ਜੇਠ ਹਾੜ੍ਹ ਦੇ ਤਪਦੇ ਦਿਨਾਂ ਦੀ ਗਰਮੀ ਨੇ ਲੋਕਾਂ ‘ਚ ਹਾਹਾਕਾਰ ਮਚਾ ਛੱਡੀ ਸੀ ਕਿਉਂਕਿ ਤਿੱਖੜ ਦੁਪਹਿਰੇ ਹਵਾ ਬੰਦ ਹੋਣ ਕਰ ਕੇ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਤਿੱਖੀ ਗਰਮੀ ਲੋਕਾਂ ਨੂੰ ਆਪਣੇ ਸੇਕ ਨਾਲ ਭੁੰਨੀ ਜਾ ਰਹੀ ਸੀ, ਪਰ ਫ਼ਿਰ ਵੀ ਸੱਥ ਵਿੱਚ ਨਿੱਤ ਦੇ ਆਉਣ ਵਾਲਿਆਂ ਦਾ ਤੰਤਾ, ਲੋਕਾਂ ਦੀਆਂ ਗੱਲਾਂ, ਤਾਸ਼ ਦੀ ਖੇਡ ਅਤੇ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਪੁਰਾਤਨ ਸਮੇਂ ਦੀਆਂ ਗੱਲਾਂ ਸੁਣਨ ਦਾ ਰੁਝਾਨ ਆਮ ਵਾਂਗ ਹੀ ਸੀ। ਗਰਮੀ ਦੇ ਸਤਾਏ ਸੀਤੇ ਮਰਾਸੀ ਨੇ ਸੱਥ ਵਿੱਚ ਆਉਂਦਿਆਂ ਹੀ ਬਾਬੇ ਮਹਿੰਗਾ ਸਿਉਂ ਕੋਲ ਬੈਠਦਿਆਂ ਹੀ ਗਰਮੀ ਦੇ ਕਹਿਰ ਦੀ ਗੱਲ ਛੇੜ ਲਈ। ਸੀਤਾ ਮਰਾਸੀ ਚੌਂਕੜੀ ਮਾਰ ਕੇ ਸੂਤ ਹੋ ਕੇ ਬੈਠਦਾ ਬਾਬੇ ਦੇ ਗੋਡੇ ਨੂੰ ਹਲਾ ਕੇ ਕਹਿੰਦਾ, ”ਕਿਉਂ ਬਾਬਾ! ਸੋਡੇ ਵੇਲੇ ਵੀ ਏਨੀ ਗਰਮੀ ਪੈਂਦੀ ਹੁੰਦੀ ਸੀ ਕੁ ਘੱਟ ਹੁੰਦੀ ਸੀ?”
ਬੁੱਘਰ ਦਖਾਣ ਮਰਾਸੀ ਦੀ ਗੱਲ ਸੁਣ ਕੇ ਕਹਿੰਦਾ, ”ਐਨਾ ਕਿੰਨ੍ਹਾਂ ਕੁ ਪਰਾਣਾ ਹੋ ਗਿਆ ਓਏ ਬਾਬਾ, ਕੱਲ੍ਹ ਦਾ ਤਾਂ ਬੁੜ੍ਹਾ ਹਜੇ ਬਾਬਾ, ਤੂੰ ਪਤੰਦਰਾ ਇਹਨੂੰ ਨੱਬ੍ਹੇ ਵੇਲੇ ਦਾ ਜੰਮਿਆਂ ਸਮਝਦੈਂ?”
ਸੀਤੇ ਮਰਾਸੀ ਨੇ ਬਾਬੇ ਤੋਂ ਇਸ ਕਰ ਕੇ ਪੁੱਛਿਆ ਸੀ ਕਿਉਂਕਿ ਬਾਬਾ ਮਹਿੰਗਾ ਸਿਉਂ ਦੋ ਘੱਟ ਨੱਬਿਆਂ ਦਾ ਹੋ ਚੁੱਕਿਆ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਸੀ ਜਿਸ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਦੀ ਹਰ ਗੱਲ ਅਤੇ ਹਰ ਘਟਨਾ ਚੰਗੀ ਤਰ੍ਹਾਂ ਯਾਦ ਸੀ।
ਤਾਸ਼ ਖੇਡੀ ਜਾਂਦਾ ਨਾਥਾ ਅਮਲੀ ਤਾਸ਼ ਦਾ ਪੱਤਾ ਸੁੱਟਦਿਆਂ ਹੀ ਸੀਤੇ ਮਰਾਸੀ ਦੀ ਗੱਲ ਵਿੱਚੋਂ ਟੁੱਕ ਕੇ ਬੋਲਿਆ, ”ਆ ਗਿਐਂ ਬਰੀ ਦਿਆ ਤਿਓਰਾ! ਘਰੋਂ ਬਿਜਲੀ ਉੱਡਗੀ ਹੋਣੀ ਐ, ਤਾਹੀਂ ਤਾਂ ਸੱਥ ‘ਚ ਆ ਕੇ ਬਾਬੇ ਦੇ ਕੰਨ ਖਾਣ ਲੱਗ ਪਿਐਂ, ਨਾਲੇ ਬਾਬਾ ਕਿਹੜਾ ਮੌਸਮ ਆਲਿਆਂ ‘ਚ ਲੱਗਿਆ ਰਿਹਾ ਬਈ ਇਹਨੂੰ ਗਰਮੀ ਸਰਦੀ ਦੀ ਬਿੜਕ ਰਹਿੰਦੀ ਐ, ਇਹਦੀ ਤਾਂ ਆਪ ਵਿਚਾਰੇ ਬੁੜ੍ਹੇ ਦੀ ਗਰਮੀ ਨੇ ਭੁੰਨ ਕੇ ਖਿੱਲ ਬਣਾਈ ਪਈ ਐ ਜਿਮੇਂ ਮਾਰੂਥਲ ‘ਚ ਸੱਸੀ ਭੁੰਨ ‘ਤੀ ਸੀ।”
ਸੀਤਾ ਮਰਾਸੀ ਸੱਸੀ ਬਾਬੇ ਸੁਣ ਕੇ ਬਾਬੇ ਨੂੰ ਕਹਿੰਦਾ, ”ਹਾਂ ਸੱਚ ਯਾਰ ਬਾਬਾ, ਉਹ ਗੱਲ ਸੱਚੀ ਐ ਬਈ ਸੱਸੀ ਮਾਰੂਥਲਾਂ ‘ਚ ਗਰਮੀ ਕਰ ਕੇ ਮਰ ਗੀ ਸੀ।”
ਠਾਹ ਦੇਣੇ ਪੱਤਾ ਸੁੱਟ ਕੇ ਨਾਥਾ ਅਮਲੀ ਸੀਤੇ ਮਰਾਸੀ ਵੱਲ ਮੂੰਹ ਕਰ ਕੇ ਕਹਿੰਦਾ, ”ਪਹਿਲਾਂ ਇੱਕ ਸਵਾਲ ਦਾ ਤਾਂ ਜਵਾਬ ਲੈ ਲਾ ਬਾਬੇ ਤੋਂ, ਵਚਾਰੇ ਬੁੜ੍ਹੇ ਬੰਦੇ ਨੂੰ ਇਉਂ ਸੁਆਲ ਤੇ ਸੁਆਲ ਕਰੀ ਜਾਨਾਂ ਓਏ ਜਿਮੇਂ ਗਾਹਾਂ ਮਕੇਰੀਆਂ ਆਲਾ ਸੰਤੋਖਾ ਬੰਬ ਪੱਤਰਕਾਰ ਹੁੰਨੈਂ। ਊੜੇ ‘ਤੇ ਇੱਲ੍ਹ ਤੈਨੂੰ ਆਉਂਦੀ ਨ੍ਹੀ, ਬਣਿਆਂ ਤੂੰ ਫ਼ਿਰਦੈਂ ਮਨਮੋਹਨ ਸਿਉਂ।”
