ਇਸਲਾਮਾਬਾਦ — ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ ਵਿਚ ਫੌਜੀ ਅਦਾਲਤ ਤੋਂ ਮਿਲੀ ਮੌਤ ਦੀ ਸਜ਼ਾ ਭੁਗਤ ਰਹੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁੱਧ ਹੁਣ ਅੱਤਵਾਦ ਅਤੇ ਭੰਨਤੋੜ ਦੇ ਕਈ ਮਾਮਲੇ ਦਰਜ ਕੀਤੇ ਗਏ ਗਏ ਹਨ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਭਾਰਤੀ ਨਾਗਰਿਕ ਜਾਧਵ (47) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਪਿਛਲੇ ਸਾਲ ਅਪ੍ਰੈਲ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿ ਨੇ ਦਾਅਵਾ ਕੀਤਾ ਸੀ ਜਾਧਵ ਈਰਾਨ ਤੋਂ ਹੋ ਕੇ ਕਥਿਤ ਰੂਪ ਨਾਲ ਬਲੂਚਿਸਤਾਨ ਵਿਚ ਦਾਖਲ ਹੋਏ ਸਨ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ 3 ਮਾਰਚ 2016 ਨੂੰ ਗ੍ਰਿਫਤਾਰ ਕਰ ਲਿਆ ਸੀ। ਭਾਰਤ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਦੀ ਫੌਜੀ ਅਦਾਲਤ ਦੇ ਫੈਸਲੇ ਵਿਰੁੱਧ ਭਾਰਤ ਨੇ ਪਿਛਲੇ ਸਾਲ ਮਈ ਵਿਚ ਕੌਮਾਂਤਰੀ ਅਦਾਲਤ ਦਾ ਰੁੱਖ ਕੀਤਾ ਸੀ। ਕੌਮਾਂਤਰੀ ਅਦਾਲਤ ਨੇ ਭਾਰਤ ਦੀ ਅਪੀਲ ‘ਤੇ ਜਾਧਵ ਦੀ ਮੌਤ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ, ਹਾਲਾਂਕਿ ਅੰਤਿਮ ਫੈਸਲਾ ਆਉਣਾ ਬਾਕੀ ਹੈ।
ਇਕ ਅਧਿਕਾਰੀ ਦੇ ਹਵਾਲੇ ਤੋਂ ਪਾਕਿਸਤਾਨ ਦੀ ਇਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਜਾਧਵ ਵਿਰੁੱਧ ਕਈ ਮਾਮਲੇ ਹਨ। ਇਨ੍ਹਾਂ ਮਾਲਿਆਂ ਵਿਚ ਜਾਧਵ ਵਿਰੁੱਧ ਅੱਤਵਾਦ ਅਤੇ ਭੰਨਤੋੜ ਨਾਲ ਸਬੰਧਤ ਦੋਸ਼ ਹਨ। ਅਧਿਕਾਰੀ ਦੇ ਹਵਾਲੇ ਤੋਂ ਅਖਬਾਰ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਕਾਰਵਾਈ ਜਾਰੀ ਹੈ। ਜਾਧਵ ਵਿਰੁੱਧ ਕਈ ਮਾਮਲੇ ਹਨ ਅਤੇ ਉਨ੍ਹਾਂ ਵਿਚੋਂ ਸਿਰਫ ਜਾਸੂਸੀ ਦਾ ਮਾਮਲਾ ਖਤਮ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਅਖਬਾਰ ਨੇ ਇਹ ਵੀ ਖਬਰ ਦਿੱਤੀ ਹੈ ਕਿ ਕੇਸ ਵਿਚ ਜਾਣਕਾਰੀ ਮੰਗਣ ਲਈ ਪਾਕਿ ਨੇ ਕਈ ਮੌਕਿਆਂ ‘ਤੇ 13 ਭਾਰਤੀ ਅਧਿਕਾਰੀਆਂ ਤੱਕ ਪਹੁੰਚ ਦੀ ਮੰਗ ਕੀਤੀ ਸੀ ਪਰ ਭਾਰਤ ਇਸ ਮਾਮਲੇ ਵਿਚ ਅਸਹਿਯੋਗ ਦੀ ਜਿੱਦ ‘ਤੇ ਅੜਿਆ ਹੋਇਆ ਹੈ। ਪਾਕਿਸਤਾਨੀ ਸੂਤਰ ਨੇ ਹਾਲਾਂਕਿ ਉਨ੍ਹਾਂ 13 ਅਧਿਕਾਰੀਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਜਿਸ ਤੋਂ ਸਰਕਾਰ ਪੁੱਛਗਿੱਛ ਕਰਨਾ ਚਾਹੁੰਦੀ ਹੈ। ਸੂਤਰਾਂ ਨੇ ਦੱਸਿਆ, ‘ਜਾਧਵ ਨੂੰ ਕੌਣ ਨਿਰਦੇਸ਼ਿਤ ਕਰ ਰਿਹਾ ਸੀ, ਅਸੀਂ ਉਨ੍ਹਾਂ ਤੱਕ ਪਹੁੰਚਣਾ ਚਾਹੁੰਦੇ ਹਾਂ।’ ਇਸ ਤੋਂ ਇਲਾਵਾ ਪਾਕਿਸਤਾਨ ਨੇ ਜਾਧਵ ਦੇ ਜਲ-ਸੈਨਾ ਸੇਵਾ ਦੀ ਫਾਈਲ, ਪੈਨਸ਼ਨ ਭੁਗਤਾਨ ਦੇ ਬੈਂਕ ਰਿਕਾਰਡ ਅਤੇ ਮੁਬਾਰਕ ਹੁਸੈਨ ਪਟੇਲ ਦੇ ਨਾਂ ਤੋਂ ਜਾਰੀ ਪਾਸਪੋਰਟ ਦੇ ਬਾਰੇ ਵਿਚ ਜਾਣਕਾਰੀ ਮੰਗੀ ਹੈ। ਪਾਕਿ ਅਧਿਕਾਰੀ ਇਹ ਜਾਣਨਾ ਚਾਹੁੰਦੇ ਹਨ ਕਿ ਪਟੇਲ ਦੇ ਨਾਂ ਤੋਂ ਪਾਸਪੋਰਟ ਕਿਵੇਂ ਜਾਰੀ ਹੋਇਆ ਅਤੇ ਇਹ ਪਾਸਪੋਰਟ ਅਸਲੀ ਜਾਂ ਨਕਲੀ ਹੈ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਪਾਕਿ ਅਧਿਕਾਰੀ ਮੁੰਬਈ, ਪੁਣੇ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿਚ ਜਾਧਵ ਦੀ ਸੰਪਤੀ ਦੇ ਬਾਰੇ ਵਿਚ ਵੀ ਜਾਣਨਾ ਚਾਹੁੰਦੇ ਹਨ, ਜਿਸ ਨੂੰ ਪਟੇਲ ਦੇ ਨਾਂ ਤੋਂ ਖਰੀਦਿਆ ਗਿਆ ਹੈ। ਕੌਮਾਂਤਰੀ ਅਦਾਲਤ ਭਾਰਤ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਜਾਧਵ ਤੱਕ ਡਿਪਲੋਮੈਟ ਪਹੁੰਚ ਤੋਂ ਇਨਕਾਰ ਕਰ ਦਿੱਤਾ ਹੈ।