– ਸਰਬ ਪਾਰਟੀ ਵਿਧਾਨ ਸਭਾ ਕਮੇਟੀ ਬਣਾਉਣ ਦੀ ਕੀਤੀ ਮੰਗ
-ਕਿਸਾਨੀ ਕਰਜਿਆਂ ਅਤੇ ਆਤਮ ਹੱਤਿਆਵਾਂ ਦੇ ਮੁੱਦੇ ਉਤੇ ਬਣਾਈ ਸਰਬ ਪਾਰਟੀ ਵਿਧਾਨ ਸਭਾ ਕਮੇਟੀ ਵਾਂਗ ਇਹ ਕਮੇਟੀ ਵੀ ਸੂਬੇ ਦੇ ਖਜਾਨੇ ਨੂੰ ਬਚਾਉਣ ਵੱਲ ਹੋਵੇਗਾ ਇਕ ਕਦਮ-ਖਹਿਰਾ
ਚੰਡੀਗੜ – ਗੈਰੀ ਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਦੇ ਮੁੱਦੇ ਉਤੇ ‘ਆਪ’ ਦਾ ਵਫਦ ਅੱਜ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਿਆ ਅਤੇ ਇਸ ਮੁੱਦੇ ਦੇ ਹੱਲ ਲਈ ਸਰਬ ਪਾਰਟੀ ਵਿਧਾਨ ਸਭਾ ਕਮੇਟੀ ਬਣਾਉਣ ਦੀ ਮੰਗ ਕੀਤੀ। ਵਫਦ ਦੇ ਮੈਂਬਰਾਂ ‘ਆਪ’ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੰਵਰ ਸੰਧੂ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਰੁਪਿੰਦਰ ਕੌਰ ਰੂਬੀ, ਵਿਧਾਇਕ ਮਾਸਟਰ ਬਲਦੇਵ ਸਿੰਘ, ਵਿਧਾਇਕ ਹਰਪਾਲ ਸਿੰਘ ਚੀਮਾਂ, ਵਿਧਾਇਕ ਜਗਤਾਰ ਸਿੰਘ ਹਿਸੋਵਾਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਮੰਗ ਕੀਤੀ ਕਿ ਲੋਕਾਂ ਵਿਚ ਪੈਦਾ ਹੋਏ ਰੋ ਨੂੰ ਵੇਖਦਿਆਂ ਸਰਬ ਪਾਰਟੀ ਕਮੇਟੀ ਦਾ ਗਠਨ ਜਲਦ ਕੀਤਾ ਜਾਵੇ।
ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਨਜਾਇਜ ਮਾਈਨਿੰਗ ਦੇ ਮੁੱਦੇ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਭੂਚਾਲ ਲਿਆਂਦਾ ਹੋਇਆ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸਨੂੰ ਜੋਰ-ਸ਼ੋਰ ਨਾਲ ਚੁਕਿਆ ਗਿਆ ਸੀ। ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਅਕਾਲੀ-ਭਾਜਪਾ ਆਗੂਆਂ ਦੁਆਰਾ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਸਰਕਾਰ ਬਣਨ ਉਪਰੰਤ ਬੰਦ ਕਰਨ ਦਾ ਵਾਅਦਾ ਕੀਤਾ ਸੀ। ਖਹਿਰਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਂਗਰਸ ਨੇ ਇਸ ਉਤੇ ਰੋਕ ਲਗਾਉਣ ਦੀ ਥਾਂ ਉਨਾਂ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਵਿਅਕਤੀਆਂ ਦੁਆਰਾ ਇਸ ਉਤੇ ਕਬਜਾ ਕਰ ਲਿਆ ਗਿਆ ਸੀ। ਇਸੇ ਕਾਰਨ ਹੀ ਕਾਂਗਰਸ ਨੂੰ ਇਸ ਭ੍ਰਿਸ਼ਟ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਕੱਢਣਾ ਪਿਆ ਸੀ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਮਾਈਨਿੰਗ ਮਾਫੀਆ ਦੇ ਖਿਲਾਫ ਨਰਮ ਰਵੱਈਆ ਅਪਣਾਉਣ ਕਾਰਨ ਪਿਛਲੇ 8-10 ਮਹੀਨਿਆਂ ਵਿਚ ਰਾਜਨੀਤਿਕ ਆਗੂਆਂ ਦੀ ਸ਼ਹਿ ਪ੍ਰਾਪਤ ਮਾਈਨਿੰਗ ਮਾਫੀਆ ਅਤੇ ਗੁੰਡਾ ਟੈਕਸ ਨੇ ਸੂਬੇ ਦੇ ਕੁਦਰਤੀ ਸਰੋਤਾਂ ਦੀ ਰੱਜ ਕੇ ਲੁੱਟ ਕੀਤੀ ਹੈ। ਇਸ ਲੁੱਟ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੇ ਬਾਖੂਬੀ ਉਜਾਗਰ ਕੀਤਾ ਹੈ। ਇਸ ਸਮੇਂ ਪੰਜਾਬ ਦੇ ਹਰ ਕੋਨੇ ਜਿੰਨਾਂ ਵਿਚ ਮੁੱਲਾਂਪੁਰ ਨੇੜੇ ਖਿਜਰਾਬਾਦ, ਮੁੱਲਾਂਪੁਰ, ਸਮਰਾਲਾ, ਰੋਪੜ, ਰਾਹੋ, ਫਰੀਦਕੋਟ, ਫਿਰੋਜਪੁਰ, ਹਰੀਕੇ, ਤਰਨਤਾਰਨ, ਸ਼ਾਹਕੋਟ, ਪਠਾਨਕੋਟ ਅਤੇ ਹੋਰ ਖੇਤਰ ਸ਼ਾਮਲ ਹਨ ਤੋਂ ਹਰ ਰੋਜ ਨਜਾਇਜ ਮਾਈਨਿੰਗ ਦੀਆਂ ਖਬਰਾਂ ਮਿਲ ਰਹੀਆਂ ਹਨ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਥੋਂ ਤੱਕ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ 4 ਫਰਵਰੀ ਨੂੰ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਕਬੂਲ ਕੀਤਾ ਸੀ ਕਿ ਇਸ ਸਮੇਂ ਪੰਜਾਬ ਵਿਚ ਨਾਜਾਇਜ ਮਾਈਨਿੰਗ ਜੋਰਾਂ ਉਪਰ ਹੈ। ਜਿਸਨੂੰ ਕਿ 5 ਫਰਵਰੀ ਰਾਜ ਦੇ ਸਾਰੇ ਅਖਬਾਰਾਂ ਨੇ ਅਹਿਮ ਸਥਾਨ ਦਿੱਤਾ ਸੀ। ਉਨਾਂ ਕਿਹਾ ਕਿ ਕਾਂਗਰਸੀ ਆਗੂਆਂ ਦੁਆਰਾ ਇਸ ਮੁੱਦੇ ਨੂੰ ਕਬੂਲ ਕਰ ਲੈਣ ਨਾਲ ਵਿਰੋਧੀ ਧਿਰ ਅਤੇ ਮੀਡੀਆ ਦੁਆਰਾ ਲਗਾਏ ਜਾ ਰਹੇ ਇਲਜਾਮਾਂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਸਮਾਂ ਹੈ ਕਿ ਇਸ ਮਾਮਲੇ ਨੂੰ ਸਖਤ ਨਾਲ ਨਿਪਟਿਆ ਜਾਵੇ।
ਖਹਿਰਾ ਨੇ ਕਿਹਾ ਕਿ ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬੇ ਵਿਚ ਹੋ ਰਹੀ ਧੜਾ-ਧੜ ਨਜਾਇਜ ਮਾਈਨਿੰਗ ਦੀ ਗੱਲ ਕਬੂਲੀ ਹੈ ਅਤੇ ਇਸ ਨੂੰ ਚੈਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਰੰਤੂ ਸਾਡਾ ਇਹ ਮੰਨਣਾ ਹੈ ਕਿ ਸਿਵਲ ਅਤੇ ਪੁਲਿਸ ਅਧਿਕਾਰੀ ਇਹਨਾਂ ਅਨਸਰਾਂ ਖਿਲਾਫ ਕਾਰਵਾਈ ਨਹੀਂ ਕਰਨਗੇ ਕਿਉਂ ਜੋ ਇਹਨਾਂ ਦੇ ਪਿਛੇ ਸ਼ਕਤੀਸ਼ਾਲੀ ਰਾਜਨੀਤਿਕ ਆਗੂਆਂ ਦਾ ਹੱਥ ਹੈ।
‘ਆਪ’ ਆਗੂ ਨੇ ਕਿਹਾ ਕਿ ਪਿਛਲੀ ਦਿਨੀ ਇਹ ਖਬਰਾਂ ਆਈਆਂ ਸਨ ਕਿ ਬਠਿੰਡਾ ਵਿਚ 25 ਹਜਾਰ ਕਰੋੜ ਦੀ ਲਾਗਤ ਨਾਲ ਬਣ ਰਹੇ ਪੈਟਰੋ ਕੈਮੀਕਲ ਪਲਾਂਟ ਦੇ ਠੇਕੇਦਾਰਾਂ ਤੋਂ ਵੀ ਸੱਤਾ ਧਾਰੀ ਪਾਰਟੀ ਦੇ ਆਗੂਆਂ ਦੁਆਰਾ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਵਧੀਕੀ ਨਾਲ ਇਸ ਪਲਾਂਟ ਦਾ ਕੰਮ ਤਾਂ ਲੇਟ ਹੋਵੇਗਾ ਹੀ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿਚ ਵੀ ਨਿਵੇਸ਼ਕ ਪੰਜਾਬ ਵਿਚ ਆਪਣਾ ਪੈਸਾ ਲਗਾਉਣ ਤੋਂ ਕੰਨੀ ਕਤਰਾਉਣਗੇ।