ਚੰਡੀਗੜ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਜ਼ਿਲਾ ਲੁਧਿਆਣਾ ਦੇ ਭਾਰਤ ਭੂਸ਼ਨ ਲੈਕਚਰਾਰ ਅੰਗਰੇਜ਼ੀ, ਹਰਜੀਤ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਜ਼ਿਲਾ ਲੁਧਿਆਣਾ (ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਜ਼ਿਲਾ ਲੁਧਿਆਣਾ) ਅਤੇ ਸੁਖਵੀਰ ਸਿੰਘ ਮੈਥ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਜ਼ਿਲਾ ਲੁਧਿਆਣਾ (ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਜ਼ਿਲਾ ਲੁਧਿਆਣਾ) ਤਿੰਨਂੋ ਕਰਮਚਾਰੀਆਂ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਦਾ ਹੈਡ ਕੁਆਰਟਰ ਦਫਤਰ ਜ਼ਿਲਾ ਸਿੱਖਿਆ ਅਫਸਰ (ਸੈਂਕੰਡਰੀ ਸਿੱਖਿਆ) ਮੋਗਾ ਵਿਖੇ ਨਿਸ਼ਚਿਤ ਕੀਤਾ ਗਿਆ ਹੈ।
ਇਸ ਸਬੰਧੀ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਵੱਲੋਂ ਵਿਭਾਗ ਨੂੰ ਸਖਤੀ ਨਾਲ ਆਦੇਸ਼ ਕਰਦਿਆਂ ਲੁਧਿਆਣਾ ਜ਼ਿਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਸਕੂਲ ਦੀ ਮਾੜੀ ਘਟਨਾ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਤੁਰੰਤ ਅਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਲਈ ਸਕੱਤਰ, ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੇ ਇਹਨਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਮੁਅੱਤਲੀ ਦੇ ਆਦੇਸ਼ਾਂ ਵਿੱਚ ਥਾਣਾ ਹਠੂਰ ਜ਼ਿਲਾ ਲੁਧਿਆਣਾ ਵਿਖੇ ਦਰਜ ਐੱਫ.ਆਈ.ਆਰ. ਨੰ: 0037 ਮਿਤੀ 8-2-2018 ਅਤੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਵੱਲੋਂ ਭੇਜੀ ਗਈ ਮੁੱਢਲੀ ਪੜਤਾਲ ਰਿਪੋਰਟ ਦੇ ਸਨਮੁੱਖ ਤਤਕਾਲ ਸਮੇਂ ਤੋਂ ਭਾਰਤ ਭੂਸ਼ਨ ਲੈਕਚਰਾਰ ਅੰਗਰੇਜ਼ੀ, ਹਰਜੀਤ ਸਿੰਘ ਪੰਜਾਬੀ ਮਾਸਟਰ ਅਤੇ ਸੁਖਵੀਰ ਸਿੰਘ ਮੈਥ ਮਾਸਟਰ ਨੂੰ ਮੁਅੱਤਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਵੱਲੋਂ ਸਕੂਲਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਜਲਦ ਹੀ ਮੁਕੰਮਲ ਕਰਵਾ ਕੇ ਦੋਸ਼ੀਆਂ ਵਿਰੁੱਧ ਤੁਰੰਤ, ਸਖਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖਿਆ ਵਿਭਾਗ ਦਾ ਕਰਮਚਾਰੀ ਅਜਿਹੀ ਕਾਰਵਾਈ ਪ੍ਰਤੀ ਸੋਚ ਵੀ ਨਾ ਸਕੇ।