ਰਿਤਿਕ ਰੌਸ਼ਨ ਨਾਲ ਪੂਜਾ ਹੈਗੜੇ ਨੇ ‘ਮੋਹੰਜੋਦੜੋ’ ਫ਼ਿਲਮ ਨਾਲ ਪ੍ਰਵੇਸ਼ ਕੀਤਾ ਸੀ। ਪੂਜਾ ਇਸ ਤੋਂ ਪਹਿਲਾਂ ਦੱਖਣ ਦੀਆਂ ਫ਼ਿਲਮਾਂ ਕਰਦੀ ਸੀ। ਹੀਰੋਇਨ ਬਣਨ ਦੇ ਬਾਵਜੂਦ ਉਹ ਕੁਝ ਅਸਹਿਜ ਜਿਹਾ ਮਹਿਸੂਸ ਕਰ ਰਹੀ ਹੈ। ਪੱਤਰਕਾਰਾਂ ਨਾਲ ਵੀ ਉਸ ਦਾ ਵਤੀਰਾ ਖ਼ਾਸ ਨਹੀਂ ਰਹਿੰਦਾ। ਹਾਂ ਉਹ ਕੁਝ ਤੇਲਗੂ ਫ਼ਿਲਮਾਂ ਜ਼ਰੂਰ ਕਰ ਰਹੀ ਹੈ। ਪੂਜਾ ਦੱਖਣ ਦੀ ਇੱਕ ਫ਼ਿਲਮ ‘ਚ ਵਿਸ਼ੇਸ਼ ਸੀਨ ਵੀ ਕਰ ਰਹੀ ਹੈ। ਪੂਜਾ ਦੀ ਉਂਜ ਆਕੜ ਬਹੁਤ ਹੈ ਤੇ ਉਸ ਨੇ ਸੂਰਜ ਪੇਰੋਲੀ ਨਾਲ ਫ਼ਿਲਮ ਕਰਨ ਤੋਂ ਨਾਂਹ ਕੀਤੀ ਹੈ। ਉਹ ਸਿਰਫ਼ ‘ਏ’ ਕਤਾਰ ਦੇ ਕਲਾਕਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹੈ। ਫ਼ਿਲਮ ਕਰਨੀ ਜਾਂ ਨਹੀਂ, ਉਸ ਦਾ ਨਿੱਜੀ ਫ਼ੈਸਲਾ ਹੈ ਪਰ ਹਰ ਵਾਰ ਸੁਪਰ ਸਟਾਰ ਨਾਲ ਫ਼ਿਲਮ ਕਰਨ ਦੀ ਖਾਹਿਸ਼ ਰੱਖਣੀ ਵੀ ਸਹੀ ਨਹੀਂ ਹੈ। ਟਾਲੀਵੁੱਡ ‘ਚ ਪੂਜਾ ਦੇ ਸਿਤਾਰੇ ਠੀਕ ਹਨ। ਅਨੂ ਅਰਜਨ ਨਾਲ ਉਹ ਇੱਕ ਫ਼ਿਲਮ ਕਰ ਰਹੀ ਹੈ। ਉਂਜ ਦੱਖਣ ‘ਚ ਹਿੱਟ ਫ਼ਿਲਮਾਂ ਦੇਣ ਦਾ ਰਿਕਾਰਡ ਉਸ ਕੋਲ ਹੈ। ਗਣੇਸ਼ ਅਚਾਰੀਆ ਨਾਲ ਪੂਜਾ ਡਾਂਸ ਦੀ ਰਿਹਰਸਲ ਕਰ ਰਹੀ ਹੈ। ਪੂਜਾ ਹੈਗੜੇ ਪਿਛਲੇ ਦਿਨੀਂ ਤੁਰਕੀ ਗਈ ਸੀ। ਉਹ ਹਰ ਸਾਲ ਕਿਤੇ ਨਾ ਕਿਤੇ ਘੁੰਮਣ-ਫ਼ਿਰਨ ਜਾਂਦੀ ਹੈ। ਉਸ ਲਈ ਇਹ ਜ਼ਰੂਰੀ ਨਹੀਂ ਕਿ ਘੁੰਮਣ-ਫ਼ਿਰਨ ਵਾਲੀ ਥਾਂ ਦੇਸ਼ ‘ਚ ਹੋਏ ਜਾਂ ਦੇਸ਼ ਤੋਂ ਬਾਹਰ। ਪੂਜਾ ਨੇ ਇਸਤੰਬੁਲ ਦੀ ਸੈਰ ਵੀ ਕੀਤੀ। ਉਸ ਦਾ ਸੁਪਨਾ ਦੁਨੀਆ ਦੀ ਸੈਰ ਕਰਨੀ ਹੈ। ਐਮ.ਕਾਮ ਤੱਕ ਪੜ੍ਹੀ-ਲਿਖੀ ਪੂਜਾ ਹੈਗੜੇ ਨੂੰ ‘ਰੇਸ-3’ ਮਿਲਣ ਦੀ ਪੂਰੀ ਸੰਭਾਵਨਾ ਹੈ। ਬਾਲੀਵੁੱਡ ਲਈ ਚਾਹੇ ਮੌਕੇ ਘੱਟ ਹਨ ਪਰ ਪੂਜਾ ਹੈਗੜੇ ਨੂੰ ਕੋਈ ਫ਼ਰਕ ਨਹੀਂ ਪਿਆ। ਦੱਖਣ ‘ਚ ਬਹੁਤ ਕੰਮ ਹੈ। ਤੁਰਕੀ ਘੁੰਮਣ ਤੋਂ ਬਾਅਦ ਸ਼ਾਇਦ ਉਹ ਯੂਰਪ ਜਾਂਦੀ ਪਰ ਰੁਝੇਵੇਂ ਆੜੇ ਆ ਗਏ। ਜਦ ਵੀ ਵਿਹਲ ਮਿਲੀ ਦੁਨੀਆ ਦੀ ਸੈਰ ਜਾਰੀ ਰੱਖੇਗੀ ਪੂਜਾ।