ਨਵੀਂ ਦਿੱਲੀ— ਭਾਰਤ ਦੇ 69ਵੇਂ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਕਰੀਬ-ਕਰੀਬ ਮੁਕੱਮਲ ਹੋ ਗਈਆਂ ਹਨ। ਗਣਤੰਤਰ ਦਿਹਾੜੇ ਦੇ ਨਾਲ-ਨਾਲ ਇੰਡੋ ਆਸੀਆਨ ਸੰਮੇਲਨ ‘ਚ ਹਿੱਸਾ ਲੈਣ ਲਈ 10 ਦੇਸ਼ਾਂ ਦੇ ਰਾਸ਼ਟਰ ਮੁਖੀ ਭਾਰਤ ਪਹੁੰਚੇ ਹਨ। ਇਸੇ ਲੜੀ ‘ਚ ਬਰੁਨੇਈ ਦੇ ਸੁਲਤਾਨ ਹਸਨਲ ਬੋਲਕੀਆ ਵੀ ਬੁੱਧਵਾਰ ਨੂੰ ਭਾਰਤ ਪਹੁੰਚੇ। ਬਰੁਨੇਈ ਦੇ ਸੁਲਤਾਨ ਇਸ ਦੌਰਾਨ ਆਪਣੇ ਹੀ ਖਾਸ ਅੰਦਾਜ਼ ‘ਚ ਭਾਰਤ ਪਹੁੰਚੇ ਹਨ। ਭਾਰਤੀ ਪ੍ਰਧਾਨ ਮੰਤਰੀ ਦੇ ਬੁਲਾਵੇ ‘ਤੇ ਆਸੀਆਨ ਸੰਮੇਲਨ ‘ਚ ਹਿੱਸਾ ਲੈਣ ਉਹ ਬਰੁਨੇਈ ਤੋਂ ਲੈ ਕੇ ਭਾਰਤ ਤੱਕ ਖੁਦ ਜਹਾਜ਼ ਚਲਾ ਕੇ ਆਏ।
ਬੁੱਧਵਾਰ ਨੂੰ ਜਦੋ ਬਰੁਨੇਈ ਦੇ ਸੁਲਤਾਨ ਦਾ ਜਹਾਜ਼ ਦਿੱਲੀ ‘ਚ ਉਤਰਿਆ ਤਾਂ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਭਾਰਤੀ ਗ੍ਰਹਿ ਮੰਤਰੀ ਤੇ ਸੀਨੀਅਰ ਅਧਿਕਾਰੀ ਵੀ ਹੈਰਾਨ ਰਹਿ ਗਏ। ਬਰੁਨੇਈ ਤੋਂ ਦਿੱਲੀ ਤੱਕ ਹਵਾਈ ਰਸਤੇ ਦੀ ਦੂਰੀ 5000 ਕਿਲੋਮੀਟਰ ਦੇ ਕਰੀਬ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਲਤਾਨ ਹਸਨਲ ਜਹਾਜ਼ ਉਡਾਉਣ ਦੇ ਬਹੁਤ ਸ਼ੌਕੀਨ ਹਨ। ਇਸ ਤੋਂ ਪਹਿਲਾਂ ਵੀ ਉਹ 2008 ਤੇ 2012 ‘ਚ ਵੀ ਆਪਣਾ ਜਹਾਜ਼ ਖੁਦ ਹੀ ਉਡਾ ਕੇ ਭਾਰਤ ਆ ਚੁੱਕੇ ਹਨ। ਇਸ ਸਮੇਂ ਹਸਨਲ ਦੀ ਉਮਰ 71 ਸਾਲ ਹੈ। ਉਨ੍ਹਾਂ ਦੇ ਜਹਾਜ਼ ਦੀ ਕੀਮਤ 545 ਕਰੋੜ ਰੁਪਏ ਹੈ। ਇਸ ਜਹਾਜ਼ ਦੀ ਅੰਦਰੂਨੀ ਸਜਾਵਟ ‘ਤੇ ਉਹ ਅਲੱਗ ਤੋਂ 654 ਕਰੋੜ ਖਰਚ ਕਰ ਚੁੱਕੇ ਹਨ। ਇਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਲਗਜ਼ਰੀ ਏਅਰਕ੍ਰਾਫਟ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਏਅਰਬੱਸ 340 ਤੇ 6 ਛੋਟੇ ਜਹਾਜ਼ ਵੀ ਹਨ।