ਟਾਈਟਲਰ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਸਬੂਤ ਹੋਏ ਖੁਰਦ‐ਬੁਰਦ : ਛੀਨਾ
ਅੰਮ੍ਰਿਤਸਰ¸ਭਾਜਪਾ ਪੰਜਾਬ ਦੇ ਸੂਬਾਈ ਮੈਂਬਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਆਪਣੀ ਭੂਮਿਕਾ ਨੂੰ ਬਿਆਨ ਕਰਨ ਵਾਲੀ ਵੀਡੀਓ ਕਲਿੱਪ ‘ਚ ਸਿੱਖ ਕਤਲੇਆਮ ਦਾ ਪ੍ਰਗਟਾਵਾ ਕਰਨ ਵਾਲੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੁਰੰਤ ਗ੍ਰਿਫਤਾਰੀ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਇਸ ਸਬੰਧੀ ਵੱਖਰੀ ਐਫ. ਆਈ. ਆਰ. ਦਰਜ ਕਰਨੀ ਚਾਹੀਦੀ ਹੈ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਕੇਸਾਂ ਦਾ ਸਾਹਮਣਾ ਕਰਨ ਵਾਲੇ ਟਾਈਟਲਰ ਨੂੰ ਸਲਾਖਾਂ ਪਿੱਛੇ ਭੇਜ ਦੇਣਾ ਚਾਹੀਦਾ ਹੈ।
ਅੱਜ ਜਾਰੀ ਆਪਣੇ ਬਿਆਨ ‘ਚ ਸ: ਛੀਨਾ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਟਾਇਟਲਰ ਨੇ ’84 ‘ਚ ਹੋਏ ਕਤਲੇਆਮ ਸਮੇਂ ਮਾਸੂਮ ਸਿੱਖਾਂ ‘ਤੇ ਹਮਲਾ ਕਰਨ ਲਈ ਦੰਗਾਕਾਰੀਆਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਦਿੱਲੀ ਵਿਖੇ ਜਾਰੀ ਹੋਏ ਵੀਡਿਓ ਕਲਿੱਪ ‘ਚ ਟਾਈਟਲਰ ਨੇ ਦੰਗਿਆਂ ਦੇ ਸਮੇਂ ਦਿੱਲੀ ‘ਚ ਸੈਂਕੜੇ ਸਿੱਖਾਂ ਦੇ ਕਤਲ ਕਰਨ ਦਾ ਦਾਅਵਾ ਕੀਤਾ ਹੈ। ਜਿਸ ਕਾਰਨ ਰਾਜਨੀਤਿਕ ਤੋਂ ਇਲਾਵਾ ਸਮੂਹ ਜਗਤ ਦਾ ਮਾਹੌਲ ਗਰਮਾ ਗਿਆ ਹੈ ਹਾਲਾਂਕਿ ਟਾਈਟਲਰ ਦੇ ਰਿਕਾਰਡ ਕਲਿੱਪ ਉਪਰ ਪ੍ਰਮਾਣਿਕਤਾ ‘ਤੇ ਸਵਾਲ ਖੜ੍ਹਾ ਕੀਤਾ ਹੈ।
ਸ: ਛੀਨਾ ਨੇ ਦਿੱਲੀ ‘ਚ ਪਾਰਟੀ ਹਾਈਕਮਾਂਡ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਖਿਲਾਫ਼ ਸਖ਼ਤ ਨੋਟਿਸ ਲੈਣ ਅਤੇ ਸਿੱਖ ਕਤਲੇਆਮ ਦੇ 34 ਸਾਲਾਂ ਦਾ ਸਮਾਂ ਆਪਣੇ ਪਿੰਡੇ ‘ਤੇ ਹੰਢਾਉਣ ਵਾਲੇ ਦਿੱਲੀ ਦੇ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਂਦਿਆਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਹੇਠ ਐਨ. ਡੀ. ਏ. ਸਰਕਾਰ ਨੇ ਨਾਨਾਵਤੀ ਕਮਿਸ਼ਨ ਦੀ ਸਥਾਪਨਾ ਕੀਤੀ ਹੈ, ਜਿਸ ਨੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕੀਤੀ ਪਰ ਕੇਂਦਰ ਦੀ ਲਗਾਤਾਰ ਕਾਂਗਰਸ ਸਰਕਾਰਾਂ ਦੰਗਿਆਂ ‘ਚ ਬਰਬਾਦ ਹੋਏ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ‘ਚ ਅਸਫਲ ਰਹੀਆਂ।
ਸ: ਛੀਨਾ ਨੇ ਇਹ ਵੀ ਮੰਗ ਕੀਤੀ ਕਿ ਕਿਵੇਂ ਟਾਇਟਲਰ ਵੀਡੀਓ ਕਲਿੱਪ ਤੋਂ ਇਨਕਾਰ ਕਰ ਸਕਦਾ ਹੈ, ਜਦਕਿ ਉਹ ਭੀੜ ਨੂੰ ਅਗਵਾਈ ਕਰਦੇ ਹਨ ਅਤੇ ਬੇਕਸੂਰ ਨਿਰਦੋਸ਼ ਸਿੱਖਾਂ ਨੂੰ ਮਾਰਨ ਬਾਰੇ ਫ਼ਖ਼ਰ ਜਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਟਾਈਟਲਰ ਨੂੰ ਫ਼ੌਰਨ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਉਸਦੇ ਪੌਲੀਗ੍ਰੈਫ਼ਿਕ ਆਦਿ ਵਰਗੇ ਟੈਸਟ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਨੂੰ ਕਾਂਗਰਸ ਸਰਕਾਰ ਦੁਆਰਾ ਇਸ ਲਈ ਬਚਾਇਆ ਗਿਆ ਸੀ ਅਤੇ ਸਬੂਤਾਂ ਨੂੰ ਖੁਰਦ‐ਬੁਰਦ ਕੀਤਾ ਗਿਆ ਕਿਉਂਕਿ ਇੰਨ੍ਹਾਂ ਹੱਤਿਆਵਾਂ ‘ਚ ਪਿੱਛੇ ਖ਼ੁਦ ਕਾਂਗਰਸ ਵੀ ਸ਼ਾਮਿਲ ਸੀ।