ਨਾਲਿਆਂ ਨੂੰ ਗਰੀਨ ਬੈਲਟ ‘ਚ ਕੀਤਾ ਜਾਵੇਗਾ ਤਬਦੀਲ ਤੇ ਲਾਏ ਜਾਣਗੇ ਪੌਦੇ: ਨਵਜੋਤ ਸਿੰਘ ਸਿੱਧੂ
ਸਰਕਾਰ ਵੱਲੋਂ ਉੱਚ ਪੱਧਰੀ ਤਕਨੀਕ ਨਾਲ ਹੋਵੇਗਾ ਨਾਲਿਆਂ ਦੀ ਸਫ਼ਾਈ ਤੇ ਸੁੰਦਰੀਕਰਨ ਦਾ ਕੰਮ
ਸ਼ਹਿਰਾਂ ‘ਚ ਪੜਾਅਵਾਰ ਸ਼ੁਰੂ ਹੋਵੇਗਾ ਪ੍ਰੋਜੈਕਟ
ਚੰਡੀਗੜ : ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਵਗਦੇ ਖੁੱਲੇ ਨਾਲਿਆਂ ਦੀ ਸਮੱਸਿਆ ਨੂੰ ਢੁੱਕਵੇਂ ਢੰਗ ਨਾਲ ਹੱਲ ਕੀਤਾ ਜਾਵੇਗਾ ਅਤੇ ਇਨਾਂ ਨਾਲਿਆਂ ਨੂੰ ਗਰੀਨ ਬੈਲਟ ਵਿੱਚ ਤਬਦੀਲ ਕੀਤਾ ਜਾਵੇਗਾ।”
ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਇਹ ਪ੍ਰਗਟਾਵਾ ਪੰਜਾਬ ਸਰਕਾਰ ਅਤੇ ਨੈਸ਼ਨਲ ਇਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦਰਮਿਆਨ ਸਹੀਬੱਧ ਕੀਤੇ ਗਏ ਇੱਕ ਸਮਝੌਤੇ ਮੌਕੇ ਕੀਤਾ। ਇਸ ਸਮਝੌਤੇ ਉੱਤੇ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂ ਪ੍ਰਸ਼ਾਦ ਅਤੇ ਨੀਰੀ ਦੇ ਮੁਖੀ ਤੇ ਸਾਇੰਸਦਾਨ ਡਾ.ਐਸ.ਕੇ ਗੋਇਲ ਵੱਲੋਂ ਸਹੀ ਪਾਈ ਗਈ। ਇਸ ਮੌਕੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਸਲਾਹਕਾਰ ਡਾ. ਅਮਰ ਸਿੰਘ, ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਸੀ.ਈ.ਓ. ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਸ੍ਰੀ ਅਜੋਏ ਸ਼ਰਮਾ ਅਤੇ ਨੀਰੀ ਦੇ ਸੀਨੀਅਰ ਸਾਇੰਸਦਾਨ ਡਾ.ਰਮਨ ਸ਼ਰਮਾ ਵੀ ਮੌਜੂਦ ਸਨ।
ਨਾਲਿਆਂ ਦੀ ਤਰਸਯੋਗ ਹਾਲਤ ਨੂੰ ਪੰਜਾਬ ਲਈ ਚਿੰਤਾਜਨਕ ਦੱਸਦੇ ਹੋਏ ਸ. ਸਿੱਧੂ ਨੇ ਦੱਸਿਆ ਕਿ ਇਹ ਨਾਲੇ ਕਈ ਥਾਵਾਂ ਉੱਤੇ ਢਕੇ ਹੋਏ ਹਨ ਅਤੇ ਇਨਾਂ ਉੱਤੇ ਦੁਕਾਨਾਂ ਬਣਾ ਲਈਆਂ ਗਈਆਂ ਸਨ ਜਿਸ ਕਰਕੇ ਇਨਾਂ ਵਿਚੋਂ ਗਾਰ ਕੱਢਣ ਦਾ ਕੰਮ ਕਾਫੀ ਮੁਸ਼ਕਲ ਹੋ ਗਿਆ ਸੀ। ਉਨਾਂ ਕਿਹਾ ਕਿ ਸੂਬੇ ਵਿਚਲੇ ਨਾਲਿਆਂ ਵਿੱਚ ਉਦਯੋਗਿਕ ਇਕਾਈਆਂ, ਮਰੇ ਹੋਏ ਪਸ਼ੂਆਂ ਅਤੇ ਹੋਰ ਇਮਾਰਤੀ ਸਾਮਾਨ ਤੇ ਮਲਬਾ ਆਦਿ ਸੁੱਟੇ ਜਾਣ ਕਾਰਨ ਇਹ ਜ਼ਹਿਰੀਲਾ ਰੂਪ ਅਖਤਿਆਰ ਕਰ ਗਏ ਸਨ ਅਤੇ ਇਹ ਸਮੱਸਿਆ ਨਾਲ ਨਜਿੱਠਣ ਲਈ ਕਿਸੇ ਢੁੱਕਵੇਂ ਹੱਲ ਦੀ ਲੋੜ ਸੀ, ਜੋ ਕਿ ਹੁਣ ਲੱਭ ਲਿਆ ਗਿਆ ਹੈ।
ਸਥਾਨਕ ਸਰਕਾਰ ਮੰਤਰੀ ਨੇ ਅੱਗੇ ਦੱਸਿਆ ਕਿ ਇਨਾਂ ਨਾਲਿਆਂ ਦੀ ਸਫਾਈ ਦਾ ਪ੍ਰੋਜੈਕਟ ਇਸ ਵਰੇ ਦੇ ਮਾਰਚ ਮਹੀਨੇ ਤੋਂ ਪੜਾਅਵਾਰ ਪੰਜਾਬ ਦੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਜਾਵੇਗਾ, ਜਿਨਾਂ ਵਿੱਚ ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਦਾ ਬੁੱਢਾ ਨਾਲਾ ਸ਼ਾਮਲ ਹੋਵੇਗਾ। ਇਸ ਮੌਕੇ ਨੀਰੀ ਦੀ ਟੀਮ ਵੱਲੋਂ ਇਸ ਪ੍ਰੋਜੈਕਟ ਸਬੰਧੀ ਇੱਕ ਪ੍ਰੈਜੈਵੀ ਦਿਖਾਈ ਗਈ।
ਸ.ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਅੱਖਾਂ ਦੀ ਕਿਰਕਿਰੀ ਬਣੇ ਗੰਦੇ ਨਾਲ ਸਾਫ਼ ਹੋ ਜਾਣਗੇ ਅਤੇ ਨੀਰੀ ਦੀ ਤਕਨੀਕ ਸਦਕਾ ਇਨਾਂ ਨਾਲਿਆਂ ਵਿੱਚ ਪੌਦੇ ਵੀ ਉਗਾਏ ਜਾਣਗੇ। ਇੰਨਾਂ ਹੀ ਨਹੀਂ ਸਗੋਂ ਉੱਚ ਪੱਧਰੀ ਤਕਨੀਕ ਦੀ ਮਦਦ ਨਾਲ ਪਾਣੀ ਦੀ ਸਫਾਈ ਦਾ ਕੰਮ ਵੀ ਨੇਪਰੇ ਚਾੜਿਆ ਜਾਵੇਗਾ ਅਤੇ ਇਹ ਪਾਣੀ ਸਫਾਈ ਮਗਰੋਂ ਬਾਗਬਾਨੀ ਅਤੇ ਇਥੋਂ ਤੱਕ ਕਿ ਖੇਤੀ ਲਈ ਵੀ ਵਰਤਿਆ ਜਾ ਸਕੇਗਾ।
ਉਨਾ ਅਗਾਂਹ ਦੱਸਿਆ ਕਿ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਦੀ ਸਮਰੱਥਾ ਸੁਧਾਰਨ ਅਤੇ ਸਾਂਭ ਸੰਭਾਲ ਦੀ ਲਾਗਤ ਐਸ.ਬੀ.ਆਰ. ਤਕਨੀਕ ਵਰਤੇ ਜਾਣ ਦਾ ਇੱਕ ਚੌਥਾਈ ਹਿੱਸਾ ਹੋਵੇਗੀ।
ਸ.ਸਿੱਧੂ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਪ੍ਰੋਜੈਕਟ ਸਬੰਧੀ ਸਭ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਅਗਲੇ ਦੋ ਵਰਿਆਂ ਵਿੱਚ ਮੌਜੂਦਾ ਸਥਿਤੀ ‘ਚ ਹੈਰਾਨਕੁੰਨ ਅਤੇ ਸਕਾਰਾਤਮਕ ਬਦਲਾਅ ਆਵੇਗਾ।