ਦੋ ਘੱਟ ਸੈਂਕੜੇ ਦਾ ਹੋਇਆ ਬਾਬਾ ਪਾਖਰ ਸਿਉਂ ਸੋਟੀ ਦੇ ਸਹਾਰੇ ਹੌਲੀ ਹੌਲੀ ਬਜ਼ੁਰਗ ਚਾਲ ਤੁਰਦਾ ਜਿਉਂ ਹੀ ਸੱਥ ‘ਚ ਆਇਆ ਤਾਂ ਨਾਥਾ ਅਮਲੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਕਿਉਂ ਬਾਬਾ! ਜਦੋਂ ਗੱਭਰੂ ਹੋਏਂਗਾ ਓਦੋਂ ਤਾਂ ਛੜੱਪਾ ਮਾਰ ਕੇ ਕੰਧ ਟੱਪ ਜਾਂਦਾ ਹੋਏਂਗਾ ਕੁ ਨਹੀਂ, ਹੁਣ ਬੁੜ੍ਹਾ ਹੋਇਆ ਇਉਂ ਤੁਰਦੈਂ ਜਿਮੇਂ ਪੈਰਾਂ ‘ਚ ਸਣ ਫ਼ਸੀ ਆਲਾ ਕੁੱਕੜ ਤੁਰਦਾ ਹੁੰਦੈ। ਵੇਲੇ ਵੇਲੇ ਦੀ ਗੱਲ ਐ। ਮਾੜਾ ਮੋਟਾ ਕੰਡਾ ਲੈ ਲਿਆ ਕਰ। ਜਿਹੜੀ ਚਾਰ ਦਿਹਾੜੇ ਰਹਿੰਦੀ ਐ, ਉਹ ਤਾਂ ਸਾਨ੍ਹੀ ਘੋੜੀ ਆਂਗੂੰ ਨੰਘੇ। ਤੂੰ ਤਾਂ ਯਾਰ ਜਮ੍ਹਾ ਈ ਹੰਭ ਹਾਰ ਗਿਐਂ। ਸੱਤਰੇ ਬਹੱਤਰੇ ਦਾ ਤਾਂ ਹੋ ਗਿਆ ਹੋਏਂਗਾ ਕੁ ਨਹੀਂ?”
ਅਮਲੀ ਤੋਂ ਟਿੱਚਰ ਸੁਣ ਕੇ ਬਾਬੇ ਪਾਖਰ ਸਿਉਂ ‘ਤੇ ਵੀ ਜਵਾਨੀ ਦੀ ਲਹਿਰ ਝਲਕੀ। ਨਾਥੇ ਅਮਲੀ ਦੇ ਖੂੰਡੀ ਦੀ ਲਾਡ ਪਿਆਰ ਵਾਲੀ ਹੁੱਜ ਮਾਰ ਕੇ ਬਾਬਾ ਪਾਖਰ ਸਿਉਂ ਅਮਲੀ ਨੂੰ ਕਹਿੰਦਾ, ”ਗੱਲ ਕਰ ਤੇਰੀ ਦਾਦੀਓ ਈ ਫ਼ੌਤ ਹੋਈ ਵੀ ਐ, ਨਹੀਂ ਤਾਂ ਤੈਨੂੰ ਦੱਸ ਦਿੰਦਾ ਬਈ ਬੁੜ੍ਹਾ ਕੀ ਹੁੰਦੈ। ਨਾਲੇ ਨਾਥਾ ਸਿਆਂ ਸੱਤਰੇ ਬਹੱਤਰੇ ਦੀ ਕਿਹੜੀ ਗੱਲ ਕਰਦੈਂ, ਜੇ ਮਾਹਰਾਜ ਨੇ ਅੱਖ ਸਵੱਲੀ ਰੱਖੀ ਤਾਂ ਆਹ ਹੋਰ ਦੋ ਵਰ੍ਹਿਆਂ ਨੂੰ ਸੈਂਕੜੇ ਨੂੰ ਲੱਗ ਜਾਂ ਗੇ। ਬਾਕੀ ਫ਼ੇਰ ਓਹਦੀ ਡਾਢੇ ਦੀ ਮਰਜੀ ਐ, ਪਰ ਹੁਣ ਦਾ ਨਦੀ ਕਿਨਾਰੇ ਰੁੱਖ ਆਲੀ ਗੱਲ ਹੋਈ ਖੜ੍ਹੀ ਐ।”
ਨੱਬ੍ਹਿਆਂ ਦੇ ਹੋਏ ਬੁੜ੍ਹੇ ਚੰਚਣ ਸਿਉਂ ਨੇ ਬਾਬੇ ਪਾਖਰ ਸਿਉਂ ਨੂੰ ਪੁੱਛਿਆ, ”ਕਿਉਂ ਪਾਖਰ ਸਿਆਂ! ਹੁਣ ਤਾਂ ਤੂੰ ਈ ਸਾਰੇ ਪਿੰਡ ‘ਚੋਂ ਵੱਡਾ ਹੋਏਂਗਾ ਕੁ ਨਹੀਂ?”
