ਨਵੀਂ ਦਿੱਲੀ— ਦਿੱਲੀ ‘ਚ ਚੱਲ ਰਹੀ ਸੀਲਿੰਗ ਮੁਹਿੰਮ ਦੇ ਖਿਲਾਫ ਮੰਗਲਵਾਰ ਨੂੰ ਰਾਜਧਾਨੀ ਦਿੱਲੀ ‘ਚ ਕਾਰੋਬਾਰੀਆਂ ਦਾ ਮਹਾਬੰਦ ਹੈ। ਦਿੱਲੀ ਦੇ ਜ਼ਿਆਦਾ ਛੋਟੇ ਅਤੇ ਵੱਡੇ ਬਾਜ਼ਾਰ ਬੰਦ ਹਨ। ਪੁਰਾਣੀ ਦਿੱਲੀ ਦੇ ਸਾਰੇ ਥੋਕ ਅਤੇ ਰੀਟੇਲ ਬਾਜ਼ਾਰ ਬੰਦ ਹਨ ਤਾਂ ਬਾਕੀ ਦਿੱਲੀ ‘ਚ ਵੀ ਦੁਕਾਨਦਾਰ ਆਪਣਾ ਕਾਰੋਬਾਰ ਬੰਦ ਕਰ ਕੇ ਵਿਰੋਧ ਜ਼ਾਹਰ ਕਰ ਰਹੇ ਹਨ, ਜਿਸ ਕਾਰਨ ਦਿੱਲੀ ਦੀਆਂ ਸੜਕਾਂ ‘ਤੇ ਥਾਂ-ਥਾਂ ਜਾਮ ਦੀਆਂ ਖਬਰਾਂ ਵੀ ਆ ਰਹੀਆਂ ਹਨ। ਕਾਰੋਬਾਰੀ ਸੰਗਠਨਾਂ ਦੇ ਇਸ ਮਹਾਬੰਦ ਨੂੰ ਆਮ ਆਦਮੀ ਪਾਰਟੀ, ਕਾਂਗਰਸ ਤੋਂ ਇਲਾਵਾ ਭਾਜਪਾ ਦਾ ਵੀ ਸਮਰਥਨ ਹਾਸਲ ਹੈ। ਸੀਲਿੰਗ ਦੇ ਵਿਰੋਧ ‘ਚ ਬਜ਼ਾਰਾਂ ‘ਚ ਧਰਨੇ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਹੋ ਰਹੀ ਹੈ। ਇਸ ਬੰਦ ਦਾ ਐਲਾਨ ਕਾਰੋਬਾਰੀ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਅਤੇ ਉਸ ਦੇ ਸਹਿਯੋਗੀ ਵਪਾਰੀ ਸੰਗਠਨਾਂ ਨੇ ਕੀਤਾ ਹੈ। ਹੋਰ ਕਾਰੋਬਾਰੀ ਸੰਗਠਨ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨਾਲ ਉਸ ਨਾਲ ਜੁੜੇ ਵਪਾਰੀ ਸੰਗਠਨ ਵੀ ਇਸ ‘ਚ ਸ਼ਾਮਲ ਹਨ। ਸੀਲਿੰਗ ਨੂੰ ਲੈ ਕੇ ਦੁਕਾਨਾਂ ‘ਚ ਬਹੁਤ ਜ਼ਿਆਦਾ ਨਾਰਾਜ਼ਗੀ ਹੈ, ਬਜ਼ਾਰਾਂ ਦੇ ਨਾਲ-ਨਾਲ ਕਾਲੋਨੀਆਂ ਦੇ ਦੁਕਾਨਦਾਰ ਵੀ ਇਸ ‘ਚ ਸ਼ਾਮਲ ਹੋ ਰਹੇ ਹਨ।
ਸਵੇਰੇ 11 ਤੱਕ ਮਿਲੀ ਜਾਣਕਾਰੀ ਅਨੁਸਾਰ ਮਹਾਬੰਦ ‘ਚ ਚਾਂਦਨੀ ਚੌਕ, ਖਾਰੀ ਬਾਵਲੀ, ਕਸ਼ਮੀਰੀ ਗੇਟ, ਸਦਰ ਬਾਜ਼ਾਰ, ਚਾਵੜੀ ਬਾਜ਼ਾਰ, ਨਵੀਂ ਸੜਕ, ਨਵਾਂ ਬਾਜ਼ਾਰ, ਦਰਿਆਗੰਜ, ਕਨਾਟ ਪਲੇਸ, ਕਰੋਲ ਬਾਗ, ਪਹਾੜਗੰਜ, ਖਾਨ ਮਾਰਕੀਟ, ਕਮਲਾ ਨਗਰ, ਅਸ਼ੋਕ ਵਿਹਾਰ, ਮਾਡਲ ਟਾਊਨ, ਸ਼ਾਲੀਮਾਰ ਬਾਗ, ਪੀਤਮਪੁਰਾ, ਪੰਜਾਬੀ ਬਾਗ, ਰਾਜੌਰੀ ਗਾਰਡਨ, ਤਿਲਕ ਨਗਰ, ਉੱਤਮ ਨਗਰ, ਜੇਲ ਰੋਡ, ਨਾਰਾਇਣਾ, ਕੀਰਤੀ ਨਗਰ, ਦਵਾਰਕਾ, ਜਨਕਪੁਰੀ, ਦੱਖਣੀ ਦਿੱਲੀ ‘ਚ ਗ੍ਰੇਟਰ ਕੈਲਾਸ਼, ਸਾਊਥ ਐਕਸਟੇਂਸ਼ਨ, ਡਿਫੈਂਸ ਕਾਲੋਨੀ, ਹੌਜਖਾਸ, ਗਰੀਨ ਪਾਰਕ , ਗਾਂਧੀ ਨਗਰ, ਦਿਲਸ਼ਾਦ ਗਾਰਡਨ, ਲੋਨੀ ਰੋਡ ਆਦਿ ਸਮੇਤ ਮੁੱਖ ਬਜ਼ਾਰਾਂ ਦੇਬੰਦ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।
ਦਿੱਲੀ ‘ਚ ਸੀਲਿੰਗ ਦੇ ਖਿਲਾਫ ਹੋਏ ਵਪਾਰ ਬੰਦ ਨਾਲ 1500 ਕਰੋੜ ਰੁਪਏ ਦਾ ਘਾਟਾ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ‘ਚ ਪਿਛਲੇ ਇਕ ਮਹੀਨੇ ਤੋਂ ਨਗਰ ਨਿਗਮ ਅਤੇ ਸੁਪਰੀਮ ਕੋਰਟ ਦੀ ਮਾਨੀਟਰਿੰਗ ਕਮੇਟੀ ਗੈਰ-ਕਾਨੂੰਨੀ ਦੁਕਾਨਾਂ ਦੀ ਸੀਲਿੰਗ ਕਰ ਰਹੀ ਹੈ। ਦਿੱਲੀ ਭਰ ਦੇ ਕਈ ਦੁਕਾਨਦਾਰਾਂ ‘ਤੇ ਰੇਜੀਡੇਂਸ਼ੀਅਲ ਇਲਾਕੇ ‘ਚ ਨਿਯਮਾਂ ਦੇ ਖਿਲਾਫ ਦੁਕਾਨ ਚਲਾਉਣ ਦਾ ਦੋਸ਼ ਹੈ। ਮੰਗਲਵਾਰ ਨੂੰ ਦਿੱਲੀ ਵਪਾਰ ਬੰਦ ਦੌਰਾਨ 7 ਲੱਖ ਤੋਂ ਵਧ ਦੁਕਾਨਾਂ ਬੰਦ ਰਹੀਆਂ। ਦਿੱਲੀ ‘ਚ ਛੋਟੇ-ਵੱਡੇ ਕੁੱਲ 2 ਹਜ਼ਾਰ ਵਪਾਰਕ ਸੰਗਠਨ ਹਨ। ਸੀਲਿੰਗ ਦਾ ਸਭ ਤੋਂ ਬੁਰਾ ਅਸਰ ਦਿਹਾੜੀ ਮਜ਼ਦੂਰਾਂ ‘ਤੇ ਪੈ ਰਿਹਾ ਹੈ।
ਕਰੋਲ ਬਾਗ ਤੋਂ ਕਟੋਰਾ ਮਾਰਚ
ਦਿੱਲੀ ਬੰਦ ਦੇ ਵਿਰੋਧ ‘ਚ ਕਰੋਗ ਬਾਗ ਦੇ ਟੈਂਕ ਰੋਡ ‘ਤੇ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਦੇ ਅਹੁਦਾ ਅਧਿਕਾਰੀਆਂ ਅਤੇ ਮੈਂਬਰਾਂ ਨੇ ਇਕੱਠੇ ਹੋ ਕੇ ਕਟੋਰਾ ਮਾਰਚ ਕੱਢਿਆ। ਸੀ.ਟੀ.ਆਈ. ਦੇ ਕਨਵੀਨਰ ਬ੍ਰਜੇਸ਼ ਗੋਇਲ ਅਤੇ ਹੇਮੰਤ ਗੁਪਤਾ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਅਤੇ ਹੁਣ ਦਿੱਲੀ ਦੀ ਐੱਮ.ਸੀ.ਡੀ. ਕਾਰਨ ਰਾਜਧਾਨੀ ਦੇ ਵਪਾਰੀਆਂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਨ੍ਹਾਂ ਨੂੰ ਹੱਥ ‘ਚ ਕਟੋਰਾ ਲੈ ਕੇ ਗਲੀ-ਗਲੀ ਘੁੰਮਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ।