ਜੰਮੂ-ਕਸ਼ਮੀਰ— ਮਾਂ ਵੈਸ਼ਨੋ ਦੇਵੀ ਦੇ ਭਗਤਾਂ ਲਈ ਚੰਗੀ ਖਬਰ ਹੈ। ਇਕ ਵਾਰ ਫਿਰ ਵੈਸ਼ਨੋ ਦੇਵੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਲਿਹਾਜਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਉੱਥੇ ਪੁੱਜੇ ਲੋਕ ਜਿੱਥੇ ਮਾਤਾ ਦੇ ਦਰਬਾਰ ‘ਚ ਮੱਥਾ ਟੇਕ ਰਹੇ ਹਨ, ਉੱਥੇ ਹੀ ਬਰਫਬਾਰੀ ਦਾ ਵੀ ਮਜ਼ਾ ਲੈ ਰਹੇ ਹਨ। ਹਾਲਾਂਕਿ ਬਰਫਬਾਰੀ ਕਾਰਨ ਉੱਥੇ ਪਾਰਾ ਕਾਫੀ ਹੇਠਾਂ ਡਿੱਗਿਆ ਹੈ। ਕੜਾਕੇ ਦੀ ਠੰਡ ਕਾਰਨ ਭਗਤਾਂ ਅਤੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਤਾਂ ਆਉਣ ਵਾਲੇ ਦਿਨਾਂ ‘ਚ ਜੰਮੂ ਦੇ ਪਹਾੜੀ ਇਲਾਕਿਆਂ ‘ਚ ਮੌਸਮ ਦਾ ਮਿਜਾਜ ਇਸੇ ਤਰ੍ਹਾਂ ਬਣਿਆ ਰਹੇਗਾ।
ਇਸ ਕ੍ਰਮ ‘ਚ ਜੰਮੂ ਡਿਵੀਜ਼ਨ ਦੇ ਪਤਨੀਟਾਪ, ਨੱਥਾਟਾਪ, ਪੁੰਛ, ਭਦਰਵਾਹ ਸਮੇਤ ਕਈ ਥਾਂਵਾਂ ‘ਤੇ ਭਾਰੀ ਬਰਫਬਾਰੀ ਹੋਈ ਹੈ। ਇਸ ਕਾਰਨ ਡਿਵੀਜ਼ਨ ‘ਚ ਸਥਿਤ ਤ੍ਰਿਕੁਟਾ ਅਤੇ ਪੀਰ ਪੰਜਾਲ ਪਰਬਤ ਸ਼੍ਰੇਣੀਆਂ ‘ਤੇ ਵੀ ਬਰਫ ਦੀ ਸਫੇਦ ਚਾਦਰ ਵਿਛੀ ਦੇਖੀ ਗਈ।