ਦੁਬਈ: ਮਹਿਲਾ ਟੀ-20 ਵਿਸ਼ਵ ਕੱਪ ਇਸ ਸਾਲ 9 ਤੋਂ 24 ਨਵੰਬਰ ਤੱਕ ਏਂਟੀਗਾ ਅਤੇ ਬਾਰਬੁਡਾ, ਗਯਾਨਾ ਅਤੇ ਸੇਂਟ ਲੂਸੀਆ ‘ਚ ਖੇਡਿਆ ਜਾਵੇਗਾ। ਮੇਜ਼ਬਾਨ ਵੈਸਟਇੰਡੀਜ਼ 2016 ‘ਚ ਆਸਟਰੇਲੀਆ ਨੂੰ ਹਰਾ ਕੇ ਜਿੱਤਿਆ ਗਿਆ ਖਿਤਾਬ ਬਰਕਰਾਰ ਰੱਖਣ ਦੀ ਕੋਸ਼ਿਸ਼ ‘ਚ ਹੋਵੇਗਾ। ਪਿਛਲੇ ਸਾਲ ਆਈ.ਸੀ.ਸੀ. ਟੀ-20 ਟੀਮ ਦੀ ਕਪਤਾਨ ਚੁਣੀ ਗਈ ਸਟੇਫ਼ਨੀ ਟੇਲਰ ਇੱਕ ਵਾਰ ਫ਼ਿਰ ਵੈਸਟਇੰਡੀਜ਼ ਦੀ ਕਮਾਨ ਸੰਭਾਲ ਸਕਦੀ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਤਿੰਨੇ ਵੈਨਿਊ ਦੀ ਚੋਣ ਬੋਲੀ ਦੀ ਪ੍ਰਕਿਰਿਆ ਦੇ ਬਾਅਦ ਕੀਤੀ ਅਤੇ ਆਈ.ਸੀ.ਸੀ. ਨੂੰ ਇਸ ਦੀ ਸੂਚਨਾ ਦੇ ਦਿੱਤੀ। ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ, ‘ਵੈਸਟਇੰਡੀਜ਼ ਦੀ ਟੀਮ ਸਾਬਕਾ ਚੈਂਪੀਅਨ ਹੈ ਅਤੇ ਮੈਨੂੰ ਇਸ ‘ਚ ਕੋਈ ਸੱਕ ਨਹੀਂ ਹੈ ਕਿ ਉਹ ਬਿਹਤਰੀਨ ਮੇਜ਼ਬਾਨ ਸਾਬਤ ਹੋਣਗੇ।” ਵੈਸਟਇੰਡੀਜ਼ ਤੋਂ ਇਲਾਵਾ ਇਸ ‘ਚ ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾ ਨਜ਼ਰ ਆਉਣਗੇ। ਬਾਕੀ ਦੋ ਜਗ੍ਹਾ ਬੰਗਲਾਦੇਸ਼, ਨੀਦਰਲੈਂਡ, ਆਇਰਲੈਂਡ, ਪਾਪੁਆ ਗਿਨੀਆ, ਸਕਾਟਲੈਂਡ, ਥਾਈਲੈਂਡ, ਯੁਗਾਂਡਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਮਿਲੇਗੀ। ਇਹ ਸਾਰੇ ਤਿੰਨ ਤੋਂ 14 ਜੁਲਾਈ ਤੱਕ ਨੀਦਰਲੈਂਡ ‘ਚ ਟੀ-20 ਕੁਆਲੀਫ਼ਾਇਰ ਖੇਡਣਗੇ। ਕੈਰੇਬੀਆਈ ਟੀਮ ਨੇ 2007 ‘ਚ ਵਿਸ਼ਵ ਕੱਪ ਅਤੇ 2010 ‘ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।