‘ਆਪ’ ਆਗੂਆਂ ਨੇ ਸੁਖਬੀਰ ਅਤੇ ਮਨਪ੍ਰੀਤ ਬਾਦਲ ਦੀ ਮਹਿਣੋ-ਮਹਿਣੀ ਨੂੰ ਗੰਭੀਰਤਾ ਨਾਲ ਲਿਆ
ਬਠਿੰਡਾ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਬਠਿੰਡਾ ਰੀਫਾਇਨਇਰੀ ‘ਚ ਰੇਤ-ਬਜਰੀ ਅਤੇ ਗੁੰਡਾ ਟੈਕਸ ਵਸੂਲੀ ਦੇ ਮੁੱਦੇ ‘ਤੇ ਆਖ਼ਰ ਸੱਚ ਸਾਹਮਣੇ ਆ ਗਿਆ ਹੈ ਅਤੇ ਇਸ ਗੋਰਖ ਧੰਦੇ ‘ਚ ਸ਼ਾਮਲ ਅਕਾਲੀ ਦਲ (ਬਾਦਲ) ਅਤੇ ਕਾਂਗਰਸੀ ਆਗੂਆਂ ਨੇ ਖ਼ੁਦ ਹੀ ਇੱਕ ਦੂਜੇ ਦੀ ਪੋਲ ਚੰਗੀ ਤਰ੍ਹਾਂ ਖੋਲ੍ਹ ਦਿੱਤੀ ਹੈ।
‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ‘ਆਪ’ ਦੀ ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਠਾਕੁਰ ਅਤੇ ਬਠਿੰਡਾ ਦੇਹਾਤੀ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਵੀਰਵਾਰ ਨੂੰ ਰੀਫਾਇਨਇਰੀ ‘ਚ ਦੌਰੇ ਉਪਰੰਤ ਮੀਡੀਆ ਸਾਹਮਣੇ ਖ਼ੁਦ ਹੀ ਕਬੂਲ ਕਰ ਲਿਆ ਗਿਆ ਕਿ ਉਨ੍ਹਾਂ ਦੀ ਪਾਰਟੀ (ਅਕਾਲੀ ਦਲ) ਦਾ ਤਤਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਐਨਾ ਨਹੀਂ ਕਰਦਾ ਸੀ, ਜਿੰਨਾ ਹੁਣ ਕਾਂਗਰਸੀ ਕਰ ਰਹੇ ਹਨ, ਕਾਂਗਰਸੀ ਉਸ ਤੋਂ ਜ਼ਿਆਦਾ ਗੁੰਡਾ ਟੈਕਸ ਵਸੂਲ ਰਹੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਕਬੂਲਨਾਮੇ ਨੇ ਅਕਾਲੀ-ਭਾਜਪਾ ਦੇ 10 ਸਾਲਾ ਮਾਫ਼ੀਆ ਰਾਜ ਬਾਰੇ ਲੋਕ-ਰਾਏ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾਂਦੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ। ਇਨ੍ਹਾਂ ਹੀ ਨਹੀਂ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੀ ਗੁੰਡਾ ਟੈਕਸ ਵਸੂਲਣ ਦੀ ਰਿਵਾਇਤ ਨੂੰ ਕਾਂਗਰਸ ਸਰਕਾਰ ਦੇ ਨੁਮਾਇੰਦੇ ਹੋਰ ਜ਼ਿਆਦਾ ਅੱਤ ਨਾਲ ਅੱਗੇ ਵਧਾ ਰਹੇ ਹਨ।
ਪ੍ਰੋ. ਬਲਜਿੰਦਰ ਕੌਰ, ਅਨਿਲ ਠਾਕੁਰ ਅਤੇ ਨਵਦੀਪ ਸਿੰਘ ਜੀਂਦਾ ਨੇ ਕਿਹਾ ਕਿ ਗੁੰਡਾ ਟੈਕਸ ਵਸੂਲੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਸ਼ੁਰੂ ਹੋਈ ਮਹਿਣੋ-ਮਹਿਣੀ ਨੇ ਇਹ ਗੱਲ ਵੀ ਸਾਫ਼ ਕਰ ਦਿੱਤੀ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਾਲਾ ਜੋਜੋ ਜੋਹਲ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਚ ਬਠਿੰਡੇ ਦਾ ‘ਬਿਕਰਮ ਸਿੰਘ ਮਜੀਠੀਆ’ ਸਾਬਤ ਹੋ ਰਿਹਾ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਇਹ ਦੋਸ਼ ਉਹ (ਆਪ ਆਗੂ) ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਖ਼ੁਦ ਹੀ ਇੱਕ ਦੂਜੇ ਦੇ ਸਾਲ਼ਿਆਂ (ਬਿਕਰਮ ਸਿੰਘ ਮਜੀਠੀਆ ਅਤੇ ਜੋਜੋ ਜੋਹਲ) ਬਾਰੇ ਲਗਾ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਰੀਫਾਇਨਇਰੀ ‘ਚ ਜੋਜੋ ਅਤੇ ਰਾਮਪੁਰਾ ਤੋਂ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਉੱਤੇ ਗੁੰਡਾ ਟੈਕਸ ਵਸੂਲੀ ਦੇ ਦੋਸ਼ ਲਗਾਏ ਹਨ ਜਦਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਾਲੇ ਜੋਜੋ ਜੋਹਲ ਨਾਲ ਖੜਦਿਆਂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਤੇ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਦੇ ਗਿਰੇਬਾਨ ‘ਚ ਝਾਕਣ ਦੀ ਸਲਾਹ ਦਿੱਤੀ ਹੈ।
‘ਆਪ’ ਆਗੂਆਂ ਨੇ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ‘ਤੇ ਸਮਾਂਬੱਧ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਚੰਗਾ ਹੁੰਦਾ ਜੇਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਜੋ ਜੋਹਲ ਨੂੰ ਕਲੀਨ ਚਿੱਟ ਦੇਣ ਦੀ ਥਾਂ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ।