ਨਵੀਂ ਦਿੱਲੀ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਦਾ ਸਮਰਥਨ ਕਰਦੀ ਹੈ ਅਤੇ ਇਸ ਮੁੱਦੇ ‘ਤੇ ਸਾਰੇ ਦਲਾਂ ਨੂੰ ਇਕਜੁਟ ਹੋਣਾ ਚਾਹੀਦਾ। ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਪਾਰਟੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣ ਦੀ ਮੰਗ ਦਾ ਸਮਰਥਨ ਕਰਦੀ ਹੈ ਅਤੇ ਚਾਹੁੰਦੀ ਹੈ ਕਿ ਪੋਲਾਵਰਮ ਪ੍ਰਾਜੈਕਟ ‘ਤੇ ਕੰਮ ਨੂੰ ਗਤੀ ਮਿਲੇ ਅਤੇ ਪ੍ਰਾਜੈਕਟ ਜਲਦ ਪੂਰਾ ਹੋਵੇ।
ਇਹ ਸਹੀ ਸਮਾਂ ਹੈ ਕਿ ਸਾਰੇ ਦਲ ਇਸ ਮੁੱਦੇ ‘ਤੇ ਇਕ ਹੋਣ ਅਤੇ ਇਸ ਮੰਗ ਦਾ ਸਮਰਥਨ ਕਰਨ। ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਸੰਸਦ ਮੈਂਬਰ ਕਈ ਦਿਨਾਂ ਤੋਂ ਸੰਸਦ ਦੇ ਅੰਦਰ ਅਤੇ ਬਾਹਰ ਇਸ ਮੰਗ ਦੇ ਸਮਰਥਨ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਲੋਕ ਸਭਾ ‘ਚ ਤੇਲੁਗੂ ਦੇਸ਼ਮ ਪਾਰਟੀ ਦੇ ਮੈਂਬਰ ਇਸ ਹਫਤੇ ਆਪਣੀ ਮੰਗ ਦੇ ਸਮਰਥਨ ‘ਚ ਹੰਗਾਮਾ ਕਰਦੇ ਰਹੇ ਹਨ।