ ਪਾਉਂਦੇ ਰਹਿਣਗੇ।
ਦਿ ਰਿਕਰੀਸ਼ਨ ਕਲੱਬ ਦੇ ਮੈਨੇਜਰ ਸ੍ਰੀ ਰਵਿੰਦਰ ਚਾਵਲਾ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਇਸ ਕਲੱਬ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਲੱਬ 1913 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਕਲੱਬ ਵੱਖ-ਵੱਖ ਮੈਂਬਰਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ। ਨਵੇਂ ਸਥਾਪਿਤ ਕੀਤੇ ਮੈਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੈਟ ਦੀ ਬੈਡਮਿੰਟਨ ਕੋਰਟ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ। ਇਹ ਜ਼ਿਲ੍ਹੇ ਦਾ ਪਹਿਲਾ ਮੈਟ ਰਿਕਰੀਸ਼ਨ ਕਲੱਬ ਵਿਖੇ ਹੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੇਢ ਲੱਖ ਦੀ ਲਾਗਤ ਨਾਲ ਫਲਾਈ ਪਾਵਰ ਨਾਮੀ ਕੰਪਨੀ ਤੋਂ ਤਿਆਰ ਹੋਇਆ ਮੈਟ ਇੰਡੋਨੇਸ਼ੀਆ ਤੋਂ ਮੰਗਵਾਇਆ ਗਿਆ ਹੈ। ਮੈਟ ਦੇ ਉਦਘਾਟਨ ਉਪਰੰਤ ਖਿਡਾਰੀਆਂ ਦਾ ਇਕ ਸ਼ੌਅ ਮੈਚ ਵੀ ਕਰਵਾਇਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ(ਜਨਰਲ)ਸ੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ(ਅੰਡਰ ਟੇ੍ਰਨਿੰਗ) ਸ. ਰਣਦੀਪ ਸਿੰਘ, ਕਲੱਬ ਦੇ ਉਪ ਪ੍ਰਧਾਨ ਸ੍ਰੀ ਵਿਨੋਦ ਗੁਪਤਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ. ਲਵਲੀ ਕਠਪਾਲ ਤੋਂ ਇਲਾਵਾ ਬੈਡਮਿੰਟਨ ਕੌਚ ਸ੍ਰੀ ਸਿਧਾਂਤ ਝਾਂਬ ਤੇ ਕਲੱਬ ਮੈਂਬਰ ਮੌਜੂਦ ਸਨ।