ਜਾਂਦੀ ਜਾਂਦੀ ਮਾਘ ਦੀ ਠੰਢ ਨੇ ਇੱਕ ਵਾਰ ਫ਼ਿਰ ਆਪਣਾ ਰੰਗ ਵਿਖਾਇਆ। ਕਈ ਦਿਨ ਤੋਂ ਸੂਰਜ ਦੇਵਤੇ ਨੇ ਵੀ ਦਰਸ਼ਨ ਨਾ ਦਿੱਤੇ। ਧੁੰਦ ਘੱਟ ਹੋ ਜਾਣ ਨਾਲ ਅੱਜ ਸੂਰਜ ਵੀ ਝਾਤੀਆਂ ਮਾਰਨ ਲੱਗਾ। ਸੂਰਜ ਦੇ ਦਿਖਾਈ ਦਿੰਦਿਆਂ ਹੀ ਪਿੰਡ ਦੇ ਲੋਕ ਸੱਥ ‘ਚ ਆਉਣੇ ਸ਼ੁਰੂ ਹੋ ਗਏ। ਬਾਬਾ ਕਿਰਪਾਲ ਸਿਉਂ ਅਤੇ ਨਾਥਾ ਅਮਲੀ ਦੋਵੇਂ ਮੂੰਹ ਜੋੜ-ਜੋੜ ਸੱਥ ਵੱਲ ਨੂੰ ਕੀੜੀ ਦੀ ਤੋਰ ਤੁਰੇ ਆਉਂਦੇ ਇਉਂ ਗੱਲਾਂ ਮਾਰਦੇ ਆ ਰਹੇ ਸਨ ਜਿਮੇਂ ਬਾਬੇ ਨੂੰ ਕੁਸ ਪਤਾ ਹੀ ਨਾ ਹੋਵੇ ਤੇ ਅਮਲੀ ਬਾਬੇ ਨੂੰ ਸੱਥ ਬਾਰੇ ਜਾਣਕਾਰੀ ਦਿੰਦਾ ਹੋਵੇ ਕਿਉਂਕਿ ਬਾਬਾ ਕ੍ਰਿਪਾਲ ਸਿਉਂ ਬਜ਼ੁਰਗ ਅਵਸਥਾ ‘ਚ ਹੋਣ ਕਰ ਕੇ ਉਸ ਕੋਲੋਂ ਹੌਲੀ ਤੁਰਿਆ ਜਾ ਰਿਹਾ ਸੀ। ਬਾਬਾ ਕ੍ਰਿਪਾਲ ਸਿਉਂ ਅਤੇ ਨਾਥਾ ਅਮਲੀ ਦੋਵੇਂ ਜਣਿਆਂ ਨੂੰ ਸੱਥ ਵੱਲ ਆਉਂਦਿਆਂ ਨੂੰ ਵੇਖ ਕੇ ਸੱਥ ‘ਚ ਬੈਠਾ ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ,
”ਰਾਮ ਬਣਾਈ ਜੋੜੀ, ਇੱਕ ਅੰਨ੍ਹਾ ਇੱਕ ਕੋਹੜੀ ਆਲੀ ਕਹਾਵਤ ਸੱਚ ਕਰੀ ਆਉਂਦੇ ਐ ਅੱਜ ਤਾਂ ਬਾਬਾ ਕਿਰਪਾਲ ਸਿਉਂ ਅਤੇ ਨਾਥਾ ਅਮਲੀ। ਅੱਜ ਪਤੰਦਰ ਦੋਮੇਂ ਇਉਂ ‘ਕੱਠੇ ਹੋਏ ਤੁਰੇ ਆਉਂਦੇ ਐ ਜਿਮੇਂ ਗੱਡੇ ਜੁੜੇ ਮੌਲੇ ਬਲਦ ਨਾਲ ਹਾਲ਼ੀ ਕੱਢਣ ਆਲਾ ਨਮਾਂ ਵਹਿੜਕਾ ਗੱਡੇ ਦੇ ਨਾਲ ਬੰਨ੍ਹਿਆਂ ਤੁਰਿਆ ਆਉਂਦਾ ਹੋਵੇ। ਖਣੀ ਬਾਬੇ ਨੂੰ ਕਾਲੀ ਨਾਗਣੀ ਦੇ ਗੁਣ ਦੱਸਦੈ ਨਾਥਾ ਸਿਉਂ। ਬਾਹਲ਼ੀਆਂ ਡੂੰਘੀਆਂ ਗੱਲਾਂ ਮਾਰਦੇ ਆਉਂਦੇ ਐ। ਅਮਲੀ ਤਾਂ ਕਹਿੰਦਾ ਹੋਊ ਬਈ ਸੱਥ ‘ਚ ਤਾਂ ਬਾਬਾ ਆਪਣੇ ਤੋਂ ਬਹੁਤੀ ਗੱਲ ਨ੍ਹੀ ਹੋਣੀ ਕੱਠਿਆਂ ਤੋਂ, ਸੱਥ ਨੂੰ ਤੁਰੇ ਜਾਂਦੇ ਈ ਦੁੱਖ ਸੁੱਖ ਕਰ ਲੈਨੇਂ ਆਂ।”
ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, ”ਕਿਉਂ ਸੀਤਾ ਸਿਆਂ! ਕਿਰਪਾਲ ਸਿਉਂ ਤੇ ਨਾਥੇ ਅਮਲੀ ‘ਚ ਨਾ ਤਾਂ ਕੋਈ ਕੋਹੜੀ ਐ ਤੇ ਨਾ ਈ ਕੋਈ ਅੰਨ੍ਹੈ। ਇਹ ਕੀ ਗੱਲ ਬਣੀ ਬਈ?”
ਮਰਾਸੀ ਕਹਿੰਦਾ, ”ਮੈਂ ਤਾਂ ਨੰਬਰਦਾਰਾ ਕਹਾਵਤ ਦਾ ਵੇਰਵਾ ਪਾ ਕੇ ਕਹੀ ਐ ਗੱਲ ਬਈ ਕੋਹੜੀ ਅਤੇ ਅੰਨ੍ਹੇ ਆਲੀ ਗੱਲ ਐ। ਅੱਗੇ ਤਾਂ ਇਹ ਦੋਮੇਂ ਕਦੇ ‘ਕੱਠੇ ਆਏ ਗਏ ਨ੍ਹੀ, ਅੱਜ ਇਉਂ ‘ਕੱਠੇ ਤੁਰੇ ਆਉਂਦੇ ਐ ਜਿਮੇਂ ਪਹਿਲੀ ਵਾਰ ਕੋਈ ਨਮੇਂ ਬਣੇ ਵਚੋਲਾ ਵਚੋਲਣ ਵਿਆਹ ‘ਚ ਕੜਾਹੀ ਚੜ੍ਹੀ ਵਾਲੇ ਦਿਨ ਮੁੰਡੇ ਆਲੇ ਦੇ ਘਰ ਨੂੰ ਸ਼ਪੀਟ ਫ਼ੜੀ ਵਗੇ ਜਾਂਦੇ ਹੋਣ।”
ਬੁੱਘਰ ਦਖਾਣ ਕਹਿੰਦਾ, ”ਆ ਲੈਣ ਦੇ ਬਾਬੇ ਅਰਗਿਆਂ ਨੂੰ ਸੱਥ ‘ਚ। ਦਸਦੇ ਐਂ, ਬਾਬੇ ਨੂੰ ਬਈ ਸੀਤਾ ਸਿਉਂ ਤੈਨੂੰ ਤਾਂ ਕੋਹੜੀ ਕਹਿੰਦਾ ਤੇ ਨਾਥਾ ਸਿਉਂ ਨੂੰ ਅੰਨ੍ਹਾ ਕਹਿੰਦਾ। ਫ਼ੇਰ ਵੇਖੀਂ ਕੀ ਭਾਅ ਵਿਕੂ।”
ਜਿਉਂ ਹੀ ਬਾਬਾ ਕ੍ਰਿਪਾਲ ਸਿਉਂ ਤੇ ਨਾਥਾ ਅਮਲੀ ਸੱਥ ‘ਚ ਆ ਪਹੁੰਚੇ ਤਾਂ ਭਜਨੇ ਜੱਬ੍ਹਲ ਕਾ ਰੀਠਾ ਬਾਬੇ ਨੂੰ ਇਹ ਕਹਿ ਕੇ ਸੱਥ ‘ਚੋਂ ਭੱਜ ਗਿਆ ‘ਬਾਬਾ! ਤੈਨੂੰ ਤਾਇਆ ਸੀਤਾ ਮਰਾਸੀ ਕੋਹੜੀ ਕਹਿੰਦਾ ਸੀ, ਨਾਲੇ ਤਾਏ ਨਾਥੇ ਨੂੰ ਅੰਨ੍ਹਾਂ ਕਹਿੰਦਾ ਸੀ’।”