ਮਾਹਲਾ ਨੰਬਰਦਾਰ ਕਹਿੰਦਾ, ”ਮੈਂ ਤਾਂ ਕਹਿਨਾਂ ਕਿਤੇ ਸੰਤੋਖੇ ਮੀਰਾਬ ਦੀ ਮਾਈ ਨਾ ਵੱਡੀ ਹੋਵੇ। ਗਿਆਨੀ ਜੱਸਾ ਸਿਉਂ ਦਸਦਾ ਸੀ, ਕਹਿੰਦਾ ਸੌ ਤੋਂ ਵੀ ਟੱਪੀ ਵੀ ਐ।”
ਬਾਬੇ ਪਾਖਰ ਸਿਉਂ ਨੇ ਮਾਹਲੇ ਨੰਬਰਦਾਰ ਦੀ ਹਾਂ ‘ਚ ਹਾਂ ਮਿਲਾਈ, ”ਹਾਂ! ਓਹੀ ਵੱਡੀ ਹੋਊ। ਉਹ ਤਾਂ ਮੈਥੋਂ ਅੱਠ ਦਸ ਵਰ੍ਹੇ ਵੱਡੀ ਨਾ ਹੋਵੇ ਕਿਤੇ। ਉਹ ਤਾਂ ਵਿਆਹੀ ਆਈ ਸੀ ਜਦੋ ਹਜੇ ਮੇਰਾ ਵਿਆਹ ਹੋਇਆ ਨ੍ਹੀ ਸੀ। ਉਹਦੇ ਵਿਆਹ ਤੋਂ ਤਾਂ ਮੇਰਾ ਵਿਆਹ ਦਸ ਵਰ੍ਹੇ ਮਗਰੋਂ ਹੋਇਆ ਹੋਊ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਓ ਨਹੀਂ ਤਾਇਆ ਪਾਖਰ ਸਿਆਂ ਤੈਥੋਂ ਵੱਡੀ ਨ੍ਹੀ ਹੋਣੀ। ਓਸ ਜਮਾਨੇ ‘ਚ ਤਾਂ ਕੁੜੀਆਂ ਨੂੰ ਸੋਲ੍ਹਾਂ ਸਾਲ ਦੀ ਕਦੋਂ ਹੋਣ ਦਿੰਦੇ ਸੀ। ਵਿਆਹ ਕੇ ਪਰ੍ਹਾਂ ਕਰਦੇ ਸੀ।”
ਸੀਤਾ ਮਰਾਸੀ ਕਹਿੰਦਾ, ”ਜਾਹ ਓਏ ਫ਼ੌਜੀਆ, ਤੇ ਬਾਬੇ ਦਾ ਵੀ ਫ਼ਿਰ ਸੋਲ੍ਹਾਂ ਸਤਾਰਾਂ ਸਾਲ ਦੇ ਦਾ ਈ ਵਿਆਹ ਹੋਇਆ ਹੋਣੈ। ਜੇ ਕੁੜੀਆਂ ਨੂੰ ਸੋਲਾਂ ਦੀ ਨੂੰ ਵਿਆਹ ਦਿੰਦੇ ਸੀ ਤਾਂ ਵਿਆਹ ਆਲਾ ਮੁੰਡਾ ਵੀ ਸੋਲ੍ਹਾਂ ਸਤਾਰਾਂ ਸਾਲ ਦਾ ਈ ਹੁੰਦਾ ਹੋਊ। ਕਰਤੀ ਬਈ ਫ਼ੌਜੀਆਂ ਆਲੀਓ ਈ ਗੱਲ।”