ਬਾਬੇ ਦੇ ਨਾਲ ਬੈਠਾ ਕਾਕਾ ਨਹਿੰਗ ਬਾਬੇ ਮਹਿੰਗਾ ਸਿਉਂ ਨੂੰ ਕਹਿੰਦਾ, ”ਦੱਸ ਦੇ ਬਾਬਾ ਇਹਨੂੰ ਸੱਸੀ ਦੀ ਕਹਾਣੀ, ਐਥੋਂ ਸੁਣਕੇ ਪਰ੍ਹਾਂ ਜਾ ਕੇ ਇਹਨੇ ਭੁੱਲ ਜਾਣੈ, ਜੇ ਕਿਤੇ ਮਾੜੀ ਮੋਟੀ ਯਾਦ ਵੀ ਰਹਿਗੀ ਤਾਂ ਹੋਰ ਕਿਸੇ ਨੂੰ ਸਣਾਉਣ ਵੇਲੇ ਚਾਰ ਗੱਪੌੜੇ ਆਵਦੇ ਕੋਲੋਂ ਹੋਰ ਫ਼ਿਟ ਕਰ ਕੇ ਉੱਘ ਦੀਆਂ ਪਤਾਲ ਮਾਰ ਦੇਣੀਅਂ। ਸੁਣਨ ਵਾਲੇ ਨੇ ਏਹਦਾ ਗਪੌੜ ਸੰਖ ਫ਼ੜ ਲੈਣਾ ਤੇ ਏਹਨੇ ਫ਼ਿਰ ਅਗਲੇ ਨਾਲ ਲੜਨੈ। ਫ਼ੇਰ ਮੂੰਹ ਇਉਂ ਬਣਾਊ ਜਿਮੇਂ ਗਧੇ ਦੇ ਮੂੰਹ ‘ਤੇ ਮੱਖੀਆਂ ਲੜੀਆਂ ਹੁੰਦੀਐਂ।”
ਕਾਕੇ ਨਹਿੰਗ ਦੀ ਗੱਲ ਸੁਣ ਕੇ ਸੀਤਾ ਮਰਾਸੀ ਅੱਗ ਦਾ ਭੰਬੂਕਾ ਬਣ ਕੇ ਕਾਕੇ ਨਹਿੰਗ ਨੂੰ ਕਹਿੰਦਾ, ”ਅੱਗੇ ਦੱਸੀ ਖਾਂ ਮੈਂ ਕਿੰਨੇ ਕੁ ਗੱਪ ਮਾਰੇ ਐ ਓਏ ਬਿੰਗੜਿਆ ਜਿਆ। ਤੇਰੇ ਆਂਗੂੰ ਤਾਂ ਨ੍ਹੀ ਬਈ ਘਰੇ ਦੱਸਣਾ ਕੁਸ ਹੋਰ ਤੇ ਰੋਸ਼ਨ ਬਾਣੀਏ ਦੀ ਹੱਟ ‘ਤੇ ਜਾ ਕੇ ਕੁਸ ਹੋਰ ਕਰਨਾ। ਸਾਲਾ ਨਾਸਲ ਜਾ ਨਾ ਹੋਵੇ ਤਾਂ।”
ਕਾਕਾ ਨਹਿੰਗ ਸੀਤੇ ਮਰਾਸੀ ਨੂੰ ਕਹਿੰਦਾ, ”ਭਾਨੇ ਛੜੇ ਕੇ ਗੱਡੇ ਚੋਰੀ ਆਲੀ ਗੱਲ ਝੂਠ ਈ ਸੀ ਤੇਰੀ। ਅਕੇ ਭਾਨੇ ਕਿਆਂ ਨੇ ਸੰਘਰੀਏ ਤੋਂ ਗੱਡਾ ਲਿਆਂਦਾ ਤੇ ਰਾਤ ਨੂੰ ਕੋਈ ਚੋਰੀ ਕਰ ਕੇ ਲੈ ਗਿਆ। ਲੈ ਦੱਸ! ਗੱਡਾ ਸੀ ਕੁ ਪਿੱਤਲ ਦੀ ਗਲਾਸ ਸੀ ਬਈ ਜਿਹੜਾ ਖੀਸੇ ‘ਚ ਪਾ ਕੇ ਲੈ ਗਿਆ ਸੀ ਚੋਰ?”