ਭੱਜੇ ਜਾਂਦੇ ਰੀਠੇ ਨੂੰ ਸੀਤਾ ਮਰਾਸੀ ਕਹਿੰਦਾ, ”ਠਹਿਰ ਜਾ ਠਹਿਰ ਭਟਿੱਟਰਾ ਜਿਆ ਤੇਰੇ ਤਾਂ ਮੈਂ ਆਉਣਾ ਘਰੇ। ਤੇਰੇ ਤਾਂ ਆ ਕੇ ਕਰਦਾਂ ਜੂਤ ਪਤਾਨ। ਸਾਲਿਆ ਬਾਂਦਰਾ ਜਿਆ ਮਾਰ ਕੇ ਝੂਠ, ਹੁਣ ਖੜ੍ਹਾ ਮਨ੍ਹੀ।”
ਸੱਥ ਵਾਲੇ ਥੜ੍ਹੇ ‘ਤੇ ਬੈਠਣ ਸਾਰ ਹੀ ਸੀਤੇ ਮਰਾਸੀ ਦੀਆਂ ਰੀਠੇ ਨੂੰ ਕਹੀਆਂ ਗੱਲਾਂ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਕਹਿੰਦਾ, ”ਗੱਲਾਂ ਤਾਂ ਮਰਾਸੀਆ ਤੂੰ ਕਹੀਆਂ ਹੋਣੀਐਂ, ਹੁਣ ਬਾਬੇ ਤੋਂ ਡਰਦਾ ਮੁੱਕਰ ਨਾ, ਨਹੀਂ ਤਾਂ ਮੈਂ ਰੀਠੇ ਨੂੰ ਘਰੋਂ ਸੱਦ ਲਿਆਊਂ। ਜੇ ਉਹਨੇ ਕਹਿ ‘ਤਾ ਬਈ ਹਾਂ ਇਹਨੇ ਕਿਹਾ ਸੀ ਫ਼ੇਰ ਆਪਣਾ ਛਿੱਤਰ ਪਤਾਣ ਖੜਕੂ।”
ਨਾਥੇ ਅਮਲੀ ਨੂੰ ਕਰੋਧ ‘ਚ ਆਇਆ ਵੇਖ ਕੇ ਪ੍ਰਤਾਪਾ ਭਾਊ ਅਮਲੀ ਨੂੰ ਕਹਿੰਦਾ, ”ਓ ਛੱਡ ਯਰ ਭਾਅ ਇਹ ਗੱਲਾਂ, ਕੁਸ ਨ੍ਹੀ ਕਿਅ੍ਹਾ ਜੇ ਮੀਰ ਨੇ। ਉਹ ਤਾਂ ਐਮੇ ਜੁਆਕ ਗੱਲ ਦਾ ਗਲੇਲਾ ਵੱਟ ਕੇ ਸੱਥ ‘ਚ ਸਿੱਟ ਗਿਆ ਜਿਮੇਂ ਬਾਂਦਰਾਂ ‘ਚ ਭੇਲੀ ਸਿੱਟੀ ਤੋਂ ਬਾਂਦਰ ਝੀਟ-ਮਝੀਟੇ ਹੋ ਜਾਂਦੇ ਐ। ਕਿਤੇ ਸੱਥ ‘ਚ ਨਾ ਪਤੰਦਰੋ ਲੜ ਪੋਂ, ਹੋਰ ਨਮਾਂ ਜੱਬ੍ਹ ਖੜ੍ਹਾ ਹੋ ਜੇ।”
ਤਾਰੇ ਮੋਹਰੇ ਕਾ ਜੱਗਾ ਕਹਿੰਦਾ, ”ਚੰਗਾ ਸਮਾਂ ਭੋਰਾ ਪਾਲਾ ਲਹਿ ਜੂ। ਮਾੜੀ ਮੋਟੀ ਤਾਂ ਸੱਥ ਗਰਮ ਹੋ ਲੈਣ ਦੇਣੀ ਚਾਹੀਦੀ ਐ। ਜੇ ਸੱਥ ‘ਚ ਉੱਚੀ ਉੱਚੀ ਰੌਲ਼ਾ ਨਾ ਪਵੇ ਤਾਂ ਮਰਗ ਆਲੇ ਘਰ ਅਰਗੀ ਲੱਗਦੀ ਐ ਸੱਥ।”
ਬੁੱਘਰ ਦਖਾਣ ਜੱਗੇ ਦੀ ਗੱਲ ਸੁਣ ਕੇ ਬੋਲਿਆ, ”ਹੁਣ ਫ਼ੇਰ ਇਨ੍ਹਾਂ ਨੂੰ ਜੁੰਡੋ ਜੂੰਡੀ ਹੋ ਜਾਣਾ ਚਾਹੀਦਾ?”
ਨਾਥਾ ਅਮਲੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਕਹਿੰਦਾ, ”ਜੁੰਡੋ ਜੂੰਡੀ ਦੀ ਗੱਲ ਨ੍ਹੀ ਬੁੱਘਰ ਸਿਆਂ, ਗੱਲ ਤਾਂ ਮੈਂ ਵੀ ਸਮਝਦਾਂ। ਇਨ੍ਹੇ ਮਰਾਸੀ ਨੇ ਕੁੱਤੇ ਭਕਾਈ ਤਾਂ ਜਰੂਰ ਮਾਰੀ ਹੋਣੀ ਐਂ, ਹੁਣ ਬਾਬੇ ਤੋਂ ਡਰਦਾ ਮੁੱਕਰੀ ਜਾਂਦੈ।”
ਅਮਲੀ ਨੂੰ ਗੁੱਸੇ ਆਇਆ ਵੇਖ ਕੇ ਬਾਬੇ ਕ੍ਰਿਪਾਲ ਸਿਉਂ ਨੇ ਸੀਤੇ ਮਰਾਸੀ ਨੂੰ ਸੱਥ ‘ਚੋਂ ਘਰ ਨੂੰ ਘੱਲ ‘ਤਾ। ਸੀਤੇ ਮਰਾਸੀ ਦੇ ਕੰਨ ‘ਚ ਮੱਧਮ ਜਿਹੀ ਆਵਾਜ਼ ‘ਚ ਬਾਬਾ ਕਿਰਪਾਲ ਸਿਉਂ ਸੀਤੇ ਮਰਾਸੀ ਨੂੰ ਕਹਿੰਦਾ, ”ਤੂੰ ਤਾਂ ਸਿਆਣਾ ਬਿਆਣਾ ਬੰਦੈਂ, ਤੂੰ ਈ ਚੁੱਪ ਕਰ ਜਾ, ਨਹੀਂ ਫ਼ੇਰ ਤੂੰ ਘਰ ਨੂੰ ਵਗ ਜਾ ਨਹੀਂ ਫ਼ੇਰ ਐਮੇਂ ਤੇਰੇ ਨਾਲ ਅਮਲੀ ਲੜਨਗੇ । ਐਥੇ ਸੱਥ ‘ਚ ਹੋਰ ਕੋਈ ਨਮਾਂ ਝੱਜੂ ਖੜ੍ਹਾ ਹੋਊ। ਜਾਹ ਜਾਂਦਾ ਰਹਿ।”
ਬਾਬੇ ਦੇ ਕਹਿਣ ‘ਤੇ ਸੀਤਾ ਮਰਾਸੀ ਤਾਂ ਘਰ ਨੂੰ ਚਲਾ ਗਿਆ, ਫ਼ੇਰ ਨਾਥੇ ਅਮਲੀ ਨੇ ਸਾਂਭ ਲਿਆ ਸਪੀਕਰ। ਮਾਹਲੇ ਨੰਬਰਦਾਰ ਨੂੰ ਨਾਥਾ ਅਮਲੀ ਕਹਿੰਦਾ, ”ਊਂ ਇੱਕ ਤਾਂ ਨੰਬਰਦਾਰਾ ਚੰਗਾ ਹੋ ਗਿਆ ਬਈ ਜਿਹੜਾ ਮਰਾਸੀ ਨੂੰ ਬਾਬੇ ਨੇ ਘਰੇ ਭਜਾ ‘ਤਾ, ਨਹੀਂ ਫ਼ਿਰ ਅੱਜ ਮੁੱਦਕੀ ਆਲੀ ਲੜਾਈ ਹੋਣੀ ਸੀ। ਇਹਨੂੰ ਮੰਗ ਖਾਣੀ ਜਾਤ ਨੂੰ ਮੈਂ ਦਸਦਾ ਬਈ ਨਾਥਾ ਸਿਉਂ ਕੀ ਚੀਜ ਐ। ਖਾ ਖਾ ਲੋਕਾਂ ਦੇ ਘਰੋਂ ਢਿੱਡ ਵੇਖਿਆ ਕਿਮੇਂ ਫ਼ਲਾਇਆ ਜਿਮੇਂ ਬੁੱਲਬਲੇ ‘ਚ ਫ਼ੂਕ ਭਰੀ ਹੁੰਦੀ ਐ।”