ਸੂਬੇਦਾਰ ਰਤਨ ਸਿਉਂ ਨੇ ਫ਼ੇਰ ਲਈ ਵਾਰੀ, ”ਇਉਂ ਨ੍ਹੀ ਗੱਲ ਮੀਰ। ਗੱਲ ਤਾਂ ਇਉਂ ਕਰਦੇ ਐਂ ਬਈ ਸੋਲ੍ਹਾਂ ਸਾਲ ਹੁੰਦੇ ਈ ਕੁੜੀ ਨੂੰ ਵਿਆਹ ਦਿੰਦੇ ਸੀ। ਉਦੋਂ ਕਿੱਥੇ ਹਰੇਕ ਦਾ ਵਿਆਹ ਹੁੰਦਾ ਸੀ। ਜੇ ਕਿਤੇ ਕਿਸੇ ਘਰੇ ਪੰਜ ਚਾਰ ਮੁੰਡੇ ਹੁੰਦੇ ਤਾਂ ਇੱਕ ਅੱਧਾ ਈ ਵਿਆਹਿਆ ਜਾਂਦਾ ਸੀ, ਬਾਕੀ ਦਿਆਂ ਦੀ ਤਾਂ ਘੁਰਲ ਹੋ ਜਾਂਦੀ ਸੀ। ਲੋਕਾਂ ਨੂੰ ਵਿਆਹੇ ਜਾਂਦਿਆਂ ਨੂੰ ਵੇਖ ਕੇ ਰੱਬ ਨੂੰ ਗਾਲ੍ਹਾਂ ਈ ਕੱਢੀ ਜਾਂਦੇ ਹੁੰਦੇ ਸੀ।”
ਨਾਥਾ ਅਮਲੀ ਕਹਿੰਦਾ, ”ਓ ਛੱਡੋ ਯਰ ਉੱਘ ਦੀਆਂ ਪਤਾਲ ਮਾਰਨੀਆਂ। ਕੋਈ ਹੋਰ ਚੱਜ ਦੀ ਗੱਲ ਕਰ ਲੋ। ਹੋਰ ਈ ਅੱਕਾਂ ‘ਚ ਡਾਂਗਾਂ ਮਾਰਨ ਲੱਗ ਪੇ ਐਂ। ਤੂੰ ਦੱਸ ਬਾਬਾ ਪਾਖਰ ਸਿਆਂ ਆਵਦੇ ਵਿਆਹ ਦੀ ਗੱਲਬਾਤ, ਫ਼ੇਰ ਤੇਰਾ ਟੇਵਾ ਲਾਈਏ ਹੁਣ?”
ਸੀਤਾ ਮਰਾਸੀ ਨਾਥੇ ਅਮਲੀ ਨੂੰ ਕਹਿੰਦਾ, ”ਟੇਵੇ ਨੂੰ ਤੂੰ ਗਾਹਾਂ ਲਾਂਡਰਾਂ ਆਲਾ ਕਸ਼ਮੀਰਾ ਪੰਡਤ ਐਂ ਬਈ ਰੇਖ ‘ਚ ਮੇਖ ਲਾ ਦੇਂਵੇਂਗਾ।”
ਲਾਂਡਰਾਂ ਵਾਲੇ ਕਸ਼ਮੀਰੇ ਪੰਡਤ ਦਾ ਨਾਂਅ ਸੁਣ ਕੇ ਪ੍ਰਤਾਪਾ ਭਾਊ ਕਹਿੰਦਾ, ”ਉਹਨੂੰ ਕਿੱਥੋਂ ਯਾਦ ਕਰ ਲਿਆ ਓਏ ਮੀਰ। ਓਸੇ ਨੇ ਤਾਂ ਅਮਲੀ ਕੇ ਬੁੜ੍ਹੇ ਦੇ ਪੌੜ ਚਕਾਏ ਸੀ।”
ਬਾਬਾ ਪਾਖਰ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਤਾਹੀਂ ਤਾਂ ਸੀਤਾ ਸਿਉਂ ਨੇ ਅਮਲੀ ਦੇ ਚੋਭ ਲਾਈ ਐ।”
ਸੂਬੇਦਾਰ ਰਤਨ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਹੋ ਗੀ ਸੀ ਅਮਲੀਆ ਓਏ ਕਸ਼ਮੀਰੇ ਪੰਡਤ ਨਾਲ?”
