ਇਸਲਾਮਾਬਾਦ/ਲਖਨਊ— ਵਿਦੇਸ਼ ਮੰਤਰੀ ਦੇ ਤੌਰ ‘ਤੇ ਸੁਸ਼ਮਾ ਸਵਰਾਜ ਆਪਣੀ ਦਰਿਆਦਿਲੀ ਅਤੇ ਦੂਜਿਆਂ ਦੀ ਮਦਦ ਕਰਨ ਲਈ ਕਾਫੀ ਮਸ਼ਹੂਰ ਹੈ। ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਉਨ੍ਹਾਂ ਨੇ ਮੁਸੀਬਤ ਵਿਚ ਫਸੇ ਲੋਕਾਂ ਵੱਲ ਮਦਦ ਦਾ ਹੱਥ ਵਧਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਫਿਰ ਚਾਹੇ ਗੱਲ ਵਿਦੇਸ਼ ਵਿਚ ਫਸੇ ਕਿਸੇ ਭਾਰਤੀ ਤੱਕ ਮਦਦ ਪਹੁੰਚਾਉਣ ਦੀ ਹੋਵੇ ਜਾਂ ਫਿਰ ਇਲਾਜ ਲਈ ਭਾਰਤ ਆਉਣ ਦੇ ਇਛੁੱਕ ਕਿਸੇ ਵਿਦੇਸ਼ੀ ਨਾਗਰਿਕ ਦੀ। ਸੁਸ਼ਮਾ ਸਵਰਾਜ ਨੇ ਹਰ ਵਾਰ ਲੋਕਾਂ ਦਾ ਦਿਲ ਜਿੱਤ ਲਿਆ। ਇਸ ਵਾਰ ਵੀ ਉਨ੍ਹਾਂ ਨੇ ਕੁੱਝ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ 2 ਪਿਆਰ ਕਰਨ ਵਾਲੇ ਦਿਲਾਂ ਨੂੰ ਹਮੇਸ਼ਾ ਲਈ ਇਕ ਕਰ ਦਿੱਤਾ। ਇਹ ਪਿਆਰ ਕਰਨ ਵਾਲੇ 2 ਦਿਲ ਭਾਰਤ-ਪਾਕਿਸਤਾਨ ਦੇ ਹਨ। ਸੁਸ਼ਮਾ ਸਵਰਾਜ ਨੇ ਇਸ ਵਾਰ ਇਕ ਭਾਰਤੀ ਮੁੰਡੇ ਅਤੇ ਉਸ ਦੀ ਪਾਕਿਸਤਾਨੀ ਮੰਗੇਤਰ ਦਾ ਵਿਆਹ ਕਰਾਉਣ ਵਿਚ ਬਹੁਤ ਮਦਦ ਕੀਤੀ।
ਇਕ ਖਬਰ ਮੁਤਾਬਕ ਲਖਨਊ ਦੇ ਰਹਿਣ ਵਾਲੇ 27 ਸਾਲਾ ਨਾਕੀ ਅਲੀ ਖਾਨ ਦਾ ਵਿਆਹ ਪਾਕਿਸਤਾਨ ਦੀ ਸਬਾਹਤ ਫਾਤਿਮਾ ਨਾਲ ਹੋਣਾ ਸੀ। ਦੋਵਾਂ ਦੀ ਮੰਗਣੀ ਹੋਏ 2 ਸਾਲ ਹੋ ਗਏ ਸਨ ਅਤੇ ਲਾੜੀ ਲਾੜੀ ਪਾਕਿਸਤਾਨ ਦੀ ਹੋਣ ਕਾਰਨ ਵੀਜ਼ੇ ਲਈ ਉਨ੍ਹਾਂ ਨੂੰ ਵਿਆਹ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ। ਅਜਿਹੇ ਵਿਚ ਉਨ੍ਹਾਂ ਨੇ ਟਵਿਟਰ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਦੀ ਗੁਹਾਰ ਲਗਾਉਣ ਦਾ ਫੈਸਲਾ ਕੀਤਾ ਤਾਂ ਕਿ ਸਬਾਹਤ ਨੂੰ ਵੀਜ਼ਾ ਮਿਲ ਸਕੇ।
ਅਖੀਰਕਰ ਲਖਨਊ ਵਿਚ ਬੀਤੇ ਸ਼ੁੱਕਰਵਾਰ ਦੋਵਾਂ ਦਾ ਵਿਆਹ ਹੋ ਗਿਆ। ਨਵ-ਵਿਆਹੁਤਾ ਜੋੜੇ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਅਸੀਂ ਦੋਵੇਂ ਸੁਸ਼ਮਾ ਸਵਰਾਜ ਵੱਲੋਂ ਮਿਲੇ ਇਸ ਮਹਾਨ ਤੋਹਫੇ ਲਈ ਸ਼ੁਕਰਗੁਜ਼ਾਰ ਹਾਂ। ਸਾਨੂੰ ਉਮੀਦ ਹੈ ਕਿ ਭਾਰਤ ਦੀ ਸਰਕਾਰ ਸਬਾਹਤ ਨੂੰ ਭਾਰਤੀ ਨਾਗਰਕਿਤਾ ਦੇਣ ਵਿਚ ਵੀ ਮਦਦ ਕਰੇਗੀ।’ ਸਬਾਹਤ ਨੇ ਟਵੀਟ ਕਰ ਕੇ ਸੁਸ਼ਮਾ ਸਵਰਾਜ ਨੂੰ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹਿਲਾਂ ਵੀ ਕਈ ਪਾਕਿਸਤਾਨੀਆਂ ਦੀ ਮਦਦ ਕਰ ਚੁੱਕੀ ਹੈ।