ਸੀਤਾ ਮਰਾਸੀ ਕਾਕੇ ਨਹਿੰਗ ਨੂੰ ਕਹਿੰਦਾ, ”ਮੈਨੂੰ ਕੀ ਕਹਿਨੈ ਓਏ, ਤੇਰੀ ਸੱਪ ਆਲੀ ਗੱਲ ਜਿੱਡਾ ਗੱਪ ਤਾਂ ਹਜੇ ਤੱਕ ਬਾਬੇ ਨੇ ਮਨ੍ਹੀ ਸੁਣਿਆ ਹੋਣੈ ਨਾਲੇ ਸੌ ਸਾਲ ਦਾ ਹੋ ਚੱਲਿਆ ਬਾਬਾ।”
ਨੋਕਾ ਟੋਕੀ ਹੁੰਦੀ ਸੁਣ ਕੇ ਬਾਬਾ ਮਹਿੰਗਾ ਸਿਉਂ ਮਰਾਸੀ ਦੀ ਗੱਲ ‘ਚ ਮਾੜਾ ਜਾ ਹੁੰਗਾਰਾ ਭਰਦਾ ਬੋਲਿਆ, ”ਬਈ ਸੁਣੀ ਤਾਂ ਮੈਂ ਵੀ ਸੀ ਸੱਪ ਆਲੀ ਗੱਲ ਮਾੜੀ ਜੀ, ਪਰ ਪੂਰੀ ਤਰ੍ਹਾਂ ਨ੍ਹੀ ਸੀ ਸੁਣੀ ਜੀਹਦਾ ਕਰ ਕੇ ਮੈਨੂੰ ਬਹੁਤੀ ਨ੍ਹੀ ਪਤਾ ਕਿ ਕਿਵੇਂ ਸੀ। ਤੂੰ ਦੱਸ ਸੀਤਾ ਸਿਆਂ ਕਿਮੇਂ ਸੀ ਬਈ?”
ਬਾਬੇ ਦੇ ਕਹਿਣ ਤੇ ਸੀਤਾ ਮਰਾਸੀ ਕਾਕੇ ਨਹਿੰਗ ਦੇ ਸੱਪ ਵਾਲੇ ਗੱਪ ‘ਤੇ ਗਲੋਟੇ ਵਾਂਗ ਉੱਧੜ ਪਿਆ ਕਿਉਂਕਿ ਸੀਤੇ ਮਰਾਸੀ ਨੂੰ ਬਾਬੇ ਦੀ ਸਹਿ ਵੀ ਸੀ। ਨਾਥਾ ਅਮਲੀ ਵੀ ਤਾਸ਼ ਛੱਡ ਕੇ ਗੱਪ ਸੁਣਨ ਲਈ ਸੀਤੇ ਮਰਾਸੀ ਵੱਲ ਮੂੰਹ ਕਰਕੇ ਕਹਿੰਦਾ, ”ਚੱਕ ਦੇ ਫਿਰ ਰੇਸ ਹੁਣ, ਸੁਣਾ ਦੇ ਗਪੌੜ ਸਿਉਂ।”
ਸੀਤਾ ਮਰਾਸੀ ਕਹਿੰਦਾ, ”ਇਹ ਗੱਲ ਮੈਂ ਕੋਈ ਆਵਦੇ ਕੋਲੋਂ ਨ੍ਹੀ ਬਣਾਈ, ਇਹ ਤਾਂ ਇਹਨੇ ਕਾਕੇ ਨੇ ਆਵਦੇ ਮੂੰਹੋਂ ਸੁਣਾਈ ਸੀ ਮਹੀਨਾ ਡੂਢ ਮਹੀਨਾ ਹੋ ਗਿਆ। ਇਹ ਕਹਿੰਦਾ, ‘ਜਦੋਂ ਮੈਂ ਇੱਕ ਦਿਨ ਖੇਤ ਨੂੰ ਜਾਂਦਾ ਸੀ ਤਾਂ ਬਾਬੂ ਕੱਬੇ ਕੀ ਨਿਆਈਂ ਦੇ ਮੱਥੇ ਰਾਹ ਵਿੱਚਦੀ ਨੰਘਦਾ ਕੋਈ ਨੌ ਦਸ ਫ਼ੁੱਟ ਲੰਮਾ ਸੱਪ ਮੈਂ ਆਪ ਜਾਂਦਾ ਵੇਖਿਆ। ਕਹਿੰਦਾ ਮੈਂ ਸੋਚਿਆ ਕਿ ਮੇਰੇ ਕੋਲ ਕੋਈ ਡੰਡਾ ਸੋਟੀ ਮਨ੍ਹੀ, ਜੇ ਕਿਤੇ ਮਨਾਂ ਮੇਰੇ ਮਗਰ ਪੈ ਗਿਆ ਤਾਂ ਭੱਜਿਆ ਮਨ੍ਹੀ ਜਾਣਾ। ਕਹਿੰਦਾ ਮੈਂ ਕੀ ਕੀਤਾ ਅਕੇ ਮੈਂ ਸੱਪ ਨੂੰ ਭਜਾਉਣ ਲਈ ਦੂਰੋਂ ਖੜ੍ਹਾ ਈ ਰੋੜੇ ਮਾਰਨ ਲੱਗ ਪਿਆ। ਸੱਪ ਭੱਜ ਕੇ ਵੇਂਹਦਿਆਂ ਵੇਂਹਦਿਆਂ ਹੀ ਗੋਡੇ ਗੋਡੇ ਖੜ੍ਹੀ ਕਣਕ ਵਿਚਦੀ ਹੁੰਦਾ ਹੋਇਆ ਨਿਸਰੇ ਹੋਏ ਝੋਨੇ ਵਿੱਚ ਜਾ ਕੇ ਵੜ ਗਿਆ। ਕਹਿੰਦਾ ਮੈਂ ਫ਼ੇਰ ਵੀ ਉਹਦੇ ਮਗਰ ਰੋੜੇ ਚਲਾਈ ਗਿਆ। ਅਕੇ ਸੱਪ ਓਥੋਂ ਨਿਕਲ ਕੇ ਘੁੱਲੇ ਸਰਪੈਂਚ ਕੀ ਕਿੱਕਰ ਤੇ ਜਾ ਚੜ੍ਹਿਆ। ਅਕੇ ਫੇਰ ਮੈਂ ਪਿੰਡ ਦੀਆਂ ਰੌੜਾਂ ‘ਚ ਖਿੱਦੋ ਖੂੰਡੀ ਖੇਡਦੇ ਪਿੰਡ ਦੇ ਜੁਆਕਾਂ ਨੂੰ ਵਾਜਾਂ ਮਾਰ ਕੇ ਸੱਦਿਆ ਬਈ ਔਹ ਵੇਖੋ ਓਏ ਕਿੱਕਰ ਤੇ ਸੱਪ ਚੜ੍ਹਿਆ ਬੈਠਾ। ਬੱਸ ਫ਼ੇਰ ਕੀ ਹੋਇਆ, ਜੁਆਕਾਂ ਨੇ ਵਿੱਢ ਲੀ ਸੱਪ ਨਾਲ ਰੋੜਾ ਬੰਬਾਂ ਨਾਲ ਲੜਾਈ।”
ਪ੍ਰਤਾਪੇ ਭਾਊ ਨੇ ਬਾਬੇ ਮਹਿੰਗਾ ਸਿਉਂ ਤੋਂ ਹੁੰਗਾਰਾ ਭਰਾਉਂਦਿਆ ਪੁੱਛਿਆ, ”ਬਾਬਾ ਜੀ ਸੁਣੀ ਜਾਨੈਂ ਐਂ ਕੁ ਗੱਪ ਦੇ ਨਸ਼ੇ ‘ਚ ਸ਼ਰਾਬੀ ਹੋਗੇ?”
ਬਾਬਾ ਮਹਿੰਗਾ ਸਿਉਂ ਮੁਸ਼ਕਣੀਆਂ ਹੱਸ ਕੇ ਹਾਂ ਹਾਂ ਕਹਿੰਦਾ ਬੋਲਿਆ, ”ਸੁਣੀ ਜਾਨਾਂ ਭਾਊ, ਸਣਾਈ ਜਾਣ ਦੇ, ਗੱਪ ਤਾਂ ਮੈਨੂੰ ਵੀ ਜਰਨੈਲੀ ਲੱਗਦਾ, ਪਰ ਅੱਗੇ ਦੱਸਣ ਦੇ ਕੀ ਹੋਇਆ?”
ਮਰਾਸੀ ਕਹਿੰਦਾ, ”ਅੱਗੇ ਕੀ ਹੋਣਾ ਸੀ। ਪਹਿਲਾਂ ਤਾਂ ਭੜੂਏ ਨੂੰ ਇਹ ਤਾਂ ਪੁੱਛੋ ਬਈ ਉਹ ਸੱਪ ਗੋਡੇ ਗੋਡੇ ਕਣਕ ਵਿਚਦੀ ਨੰਘ ਕੇ ਨਿਸਰੇ ਹੋਏ ਝੋਨੇ ਵਿੱਚ ਕਿੱਥੋਂ ਵੜ ਗਿਆ ਬਈ, ਗੱਪ ਨੀ ਤਾਂ ਹੋਰ ਕੀ ਐ ਏਹੇ। ਕਣਕ ਕਿਹੜੀ ਰੁੱਤ ‘ਚ ਹੁੰਦੀ ਐ ਝੋਨਾ ਕਿਹੜੀ ਰੁੱਤ ‘ਚ ਹੁੰਦੈ?”
ਮਾਹਲਾ ਨੰਬਰਦਾਰ ਕਹਿੰਦਾ, ”ਸੀਤਾ ਸਿਆਂ ਇੱਕ ਗੱਲ ਤਾਂ ਇਹ ਵੀ ਐ ਬਈ ਜਿਮੇਂ ਅੱਜਕੱਲ੍ਹ ਸਿਆਲੂ ਮੱਕੀ ਆਈ ਵੀ ਐ ਹੁਣ ਤਾਂ ਕਣਕਾਂ ਝੋਨੇ ਵੀ ਕਰੁੱਤੇ ਆਉਣ ਲੱਗ ਪੇ ਐ।”
ਮਰਾਸੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਫ਼ੇਰ ਚੱਲ ਪਿਆ ਛਪਾਰ ਦੇ ਮੇਲੇ ‘ਚ ਘੁੰਮਦੀ ਚੰਡੋਲ ਵਾਂਗੂੰ, ”ਅਕੇ ਕਾਕਾ ਫ਼ੇਰ ਪਤਾ ਕੀ ਕਹਿੰਦਾ। ਅਕੇ ਜਿਉਂ ਲੱਗੇ ਜੁਆਕ ਕਿੱਕਰ ‘ਤੇ ਰੋੜੇ ਮਾਰਨ, ਸੱਪ ਦੇ ਤਾਂ ਰੋੜਾ ਵੱਜਿਆ ਨਾ ਪਰ ਕਿੱਕਰ ਦੇ ਸਾਰੇ ਬੇਰ ਝਾੜ ‘ਤੇ।”