ਅਮਲੀ ਕਹਿੰਦਾ, ”ਕਾਹਨੂੰ ਕੋਈ ਗੱਲ ਹੋਈ ਸੀ ਬਾਪੂ ਦੀ, ਉਹ ਤਾਂ ਐਮੇਂ ਸੁਰਜਨ ਮੀਣੇ ਕਿਆਂ ਨੇ ਗੱਲ ਬਣਾ ‘ਤੀ ਸੀ।”
ਬੁੱਘਰ ਦਖਾਣ ਕਹਿੰਦਾ, ”ਗੱਲ ਕਿਉਂ ਬਣਾ ‘ਤੀ ਸੀ, ਸਹੀ ਸੀ ਗੱਲ। ਓਧਰ ਤਾਂ ਦਵਾਲੀ ਆ ਗੀ ਸੀ, ਓਧਰੋਂ ਇਨ੍ਹਾਂ ਦਾ ਬੁੜ੍ਹਾ ਕਸ਼ਮੀਰੇ ਪੰਡਤ ਕੀ ਕੁਕੜੀ ਚੱਕ ਲਿਆਇਆ ਬਈ ਪ੍ਰਾਹੁਣੇ ਨੇ ਆਉਣਾ, ਮੀਟ ਬਣਾਮਾਂਗੇ।”
ਬਾਬਾ ਪਾਖਰ ਸਿਉਂ ਕਹਿੰਦਾ, ”ਬਈ ਇਹ ਗੱਲ ਨ੍ਹੀ ਕਿਸੇ ਨੇ ਕਰਨੀ, ਐਮੇਂ ਲੜ ਪੋਂ ਗੇ। ਕੋਈ ਹੋਰ ਗੱਲ ਕਰੋ।”
ਗੱਲਾਂ ਸੁਣੀ ਜਾਂਦਾ ਰੁਲਦੂ ਮਾਸਟਰ ਬਾਬੇ ਪਾਖਰ ਸਿਉਂ ਨੂੰ ਕਹਿੰਦਾ, ”ਕੁਕੜੀ ਆਲੀ ਗੱਲ ਤਾਂ ਬਾਬਾ ਜੀ ਜਰੂਰ ਪੁੱਛੋ ਅਮਲੀ ਨੂੰ। ਸੋਡੇ ਆਖੇ ਤਾਂ ਦੱਸ ਦੂ, ਪਰ ਸਾਨੂੰ ਤਾਂ ਭੂਸਰੀ ਢਾਂਡੀ ਆਂਗੂੰ ਪਊ ਜੇ ਅਸੀਂ ਗੱਲ ਪੁੱਛ ਲੀ ਤਾਂ।”
ਰੁਲਦੂ ਮਾਸਟਰ ਨੂੰ ਬੋਲਿਆ ਸੁਣ ਕੇ ਨਾਥਾ ਅਮਲੀ ਰੁਲਦੂ ਮਾਸਟਰ ਨੂੰ ਚਾਰੇ ਚੱਕ ਕੇ ਪੈ ਗਿਆ, ”ਬੈਠਾ ਰਹਿ ਓਏ ਬੌਣੇ ਕਿਆ। ਸੋਨੂੰ ਸਾਰਾ ਪਿੰਡ ਚਾਹ ਆਲਿਆ ਦਾ ਲਾਣਾ ਕਾਹਤੋਂ ਕਹਿੰਦਾ ਓਏ। ਸੋਡੇ ਸਾਰੇ ਟੱਬਰ ਦੀਆਂ ਸਣਾ ਦਿੰਨਾਂ। ਲੈ ਵੱਡੇ ਬੁੜ੍ਹੇ ਤੋਂ ਜੁਆਕਾਂ ਤਕ ਜੇ ਪੱਤਰੀ ਖੋਹਲ ਲਈ ਤਾਂ ਭੱਜਣ ਨੂੰ ਥਾਂ ਨ੍ਹੀ ਥਿਆਉਣਾ। ਅੱਜ ਈ ਆ ਕੇ ਸੱਥ ‘ਚ ਸਰਪੈਂਚ ਬਣਦੈਂ।”
ਬਾਬੇ ਪਾਖਰ ਸਿਉਂ ਨੇ ਅਮਲੀ ਨੂੰ ਪੁੱਛਿਆ, ”ਹੈਂਅ! ਆ ਕੀ ਓਏ ਅਮਲੀਆ। ਚਾਹ ਆਲਿਆਂ ਦਾ ਲਾਣਾ ਕਿਮੇਂ ਵੱਜਦਾ ਮਾਹਟਰ ਕਾ ਟੱਬਰ?”
