ਵਾਸ਼ਿੰਗਟਨ — ਅਮਰੀਕਾ ਨੇ ਅਫਗਾਨਿਸਤਾਨ ਵਿਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਯੁੱਧਗ੍ਰਸਤ ਰਾਸ਼ਟਰ ਵਿਚ ਆਰਥਿਕ ਵਿਕਾਸ ਅਤੇ ਸੁਰੱਖਿਆ ਨੂੰ ਵਧਾਵਾ ਦੇਣ ਲਈ ਭਾਰਤ ਅੱਗੇ ਵੀ ਕੰਮ ਕਰਦਾ ਰਹੇਗਾ। ਅਫਗਾਨਿਸਤਾਨ ‘ਤੇ ਕਾਂਗਰਸ ਦੀ ਇਕ ਸੁਣਵਾਈ ਦੌਰਾਨ ਵਿਦੇਸ਼ ਮੰਤਰਾਲੇ ਦੇ ਉਪ ਸਕੱਤਰ ਜੋਨ ਸੁਲਿਵਨ ਨੇ ‘ਸੈਨੇਟ ਫੋਰੇਨ ਰਿਲੇਸ਼ਨਸ ਕਮੇਟੀ’ ਦੇ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਅਤੇ ਭਾਰਤ ਅਫਗਾਨਿਸਤਾਨ ਵਿਚ ਆਰਥਿਕ ਅਤੇ ਮਨੁੱਖੀ ਹਿੱਤ ਸਾਂਝੇ ਕਰਦੇ ਹਨ। ਭਾਰਤ ਨੇ ਸਾਲ 2001 ਤੋਂ ਹੁਣ ਤੱਕ ਅਫਗਾਨਿਸਤਾਨ ਨੂੰ 3 ਅਰਬ ਡਾਲਰ ਤੋਂ ਜ਼ਿਆਦਾ ਦੀ ਮਦਦ ਮੁਹੱਈਆ ਕਰਾਈ ਹੈ।
ਅੱਗੇ ਉਨ੍ਹਾਂ ਕਿਹਾ, ‘ਭਾਰਤ ਨੇ ਪਿਛਲੇ ਸਾਲ ਇਕ ਵਿਕਾਸ ਭਾਗੀਦਾਰੀ ਸਮਝੌਤੇ ‘ਤੇ ਦਸਤਖਤ ਕਰ ਕੇ ਅਫਗਾਨਿਸਤਾਨ ਨਾਲ ਅਪਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ। ਅਸੀਂ ਇਸ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਫਗਨਿਸਤਾਨ ਵਿਚ ਆਰਥਿਕ ਵਿਕਾਸ ਅਤੇ ਸੁਰੱਖਿਆ ਨੂੰ ਵਧਾਵਾ ਦੇਣ ਲਈ ਭਾਰਤ ਅੱਗੇ ਵੀ ਕੰਮ ਕਰਦਾ ਰਹੇਗਾ।’ ਨਾਲ ਹੀ ਸੁਲਿਵਨ ਨੇ ਇੱਥੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਫਗਾਨਿਸਤਾਨ ਵਿਚ ਮੌਜੂਦ ਸੰਕਟ ਨਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਦੇ ਬਿਨਾਂ ਨਹੀਂ ਨਜਿੱਠਿਆ ਜਾ ਸਕਦਾ। ਸੁਲਿਵਨ ਨੇ ਕਿਹਾ, ‘ਭਾਰਤ, ਅਫਗਾਨਿਸਤਾਨ ਵਿਚ ਵਪਾਰ ਕਰਨਾ ਚਾਹੁੰਦਾ ਹੈ ਅਤੇ ਅਸੀਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਕਿਹਾ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਦੋ-ਪੱਖੀ ਸਬੰਧਾਂ ਵਿਚ ਸੁਧਾਰ ਜ਼ਰੂਰੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਅਫਗਾਨਿਸਤਾਨ ਲਈ ਆਰਥਿਕ ਰੂਪ ਨਾਲ ਇਕ ਵਿਹਾਰਕ ਭਵਿੱਖ ਦੀ ਉਮੀਦ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਵਿਚ ਸਭ ਤੋਂ ਮਹੱਤਵਪੂਰਨ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਦੇ ਸਬੰਧ ਹਨ। ਜੇਕਰ ਅਸੀਂ ਉਨ੍ਹਾਂ ਨੂੰ ਹੱਲ ਕਰ ਲੈਂਦੇ ਹਾਂ ਤਾਂ ਇਹ ਸਮੱਸਿਆ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕੇਗੀ ਅਤੇ ਅਫਗਾਨਿਸਤਾਨ ਵਿਚ ਸਥਿਤੀ ਬਿਹਤਰ ਕਰਨਾ ਪਾਕਿਸਤਾਨ ਦੇ ਹਿੱਤ ਵਿਚ ਵੀ ਹੈ।’