ਸੂਬੇਦਾਰ ਰਤਨ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਓ ਛੱਡ ਯਾਰ ਅਮਲੀਆ ਹੁਣ ਗੱਲ ਨੂੰ। ਮਰਾਸੀ ਤਾਂ ਹੁਣ ਸੱਥ ‘ਚੋਂ ਡੰਡੀ ਲੱਗਿਆ ਹੁਣ ਨਾ ਬੋਲ।”
ਜਦੋਂ ਸੂਬੇਦਾਰ ਨੇ ਨਾਥੇ ਅਮਲੀ ਨੂੰ ਅਮਲੀ ਕਿਹਾ ਤਾਂ ਅਮਲੀ ਸੂਬੇਦਾਰ ਦੇ ਗਲ ਪੈ ਗਿਆ, ”ਮੇਰੇ ਮਾਂ ਪਿਉ ਨੇ ਮੇਰਾ ਨਾਂਅ ਨਾਥਾ ਸਿਉਂ ਧਰਿਆ, ਤੂੰ ਮੈਨੂੰ ਅਮਲੀ ਅਮਲੀ ਕਹੀ ਜਾਨੈਂ। ਤੈਥੋਂ ਨਾਥਾ ਸਿਉਂ ਨ੍ਹੀ ਕਿਹਾ ਜਾਂਦਾ। ਵੱਡਾ ਆਇਆ ਇਹੇ ਸਤੀਲਦਾਰ।”
ਅਮਲੀ ਨੂੰ ਆਪਣੇ ‘ਤੇ ਹਰਖਿਆ ਵੇਖ ਕੇ ਸੂਬੇਦਾਰ ਰਤਨ ਸਿਉਂ ਵੀ ਅਮਲੀ ਨੂੰ ਭੂਸਰੀ ਢਾਡੀ ਵਾਂਗੂੰ ਪੈ ਨਿੱਕਲਿਆ, ”ਜਦੋਂ ਤੂੰ ਮੈਨੂੰ ਫ਼ੌਜੀ-ਫ਼ੌਜੀ ਕਹਿੰਦਾ ਹੁੰਨਾ ਓਏ, ਮੈਂ ਤਾਂ ਕਦੇ ਬੋਲਿਆ ਨ੍ਹੀ, ਤੂੰ ਵਾਧੂ ਈ ਭੁੱਖੀ ਬਾਂਦਰੀ ਆਂਗੂੰ ਦੰਦੀਆਂ ਚੜਾਈ ਜਾਨੈਂ। ਮੈਂ ਸੂਬੇਦਾਰੀ ਪਿਨਸ਼ਨ ਆਇਆਂ, ਫ਼ੌਜੀ ਕਿਮੇਂ ਹੋ ਗਿਆ ਮੈਂ। ਸਾਰਾ ਪਿੰਡ ਮੈਨੂੰ ਸੂਬੇਦਾਰ-ਸੂਬੇਦਾਰ ਕਹਿੰਦਾ, ਤੂੰ ‘ਕੱਲਾ ਈ ਫ਼ੌਜੀ-ਫ਼ੌਜੀ ਕਹਿ ਕੇ ਮੇਰਾ ਰੁਤਬਾ ਘਟਾਈ ਜਾਂਦਾ ਰਹਿਨੈਂ।”
ਰੁੱਤਬੇ ਦੀ ਗੱਲ ਸੁਣ ਕੇ ਅਮਲੀ ਫ਼ੇਰ ਪੈ ਗਿਆ ਸੂਬੇਦਾਰ ਨੂੰ ਚਾਰੇ ਚੱਕ ਕੇ, ”ਰੁਤਬੇ ਨੂੰ ਤੂੰ ਗਾਹਾਂ ਸਰਸੇ ਆਲੇ ਸਾਧ ਆਲੀ ਕੁਰਸੀ ਸਾਂਭ ਲੀ, ਆਇਆ ਤਾਂ ਤੂੰ ਫ਼ੌਜ ‘ਚੋਂ ਈ ਐ!”