ਸੀਤੇ ਮਰਾਸੀ ਦੇ ਮੂੰਹੋ ਕਾਕੇ ਨਹਿੰਗ ਦਾ ਗੱਪ ਸੁਣ ਕੇ ਜੀਤ ਮੈਂਬਰ ਕਾ ਰਾਜਾ ਤਾਸ਼ ਵੰਡਦਾ ਵੰਡਦਾ ਉੱਚੀ ਉੱਚੀ ਹੱਸ ਕੇ ਕਹਿੰਦਾ, ”ਗੱਪ ਤਾਂ ਵਾਕਿਆ ਈ ਸਰਕਾਰੀ ਐ ਬਈ। ਕਿੱਕਰ ਨੂੰ ਲੱਗਦੇ ਬੇਰਾਂ ਵੱਲ ਕਿਸੇ ਵੱਡੇ ਅਸਫ਼ਰ ਨੇ ਧਿਆਨ ਈ ਨ੍ਹੀ ਦਿੱਤਾ, ਨਹੀਂ ਤਾਂ ਕਿੱਕਰ ਨੂੰ ਲੱਗੇ ਬੇਰ ਝਾੜਨ ਨ੍ਹੀ ਸੀ ਦਿੰਦਾ। ਸਰਕਾਰ ਨੂੰ ਇਹਤੋਂ ਆਮਦਨ ਵੀ ਬਹੁਤ ਹੋਣੀ ਸੀ। ਵੱਡੀਆਂ ਵੱਡੀਆਂ ਕੰਪਨੀਆਂ ਨੇ ਖ਼ਰੀਦਣੇ ਸੀ ਕਿੱਕਰ ਬੇਰ।”
ਨਾਥਾ ਅਮਲੀ ਕਹਿੰਦਾ, ”ਹੋਰ ਵਧੋ ਬਈ ਕੋਈ ਏਹਤੋਂ।”
ਰਾਜਾ ਕਹਿੰਦਾ, ”ਇੱਕ ਹੋਰ ਸੁਣ ਲੋ ਕਾਕੇ ਦਾ ਗੱਪ।”
ਸੱਥ ਵਿੱਚ ਬੈਠੇ ਸਾਰੇ ਲੋਕਾਂ ਨੇ ਜਦੋਂ ਰਾਜੇ ਵੱਲ ਧਿਆਨ ਦਿੱਤਾ ਤਾਂ ਏਨੇ ਚਿਰ ਨੂੰ ਸੀਤੇ ਮਰਾਸੀ ਦੇ ਭਾਣਜੇ ਨੇ ਸੀਤੇ ਨੂੰ ਕੋਠੇ ਤੋਂ ਖੜ੍ਹ ਕੇ ਵਾਜ ਮਾਰ ਦਿੱਤੀ, ”ਮਾਮਾ! ਬਿਜਲੀ ਆ ਗੀ ਆ ਜਾ ਕਿਤੇ ਫ਼ੇਰ ਨਾ ਉੱਡਜੇ।”
ਨਾਥਾ ਅਮਲੀ ਸੀਤੇ ਮਰਾਸੀ ਦੇ ਭਾਣਜੇ ਦੇ ਮੂੰਹੋਂ ਬਿਜਲੀ ਉੱਡ ਜਾਣ ਵਾਲੀ ਗੱਲ ਸੁਣ ਕੇ ਕਹਿੰਦਾ, ”ਬਿਜਲੀ ਐ ਕੁ ਗਟ੍ਹਾਰ ਐ ਓਏ ਜਿਹੜੀ ਡਾਰੀ ਮਾਰ ਜੂ।”
ਜੁਆਕ ਤਾਂ ਕੋਠੇ ਤੇ ਖੜ੍ਹਾ ਵਾਜਾਂ ਮਾਰੀ ਜਾਵੇ, ਏਧਰ ਮਾਮੇ ਦਾ ਸੱਥ ‘ਚ ਕਾਕੇ ਨਹਿੰਗ ਨਾਲ ਮੈਚ ਚੱਲੀ ਜਾਵੇ। ਹਾਰ ਜਿੱਤ ਬਿਨਾਂ ਸੀਤਾ ਘਰ ਨੂੰ ਕਿਵੇਂ ਜਾਂਦਾ।
ਸੀਤੇ ਦੇ ਭਾਣਜੇ ਨੇ ਟੋਨ ਬਦਲ ਕੇ ਫ਼ੇਰ ਵਾਜ ਦਿੱਤੀ, ”ਮਾਮਾ ਚਾਹ ਬਣ ਗੀ ਆ ਕੇ ਪੀ ਲਾ।”