ਬੁੱਘਰ ਦਖਾਣ ਨੇ ਮਾਸਟਰ ਦਾ ਸਾਇਕਲ ਫ਼ੜ ਕੇ ਮਾਸਟਰ ਨੂੰ ਸੱਥ ‘ਚ ਬਿਠਾ ਲਿਆ। ਸੱਥ ‘ਚ ਬਿਠਾ ਕੇ ਬੁੱਘਰ ਦਖਾਣ ਨਾਥੇ ਅਮਲੀ ਨੂੰ ਕਹਿੰਦਾ, ”ਜਾਂ ਤਾਂ ਨਾਥਾ ਸਿਆਂ ਆਵਦੀ ਗੱਲ ਦੱਸ ਦੇ ਜਾਂ ਫ਼ਿਰ ਮਾਹਟਰ ਦੀ ਸਣਾ ਬਈ ਇਨ੍ਹਾਂ ਦੇ ਟੱਬਰ ਨੂੰ ਚਾਹ ਆਲਿਆਂ ਦਾ ਲਾਣਾ ਕਿਉਂ ਕਹਿੰਦਾ ਸਾਰਾ ਪਿੰਡ।”
ਰੇਸ਼ਮ ਕਾ ਗੀਸਾ ਕਹਿੰਦਾ, ”ਚਾਹ ਬਾਹਲੀ ਪੀਂਦਾ ਹੋਊ ਟੱਬਰ, ਜਾਂ ਫ਼ਿਰ ਇਨ੍ਹਾਂ ਦਾ ਕੋਈ ਵੱਡ ਵਡੇਰਾ ਚੜਿਕ ਆਲੀ ਪਸੂਆਂ ਦੀ ਮੰਡੀ ‘ਚ ਚਾਹ ਬਣਾਉਣ ਆਲੀ ਰੇਹੜੀ ਲਾਉਂਦਾ ਰਿਹਾ ਹੋਣੈ।”
ਸੀਤਾ ਮਰਾਸੀ ਕਹਿੰਦਾ, ”ਮੈਨੂੰ ਤਾਂ ਲੱਗਦਾ ਕਿਤੇ ਮਾਹਟਰ ਕੇ ਕਿਸੇ ਵੱਡ ਵਡੇਰੇ ਨੇ ਸੁੱਕੀ ਚਾਹ ਪੱਤੀ ਆਲਾ ਪੈਟਕ ਨਾ ਕਿਤੇ ਚੋਰੀ ਕਰ ਲਿਆ ਹੋਵੇ ਕਿਸੇ ਹੱਟ ‘ਚੋਂ ਤਾਂ ਕਰ ਕੇ ਚਾਹ ਆਲੇ ਵਜਦੇ ਹੋਣ। ਕਿਉਂ ਅਮਲੀਆ ਓਏ ਠੀਕ ਐ ਕੁ ਨਹੀਂ। ਬਾਕੀ ਫ਼ੇਰ ਹੁਣ ਨਾਥਾ ਸਿਉਂ ਦੱਸ ਦਿੰਦਾ ਬਈ ਕਿਮੇਂ ਐਂ ਗੱਲ?”
ਨਾਥਾ ਅਮਲੀ ਮਾਹਟਰ ਦੀ ਗੱਲ ਸੁਣਾਉਣ ਨੂੰ ਬਾਬੇ ਪਾਖਰ ਸਿਉਂ ਦੇ ਨਾਲ ਇਉਂ ਆ ਲੱਗਿਆ ਜਿਵੇਂ ਵੜੇਵਿਆਂ ਨਾਲ ਭਰੀ ਬੋਰੀ ਖੂੰਜੇ ਲਾ ਦਿੱਤੀ ਹੋਵੇ। ਬਾਬੇ ਪਾਖਰ ਸਿਉਂ ਦੇ ਮੋਢੇ ‘ਤੇ ਹੱਥ ਰੱਖ ਕੇ ਕਹਿੰਦਾ, ”ਮਾਹਟਰ ਨੂੰ ਕਹਿ ਦੇ ਬਾਬਾ ਹੁਣ ਗੱਲ ਸੁਣ ਕੇ ਜਾਵੇ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਤੂੰ ਸਣਾ ਤਾਂ ਸਹੀ। ਨਾਲੇ ਇਹ ਵੀ ਦੱਸਦੀਂ ਕਿ ਚਾਹ ਆਲਿਆਂ ਦਾ ਲਾਣਾ ਕਾਹਤੋਂ ਕਹਿੰਦਾ ਸਾਰਾ ਪਿੰਡ ਇਨ੍ਹਾਂ ਨੂੰ?”
ਅਮਲੀ ਕਹਿੰਦਾ, ”ਕੇਰਾਂ ਪਿਛਲੇ ਸਾਲ ਇਹਦੇ ਮਾਹਟਰ ਦੇ ਘਰੇ ਸੱਤ ਅੱਠ ਮਾਹਟਰ ‘ਕੱਠੇ ਹੋ ਕੇ ਆ ਗੇ। ਮਾਹਟਰ ਆਵਦੇ ਘਰ ਆਲੀ ਨੂੰ ਕਹਿੰਦਾ ‘ਚਾਹ ਬਣਾ’। ਉਹ ਕਹਿੰਦੀ ਘਰੇ ਖੰਡ ਤਾਂ ਹੈ ਨ੍ਹੀ ਹੁਣ ਕੀ ਕਰੀਏ’। ਇਹ ਮਾਹਟਰ ਕਹਿੰਦਾ ‘ਤੂੰ ਚਾਹ ਤਾਂ ਬਣਾ, ਖੰਡ ਦਾ ਬੰਦੋਬਸਤ ਮੈਂ ਆਪੇ ਕਰ ਦੂੰ’। ਉਹਨੇ ਮਾਹਟਰਨੀ ਨੇ ਫਿੱ:ਕੀਓ ਈ ਚਾਹ ਬਣਾ ‘ਤੀ। ਮਾਹਟਰ ਚਾਹ ਲੈ ਕੇ ਉਨ੍ਹਾਂ ਸਾਰੇ ਮਾਹਟਰਾਂ ਨੂੰ ਫ਼ੜਾ ਕੇ ਕਹਿੰਦਾ ‘ਬਈ ਜੀਹਦੀ ਚਾਹ ‘ਚ ਮਿੱਠਾ ਨਾ ਹੋਇਆ, ਫ਼ਿੱਕੀ ਚਾਹ ਹੋਈ, ਅੱਜ ਰਾਤ ਦਾ ਖਾਣਾ ਓਸੇ ਦੇ ਘਰੇ ਖਾਮਾਂਗੇ, ਮਨਜੂਰ ਐ। ਸਾਰੇ ਕਹਿੰਦੇ ਠੀਕ ਐ’। ਲਉ ਜੀ ਸਾਰੇ ਮਾਹਟਰਾਂ ਨੇ ਆਪੋ ਆਪਣਾ ਚਾਹ ਦਾ ਕੱਪ ਚੱਕਿਆ ਤੇ ਚਾਹ ਪੀਣ ਲੱਗ ਪੇ। ਰਾਤ ਦੇ ਖਾਣੇ ਦੇ ਖਰਚੇ ਤੋਂ ਨਾਲੇ ਘਰੋਂ ਮਾਹਟਰਨੀਆਂ ਤੋਂ ਡਰਦੇ ਨੇ ਕਿਸੇ ਨੇ ਵੀ ਇਹ ਗੱਲ ਨ੍ਹੀ ਆਖੀ ਕਿ ਮੇਰੀ ਚਾਹ ਫ਼ਿੱਕੀ ਐ। ਸਾਰੇ ਕਹਿੰਦੇ ਬਈ ‘ਠੀਕ ਐ ਮਿੱਠਾ ਚਾਹ ‘ਚ’। ਇੱਕ ਮਾਂ ਦੇ ਪੁੱਤ ਨੇ ਗਪੌੜ ਸਿਉਂ ਆਲੀ ਗੱਲ ਸਿਰੇ ਈ ਲਾ ‘ਤੀ। ਦੋ ਕੁ ਘੁੱਟਾਂ ਭਰ ਕੇ ਕਹਿੰਦਾ ‘ਮੈਨੂੰ ਮੇਰੀ ਚਾਹ ‘ਚ ਬਾਹਲਾ ਮਿੱਠਾ ਲੱਗਦੈ ਯਰ। ਮੈਂ ਤਾਂ ਕਦੇ ਏਨੇ ਮਿੱਠੇ ਆਲੀ ਚਾਹ ਈ ਨ੍ਹੀ ਪੀਤੀ। ਚਾਹ ਸਾਰਿਆਂ ਦੀ ਫਿੱਕੀਓ ਈ ਸੀ। ਇਨ੍ਹਾਂ ਤੀਮੀਂ ਆਦਮੀ ਨੇ ਇਉਂ ਚਾਲ ਚੱਲੀ।”
ਪ੍ਰਤਾਪਾ ਭਾਊ ਕਹਿੰਦਾ, ”ਅਮਲੀਆ ਉਹ ਵੀ ਦੱਸਦੇ ਹੁਣ ਜਦੋਂ ਆਪਣੇ ਓਧਰਲੇ ਗੁਆੜ ਆਲੇ ਤਾਰੇ ਲਾਭੇ ਕੀ ਸਕੀਰੀ ਆਲੇ ਆਏ ਸੀ। ਉਨ੍ਹਾਂ ਨੂੰ ਵੀ ਕਹਿੰਦੇ ਚੰਗਾ ਚਾਹਟਾ ਛਕਾਇਆ ਸੀ। ਓਦੋਂ ਵੀ ਕਹਿੰਦੇ ਚਾਹ ਦੀਓ ਈ ਕੋਈ ਗੱਲ ਹੋਈ ਸੀ। ਤਾਹੀਂ ਤਾਂ ਇਨ੍ਹਾਂ ਨੂੰ ਚਾਹ ਆਲੇ ਕਹਿੰਦਾ ਸਾਰਾ ਪਿੰਡ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਮੈਂ ਤਾਂ ਸਮਝਦਾ ਸੀ ਬਈ ਕਿਤੇ ਪਹਿਲਾਂ ਇਨ੍ਹਾਂ ਦੇ ਵੱਡ ਵਡੇਰੇ ਚਾਹ ਵੇਚਣ ਦਾ ਕੰਮ ਕਰਦੇ ਹੋਣਗੇ ਤਾਂ ਕਰਕੇ ਇਹ ਚਾਹ ਆਲੇ ਵੱਜਦੇ ਐ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਚਾਹ ਵੇਚਣ ਦਾ ਕੰਮ ਕਰਦੇ ਸੀ, ਚਾਹ ਪੀਣ ਪਿਆਉਣ ਦਾ ਈ ਰੌਲਾ ਪੈਂਦਾ ਸੀ।
ਬਾਬਾ ਪਾਖਰ ਸਿਉਂ ਕਹਿੰਦਾ, ”ਉਹ ਕਿਮੇਂ ਬਈ?”
ਨਾਥਾ ਅਮਲੀ ਕਹਿੰਦਾ, ”ਇੱਕ ਵਾਰੀ ਨ੍ਹੀ, ਕਈ ਵਾਰੀ ਗੱਲ ਹੋਈ ਐ ਚਾਹ ਦੀ। ਹੁੰਦੀ ਵੀ ਚਾਹ ਦੀਓ ਈ ਰਹੀ ਐ। ਹੋਰ ਲੰਗਰ ਪਾਣੀ ਦੀ ਕੋਈ ਵੀ ਗੱਲ ਨ੍ਹੀ।”
ਮਾਹਲਾ ਨੰਬਰਦਾਰ ਕਹਿੰਦਾ, ”ਦੱਸੇਂਗਾ ਵੀ ਕੁ ਭੂਮਕਾ ਈ ਬੰਨ੍ਹੀ ਜਾਏਂਗਾ?”