ਸੂਬੇਦਾਰ ਕਹਿੰਦਾ, ”ਹਾਂ ਫ਼ੌਜ ‘ਚੋਂ ਈ ਆਇਆਂ ਹੋਰ ਕਿਤੇ ਗਿੱਦੜ ਕੁੱਟਾਂ ਦੀਆਂ ਝੁੱਗੀਆਂ ‘ਚੋਂ ਤਾਂ ਨ੍ਹੀ ਆਇਆ। ਦੇਸ਼ ਦੀ ਰਾਖੀ ਕੀਤੀ ਐ ‘ਠਾਈ ਸਾਲ, ਐਮੇਂ ਨ੍ਹੀ ਮੋਢੇ ‘ਤੇ ਸਟਾਰ ਲੱਗੇ। ਮਾਰਦੈਂ ਗੱਲਾਂ।”
ਅਮਲੀ ਕਹਿੰਦਾ, ”ਤੇ ਫ਼ੇਰ ਜਿਹੜਾ ਬੰਦਾ ਪੁਲਸ ‘ਚੋਂ ਆਇਆ ਹੋਵੇ ਓਹਨੂੰ ਪੁਲਸੀਆ ਕਹਿੰਦਾ ਆਪਣਾ ਸਾਰਾ ਪਿੰਡ। ਤੂੰ ‘ਕੱਲਾ ਥੋੜ੍ਹੋ ਫ਼ੌਜ ‘ਚੋਂ ਆਇਆਂ। ਹੋਰ ਵੀ ਕਈ ਫ਼ੌਜ ‘ਚੋਂ ਆਏ ਐ ਆਪਣੇ ਪਿੰਡ ਦੇ। ਉਨ੍ਹਾਂ ਨੂੰ ਵੀ ਸਾਰਾ ਪਿੰਡ ਫ਼ੌਜੀਓ ਈ ਕਹਿੰਦਾ, ਜੇ ਤੈਨੂੰ ਫ਼ੌਜੀ ਕਹਿ ‘ਤਾ ਤਾਂ ਊਈਂ ਮੱਚੀ ਵੀ ਛੁਰਲੀ ਦੇ ਧੂੰਏਂ ਆਂਗੂੰ ਨਾਸਾਂ ਨੂੰ ਚੜ੍ਹੀ ਜਾਨੈਂ। ਮਾੜਾ ਮੋਟਾ ਬੰਦਾ ਕਬੰਦਾ ਵੀ ਵੇਖ ਲਿਆ ਕਰ ਕਦੇ। ਤੈਨੂੰ ਹਰੇਕ ਨਾਲ ਲੜਨ ਦਾ ਚਾਅ ਈ ਚੜ੍ਹਿਆ ਰਹਿੰਦਾ। ਮੈਨੂੰ ਇਉਂ ਲਗਦਾ ਜਿਮੇਂ ਤੂੰ ਫ਼ੌਜ ‘ਚ ਹੁੰਦੇ ਹੋਏ ਕੋਈ ਲੜਾਈਓ ਈ ਨ੍ਹੀ ਲੜੀ ਹੋਣੀ ਤਾਂ ਹੀ ਸੱਥ ‘ਚ ਆ ਕੇ ਹਰੇਕ ਨਾਲ ਈ ਖਹਿਣ ਲੱਗ ਜਾਨੈਂ ਜਿਮੇਂ ਮੱਕ ਦਾ ਰੱਜਿਆ ਵਿਆ ਸਾਨ੍ਹ ਤੂੜੀ ਆਲੇ ਕੁੱਪ ਨਾਲ ਖਹਿੰਦਾ ਫ਼ਿਰਦਾ ਹੁੰਦੈ।”
ਅਮਲੀ ਤੇ ਸੂਬੇਦਾਰ ਨੂੰ ਬੋਲ ਕਬੋਲ ਕਰਦੇ ਸੁਣ ਕੇ ਚੜ੍ਹਤਾ ਬੁੜ੍ਹਾ ਕਹਿੰਦਾ, ”ਕਿਉਂ ਯਾਰ ਗਾਜਰਾਂ ਵੇਚਣੀਆਂ ਲਈਆਂ। ਕੋਈ ਹੋਰ ਵੀ ਗੱਲ ਕਰ ਲੋ। ਪਹਿਲਾਂ ਸੀਤਾ ਸਿਉਂ ਨੂੰ ਸੱਥ ‘ਚੋਂ ਘੱਲਿਆ ਬਈ ਕਿਤੇ ਲੜ ਨਾ ਪੈਣ। ਹੁਣ ਤੁਸੀਂ ਆਹਢਾ ਵਿੱਢ ਲਿਆ। ਆਪਾਂ ਸੱਥ ‘ਚ ਲੜਨ ਆਉਣੇ ਕੁ ਢਿੱਡ ਹੌਲਾ ਕਰਨ ਆਉਣੇ ਆਂ। ਚੁੱਪ ਕਰੋ ਕੋਈ ਹੋਰ ਗੱਲ ਕਰੋ।”
ਨਾਥਾ ਅਮਲੀ ਬੁੜ੍ਹੇ ਚੜ੍ਹਤੇ ਦੀ ਗੱਲ ਸੁਣ ਕੇ ਕਹਿੰਦਾ, ”ਜਿੰਨ੍ਹਾਂ ਦੇ ਢਿੱਡ ਭਾਰੇ ਐ ਉਹ ਕਰ ਲੈਣ ਹੌਲ਼ੇ। ਸਾਡਾ ਤਾਂ ਪਹਿਲਾਂ ਈਂ ਹੌਲੇ ਤੋਂ ਵੀ ਹੌਲ਼ੈ, ਏਦੂੰ ਕੀ ਹੌਲ਼ਾ ਹੋ ਜੂ।”
ਬਾਬਾ ਕਿਰਪਾਲ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਅਮਲੀ ਦਾ ਢਿੱਡ ਤਾਂ ਪਹਿਲਾਂ ਈਂ ਘੋਟਣੇ ਨਾਲ ਕੁੱਟ ਕੇ ਚਿੱਬੇ ਕੀਤੇ ਦੀਵੇ ਅਰਗਾ ਹੋਇਆ ਪਿਆ ਇਹਦਾ ਢਿੱਡ ਕੀ ਹੌਲਾ ਹੋ ਜੂੰ ਜੀਹਦਾ ਢਿੱਡ ਈ ਹੈ ਨ੍ਹੀ।”
ਅਮਲੀ ਬਾਬੇ ਦੀ ਗੱਲ ‘ਤੇ ਰਬੜ ਦੀ ਖਿੱਦੋ ਵਾਂਗੂੰ ਬੁੜ੍ਹਕਿਆ, ”ਕਿਹੜੀਆਂ ਗੱਲਾਂ ਕਰਦੈਂ ਬਾਬਾ ਤੂੰ, ਨਾਥਾ ਸਿਉਂ ਦਾ ਢਿੱਡ ਚਿੱਬੇ ਦੀਵੇ ਵਰਗਾ ਨ੍ਹੀ, ਸ਼ਟੀਲ ਹੈਡ ਗੱਡੀ ਐ ਗੱਡੀ। ਤੂੰ ਤਾਂ ਹੁਣ ਜਲੇਬੀਆਂ ਦੇ ਨੇੜੇ ਹੋਇਆ ਵਿਐਂ, ਤੈਨੂੰ ਕੀ ਆਖਣਾ, ਕਿਤੇ ਜਿੱਦੇ ਕਿਸੇ ਨਾਲ ਹੱਥ ਜੁੜੇ ਓਦਣ ਵੇਖੀ ਕਿਮੇਂ ਗੁੱਲੀ ਆਂਗੂੰ ਕੰਧ ਟਪਾਉਂਦਾ ਅਗਲੇ ਨੂੰ।”
ਅਮਲੀ ਦਾ ਹੌਸਲਾ ਸੁਣ ਕੇ ਮਾਹਲਾ ਨੰਬਰਦਾਰ ਕਹਿੰਦਾ, ”ਸੱਦੀਏ ਫ਼ਿਰ ਸੀਤੇ ਮਰਾਸੀ ਨੂੰ ਜੇ ਚਾਰ ਹੱਥ ਕਰਨੇ ਐ ਤਾਂ?”