ਨਾਥੇ ਅਮਲੀ ਤੋਂ ਫ਼ੇਰ ਨਾ ਰਿਹਾ ਗਿਆ। ਸੀਤੇ ਦੇ ਭਾਣਜੇ ਤੇ ਤੋੜਾ ਝਾੜਦਿਆਂ ਬੋਲਿਆ, ”ਅੱਗੇ ਗਰਮੀ ਥੋੜੀ ਐ ਓਏ, ਉੱਤੋਂ ਤੱਤੀ ਤੱਤੀ ਚਾਹ ਪਿਆ ਕੇ ਕੋਈ ਹੋਰ ਪੰਗਾ ਖੜ੍ਹਾ ਕਰਾਏਂਗਾ। ਤੂੰ ਪੀ ਲਾ ਮਾਮਾ ਤਾਂ ਤੇਰਾ ਗੱਪ ਸਣਾ ਕੇ ਈ ਆਊ ਹੁਣ।”
ਸੀਤਾ ਮਰਾਸੀ ਨਾਥੇ ਅਮਲੀ ਦੀ ਗੱਲ ਸੁਣ ਕੇ ਗੁੱਸੇ ‘ਚ ਆਇਆ ਅਮਲੀ ਨੂੰ ਕਹਿੰਦਾ, ”ਗੱਪ ਤਾਂ ਅਮਲੀਆ ਮੈਂ ਕਾਕੇ ਨਹਿੰਗਾ ਦਾ ਸਣਾਇਆ, ਤੂੰ ਮੇਰੇ ਨਾਂ ਲਾਈ ਜਾਨੈਂ।”
ਸੁਰਜਨ ਬੁੜ੍ਹਾ ਸੀਤੇ ਮਰਾਸੀ ਨੂੰ ਹਰਖਿਆ ਵੇਖ ਕੇ ਗੱਲ ਟਾਲਦਾ ਬੋਲਿਆ, ”ਸੀਤਾ ਸਿਆਂ! ਗੱਪ ਤਾਂ ਕਾਕੇ ਨਹਿੰਗ ਦਾ ਈ ਐ, ਪਰ ਸਣਾਉਂਦਾ ਤਾਂ ਤੂੰ ਈ ਐਂ ਨਾ। ਇਹਦੇ ‘ਚ ਲੜਣ ਆਲੀ ਕਿਹੜੀ ਗੱਲ ਐ।”
ਬਾਬਾ ਮਹਿੰਗਾ ਸਿਉਂ ਕਹਿੰਦਾ, ”ਚੱਲੋ ਛੱਡੋ ਯਾਰ ਇਹ ਗੱਲ ਹੁਣ। ਐਮੇਂ ਨਾ ਕਿਤੇ ਲੜ ਪਿਓ। ਜਾਹ ਸੀਤਾ ਸਿਆਂ, ਜੁਆਕਾ ਵਾਜਾਂ ਮਾਰੀ ਜਾਂਦਾ ਕੋਈ ਕੰਮ ਕਾਰ ਨਾ ਹੋਵੇ ਘਰੇ, ਜਾਂਦਾ ਰਹਿ।”
ਬਾਬੇ ਮਹਿੰਗਾ ਸਿਉਂ ਦਾ ਆਖਾ ਮੰਨਦਾ ਹੋਇਆ ਭਾਣਜੇ ਦੀਆਂ ਵਾਜਾਂ ਸੁਣ ਕੇ ਸੀਤਾ ਮਰਾਸੀ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰ ਪਿਆ ਤੇ ਬਿਜਲੀ ਆ ਗਈ ਕਰ ਕੇ ਬਾਕੀ ਸੱਥ ਵਾਲੇ ਵੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਇਉਂ ਤੁਰ ਪਏ ਜਿਵੇਂ ਉਨ੍ਹਾਂ ਨੂੰ ਵੀ ਕਿਸੇ ਨੇ ਚਾਹ ਪੀਣ ਲਈ ਆਵਾਜ਼ ਮਾਰੀ ਹੋਵੇ ।