ਚੰਡੀਗੜ – ਲੁਧਿਆਣਾ ਨਗਰ ਨਿਗਮ ਚੋਣਾਂ 24 ਫਰਵਰੀ ਨੂੰ ਹੋਣਗੀਆਂ ਅਤੇ 27 ਨੂੰ ਨਤੀਜੇ ਐਲਾਨੇ ਜਾਣਗੇ । ਇਸ ਸਬੰਧੀ ਰਾਜ ਚੋਣ ਕਮਿਸ਼ਨ, ਪੰਜਾਬ, ਵਲੋਂ ਨਗਰ ਨਿਗਮ, ਲੁਧਿਆਣਾ ਦੀਆਂ ਆਮ ਚੋਣਾਂ, ਨਗਰ ਨਿਗਮ, ਮੋਗਾ ਦੇ ਇਕ ਵਾਰਡ ਅਤੇ ਵੱਖ ਵੱਖ ਮਿਊਂਸਪਲ ਕੋਂਂਸਲਾਂ/ ਨਗਰ ਪੰਚਾਇਤਾਂ ਦੇ 26 ਵਾਰਡਾਂ ਦੀਆਂ ਉਪ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਨਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕ੍ਰਿਆ ਮਿਤੀ 08.02.2018 ਤੋਂ ਸ਼ੁਰੂ ਹੋ ਜਾਵੇਗੀ ਅਤੇ ਮਿਤੀ 13.02.2018 ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। (ਮਿਤੀ 10.02.2018 ਅਤੇ 11.02.2018 ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ।) ਮਿਤੀ 14.02.2018 ਨੂੰ ਜਨਤਕ ਛੁੱਟੀ ਹੋਣ ਕਾਰਨ, ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15.02.2018 ਨੂੰ ਹੋਵੇਗੀ, ਮਿਤੀ 16.02.2018 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਮਿਤੀ 16.02.2018 ਨੂੰ ਚੋਣ ਨ•ਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 24.02.2018 ਨੂੰ ਵੋਟਾਂ ਪੈਣਗੀਆਂ।
ਨਗਰ ਨਿਗਮ, ਲੁਧਿਆਣਾ ਦੀਆਂ ਵੋਟਾਂ ਦੀ ਗਿਣਤੀ ਮਿਤੀ 27.02.2018 ਸ਼ੁਰੂ ਹੋਵੇਗੀ ਅਤੇ ਬਾਕੀ ਉਪ ਚੋਣਾਂ ਦੀ ਗਿਣਤੀ ਮਿਤੀ 24.02.2018 ਚੋਣ ਪ੍ਰੀਕ੍ਰਿਆ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
ਨਗਰ ਨਿਗਮ, ਲੁਧਿਆਣਾ ਵਿਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨਾਂ ਵਿਚੋਂ ਲੱਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।
ਰਾਜ ਚੋਣ ਕਮਿਸ਼ਨ ਵਲੋਂ ਸਥਾਨਕ ਸਰਕਾਰ, ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੰਭਾਵਿਤ ਉਮੀਦਵਾਰਾਂ ਨੂੰ ਇਤਰਾਹੀਣਤਾ ਸਾਰਟੀਫਿਕੇਟ (ਨੋ ਆਬਜੈਕਸ਼ਨ ਸਾਰਟੀਫਿਕੇਟ) ਸਮੇਂ ਸਿਰ ਜਾਰੀ ਕੀਤੇ ਜਾਣ ਤਾਂ ਜੋ ਉਨਾਂ ਨੂੰ ਨਾਮਜ਼ਦਗੀ ਪੱਤਰ ਭਰਨ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਸਬੰਧਤ ਨਗਰ ਨਿਗਮ ਅਤੇ ਨਗਰ ਕੋਂਸਲਾਂ / ਨਗਰ ਪੰਚਾਇਤਾਂ ਅਧੀਨ ਆਉਂਦੇ ਖੇਤਰ ਵਿਚ ਚੋਣ ਜਾਬਤਾ ਤੁਰੰਤ ਤੋਂ ਲਾਗੂ ਹੋ ਗਿਆ ਹੈ ਜੋ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।