ਬਚਿੱਤਰ ਬੁੜ੍ਹਾ ਕਹਿੰਦਾ, ”ਐਮੇਂ ਨਾ ਯਾਰ ਮਰਾਸੀ ਨੂੰ ਸੱਦ ਕੇ ਕੋਈ ਨਮਾਂ ਉੱਧ ਮੂਲ ਖੜ੍ਹਾ ਕਰ ਦਿਓ। ਇਹ ਨਾਥਾ ਸਿਉਂ ਤਾਂ ਅੱਗੇ ਈ ਮਰਾਸੀ ‘ਤੇ ਲੋਹਾ ਲਾਖਾ ਹੋਇਆ ਫਿਰਦੈ। ਮਰਾਸੀ ਨੂੰ ਸੱਦ ਕੇ ਐਮੇਂ ਨਾ ਚੰਡੋਲ ਪੁੱਠੀ ਗੇੜ ਬੈਠਿਓ। ਕੋਈ ਹਾਸੇ ਠੱਠੇ ਦੀ ਗੱਲ ਕਰ ਲੋ। ਅੱਜ ਤਾਂ ਸੱਥ ‘ਚ ਲੜੋ ਲੜਾਈ ਆਲਾ ਈ ਟੈਮ ਨੰਘਿਆ। ਛਿਪ ਲੈਣ ਦਿਉ ਸੂਰਜ ਨੂੰ ਸੌਖੇ ਸਾਹ।”
ਏਨੇ ਚਿਰ ਨੁੰ ਸੀਤੇ ਮਰਾਸੀ ਨੂੰ ਫ਼ੇਰ ਸੱਥ ਵੱਲ ਨੂੰ ਤੁਰਿਆ ਆਉਂਦਾ ਵੇਖ ਕੇ ਬੁੱਘਰ ਦਖਾਣ ਕਹਿੰਦਾ, ”ਹੋਅ ਆਉਂਦਾ ਫ਼ਿਰ ਸੀਤਾ ਮਰਾਸੀ ਤਾਂ। ਤੂੰ ਵੀ ਹੋ ਜਾ ਅਮਲੀਆ ਤਿਆਰ ਓਏ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਬਾਬਾ ਕ੍ਰਿਪਾਲ ਸਿਉਂ ਬੁੱਘਰ ਨੂੰ ਕਹਿੰਦਾ, ”ਕਿਉਂ ਯਰ ਬੁੱਘਰ ਸਿਆਂ ਬਲਦੀ ‘ਤੇ ਤੇਲ ਪਾਉਣੈ। ਚੱਲੋ ਉਠੋ ਯਰ ਘਰਾਂ ਨੂੰ ਚੱਲੋ, ਐਮੇਂ ਲੜੋਂਗੇ।”
ਬਾਬੇ ਦਾ ਕਿਹਾ ਸੁਣ ਕੇ ਸਾਰੇ ਸੱਥ ਵਾਲੇ ਸੀਤੇ ਮਰਾਸੀ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ-ਪਹਿਲਾਂ ਸੱਥ ‘ਚੋਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਤੇ ਸੀਤਾ ਮਰਾਸੀ ਵੀ ਸੱਥ ‘ਚੋਂ ਉੱਠੇ ਬੰਦਿਆਂ ਨੂੰ ਵੇਖ ਕੇ ਰਾਹ ‘ਚੋਂ ਹੀ ਘਰ ਨੂੰ ਮੁੜ ਗਿਆ ਬਈ ਸੱਥ ਤਾਂ ਹੁਣ ਬਿੱਝੜ ਗਈ ਆਪਾਂ ਸੱਥ ‘ਚ ਜਾ ਕੇ ਕੀ ਕਰਾਂਗੇ।