ਅਮਲੀ ਕਹਿੰਦਾ, ”ਇਹਦੇ ਮਾਹਟਰ ਦੇ ਘਰੇ ਕੇਰਾਂ ਓਧਰਲੇ ਗੁਆੜ ਆਲੇ ਤਾਰੇ ਲਾਭੇ ਕੇ ਸਕੀਰੀ ਆਲੇ ਆ ਗੇ। ਉਹ ਵੀ ਸਿਰੇ ਦੇ ਭਾਂਡੇ ਸੀ, ਏਧਰ ਇਹ ਵੀ ਪਿੰਡ ‘ਚੋਂ ਕਹਿੰਦੇ ਕਹਾਉਂਦੇ ਕੰਜੂਸ ਮੰਨੇ ਵੇ ਐ। ਉਹ ਸਕੀਰੀ ਆਲੇ ਜਦੋਂ ਮਾਹਟਰ ਦੇ ਘਰੇ ਆ ਗੇ ਤਾਂ ਮਾਹਟਰ ਕਹਿੰਦਾ ‘ਬੈਠੋ ਚਾਹ ਬਣਾਉਣੇ ਐਂ ਚਾਹ ਪੀ ਕੇ ਜਾਇਓ’। ਉਨ੍ਹਾਂ ‘ਚ ਇੱਕ ਟਿੱਚਰੀ ਕਿਸਮ ਦਾ ਬੰਦਾ ਇਹਨੂੰ ਮਾਹਟਰ ਨੂੰ ਕਹਿੰਦਾ ‘ਚਾਹ ‘ਚ ਪਾਣੀ ਨਾ ਪਾਇਓ, ਮਿੱਠਾ ਘੱਟ ਰੱਖਿਓ ਤੇ ਚਾਹ ਪੱਤੀ ਵੀ ਨਾ ਬਰਾਬਰ ਹੀ ਹੋਵੇ। ਮਾਹਟਰ ਤਾਂ ਕੁਸ ਬੋਲਿਆ ਨਾ, ਮਾਹਟਰਨੀ ਕਿਤੇ ਖੜ੍ਹੀ ਸੁਣੀ ਜਾਂਦੀ ਸੀ, ਉਹ ਆ ਕੇ ਕਹਿੰਦੀ ‘ਚਾਹ ‘ਚ ਪਾਣੀ ਤੁਸੀਂ ਨ੍ਹੀ ਪਾਉਣ ਦਿੰਦੇ, ਮਿੱਠਾ ਘੱਟ ਤੁਸੀਂ ਕਹਿ ‘ਤਾ, ਚਾਹ ਪੱਤੀ ਤੁਸੀਂ ਰੋਕ ‘ਤੀ, ਅਕੇ ਦੁੱਧ ਸਾਡੇ ਘਰੇ ਹੈ ਨ੍ਹੀ, ਚਾਹ ਕਾਹਦੀ ਬਣਾਈਏ’। ਜਦੋ ਮਾਹਟਰਨੀ ਨੇ ਇਹ ਜਵਾਬ ਦਿੱਤਾ ਤਾਂ ਉਹ ਇਉਂ ਕੰਨ ਜੇ ਵਲ੍ਹੇਟ ਕੇ ਤੁਰਗੇ ਜਿਮੇਂ ਤੂੜੀ ਲਤੜ ਦੇ ਭਈਏ ਤੂੜੀ ਆਲੀ ਸਬ੍ਹਾਤ ‘ਚੋਂ ਬਾਹਰ ਨਿਕਲਦੇ ਹੋਣ। ਆਹ ਗੱਲਾਂ ਬਾਤਾਂ ਨੇ ਬਾਬਾ ਇੰਨ੍ਹਾਂ ਦੀਆਂ ਚਾਹ ਦੀਆਂ।”
ਟਿੱਚਰਾਂ ਸੁਣੀ ਜਾਂਦਾ ਮਾਸਟਰ ਗੱਲ ਮੁੱਕਣ ਸਾਰ ਹੀ ਅਮਲੀ ਦੇ ਗਲ ਪੈ ਗਿਆ, ”ਸੋਡੇ ਟੱਬਰ ਨੇ ਕਿੰਨੇ ਕੁ ਚਾਹ ਦੇ ਜੱਗ ਕਰ ‘ਤੇ ਓਏ ਬਿੰਗੜਾ ਜਿਆ। ਸਾਰੀ ਦਿਹਾੜੀ ਸੱਥ ‘ਚ ਆ ਕੇ ਭੌਂਕਣ ਤੋਂ ਬਿਨਾਂ ਤੈਨੂੰ ਹੋਰ ਵੀ ਗੱਲ ਆਉਂਦੀ ਐ ਕੁ ਨਹੀਂ। ਸਾਲਾ ਚਿੱਬੇ ਨਾਸਾ ਜਾ ਨਾ ਹੋਵੇ ਤਾਂ।”
ਰੁਲਦੂ ਮਾਸਟਰ ਨੂੰ ਨਾਥੇ ਅਮਲੀ ‘ਤੇ ਹਰਖਿਆ ਵੇਖ ਕੇ ਬਾਬਾ ਪਾਖਰ ਸਿਉਂ ਕਹਿੰਦਾ, ”ਚੱਲੋ ਓਏ ਉੱਠੋ ਘਰ ਨੂੰ ਚੱਲੀਏ, ਐਮੇਂ ਖਾਹ ਮਖਾਹ ਲੜੋਂਗੇ ਹੁਣ। ਚੱਲੋ ਉੱਠੋ।”
ਬਾਬੇ ਦਾ ਦੱਬਕਾ ਸੁਣਕੇ ਸਾਰੇ ਸੱਥ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਗਏ।