ਇਸ ਦੌਰ ਵਿੱਚ ਕਈ ਸਿਤਾਰਿਆਂ ਨੇ ਆਪਣੇ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤੇ ਹਨ। ਇਨ੍ਹਾਂ ਸਿਤਾਰਿਆਂ ਦੀ ਲਿਸਟ ਵਿੱਚ ਹੁਣ ਨੀਲ ਨਿਤਿਨ ਮੁਕੇਸ਼ ਦਾ ਨਾਂਅ ਵੀ ਸ਼ਾਮਲ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਨੀਲ ਨੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਨੀਲ ਵੱਲੋਂ ਕਿਹਾ ਗਿਆ ਹੈ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਕੰਪਨੀ ਦਾ ਨਾਂਅ ਐੱਨ ਐੱਨ ਐੱਮ ਪਿਕਚਰਜ਼ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਨੀਲ ਦੇ ਪਿਤਾ ਨਿਤਿਨ ਮੁਕੇਸ਼ ਅਤੇ ਨੀਲ ਦੀ ਪਤਨੀ ਰੁਕਮਣੀ ਮਿਲ ਕੇ ਪ੍ਰੋਡਕਸ਼ਨ ਹਾਊਸ ਦੀ ਜ਼ਿੰਮੇਵਾਰੀ ਸੰਭਾਲਣਗੇ। ਉਹ ਕਦੋਂ ਅਤੇ ਕਿਹੜੀਆਂ ਫ਼ਿਲਮਾਂ ਬਣਾਉਣਗੇ, ਇਸ ਦੀ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ ਹੈ। ਨੀਲ ਨੇ ਪੋਸਟ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੀ ਬਤੌਰ ਨਿਰਮਾਤਾ ਬਣਨ ਵਾਲੀਆਂ ਫ਼ਿਲਮਾਂ ਵਿੱਚ ਗੁਣਵੱਤਾ ਅਤੇ ਮਿਊਜ਼ਿਕ ਨੂੰ ਲੈ ਕੇ ਪਰਵਾਰ ਦੀਆਂ ਪ੍ਰੰਪਰਾਵਾਂ ਦੀ ਵਰਤੋਂ ਕੀਤੀ ਜਾਏਗੀ। ਨੀਲ ਇਨ੍ਹੀਂ ਦਿਨੀਂ ‘ਬਾਹੂਬਲੀ’ ਫ਼ੇਮ ਸਿਤਾਰੇ ਪ੍ਰਭਾਸ ਦੀ ਅਗਲੀ ਫ਼ਿਲਮ ‘ਸਾਹੋ’ ਦੀ ਸ਼ੂਟਿੰਗ ਲਈ ਆਬੂ ਧਾਬੀ ਗਏ ਹੋਏ ਹਨ। ਤਿੰਨ ਭਾਸ਼ਾਵਾਂ; ਤੇਲਗੂ, ਤਮਿਲ ਅਤੇ ਹਿੰਦੀ ਵਿੱਚ ਇੱਕੱਠੇ ਬਣ ਰਹੀ ‘ਸਾਹੋ’ ਵਿੱਚ ਨੀਲ ਦੇ ਇਲਾਵਾ ਮੰਦਿਰਾ ਬੇਦੀ, ਜੈਕੀ ਸ਼ਰਾਫ਼ ਅਤੇ ਚੰਕੀ ਪਾਂਡੇ ਵੀ ਹਨ। ਸ਼ਰਧਾ ਕਪੂਰ ਇਸ ਫ਼ਿਲਮ ਦੀ ਨਾਇੱਕਾ ਹੈ।