-18 ਮਿੰਟਾਂ ‘ਚ ਪੰਜਾਬ ਅਤੇ ਦੇਸ਼ ਨਾਲ ਜੁੜੇ ਕਰੀਬ 2 ਦਰਜਨ ਮੁੱਦੇ ਉਠਾਏ
-ਸੋਸ਼ਲ ਮੀਡੀਆ ਉੱਤੇ ਛਾਈ ‘ਅੱਛੇ ਦਿਨ ਕੱਬ ਆਏਂਗੇਂ’ ਕਵਿਤਾ
-ਮੋਦੀ, ਬਾਦਲ ਅਤੇ ਕੈਪਟਨ ਨੂੰ ਰੱਜ ਕੇ ਕੋਸਿਆ
ਚੰਡੀਗੜ੍ਹ- ਸੰਸਦ ਦੇ ਚਾਲੂ ਬਜਟ ਸੈਸ਼ਨ ‘ਚ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮਹਿਜ਼ 18 ਮਿੰਟ ਮਿਲੇ ਸਮੇਂ ‘ਚ ਪੰਜਾਬ ਅਤੇ ਦੇਸ਼ ਨਾਲ ਜੁੜੇ ਕਰੀਬ 2 ਦਰਜਨ ਮੁੱਦੇ ਉਠਾਉਣ ਦਾ ਰਿਕਾਰਡ ਬਣਾਇਆ ਅਤੇ ਕੇਂਦਰ ਦੀ ਭਾਜਪਾ-ਆਕਲੀ ਦਲ ਸਰਕਾਰ ਨੂੰ ਘੇਰਿਆ। ਸਮੇਂ ਦੀ ਘਾਟ ਕਾਰਨ ਭਗਵੰਤ ਮਾਨ ਨੇ ਅੱਛੇ ਦਿਨ ਕੱਬ ਆਏਗੇ ਅਤੇ ਦੇਸ਼ ਕੋ ਨਦੀਓ ਔਰ ਝੀਲੋਂ ਮੇਂ ਮਤ ਬਾਂਟੀਏ ਕਵਿਤਾਵਾਂ ਦਾ ਵੀ ਸਹਾਰਾ ਲਿਆ ਜੋ ਸੋਸ਼ਲ ਮੀਡੀਆ ਉੱਤੇ ਛਾ ਗਈਆਂ ਹਨ।
‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਇਸ ਸੈਸ਼ਨ ‘ਚ ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ, ਮੋਦੀ ਸਰਕਾਰ ਵੱਲੋਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨਾ, ਕੇਂਦਰੀ ਅੰਨ ਭੰਡਾਰ ‘ਚ ਸਭ ਤੋਂ ਵੱਧ ਯੋਗਦਾਨ ਪਾ ਰਹੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਮਦਦ ਮੰਗਣਾ, ਮੋਦੀ ਸਰਕਾਰ ਦਾ ਫ਼ਸਲਾਂ ਦੇ ਲਾਭਕਾਰੀ ਮੁੱਲ ਲਈ ਡਾ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਤੋਂ ਮੁੱਕਰਨਾ, ਆਲੂ ਅਤੇ ਗੰਨਾਂ ਉਤਪਾਦਕ ਕਿਸਾਨਾਂ ਦੀ ਜਿਨਸਾਂ ਦਾ ਸਹੀ ਅਤੇ ਸਮੇਂ ਸਿਰ ਮੁੱਲ ਨਾ ਮਿਲਣ ਕਾਰਨ ਹੋ ਰਹੀ ਦੁਰਦਸ਼ਾ ਦਾ ਮੁੱਦਾ, ਜੀਐਸਟੀ ਅਤੇ ਨੋਟਬੰਦੀ ਦੀ ਵਪਾਰੀਆਂ-ਕਾਰੋਬਾਰੀਆਂ ਉੱਤੇ ਅਜੇ ਤੱਕ ਪੈ ਰਹੀ ਮਾਰ ਦਾ ਮਾਮਲਾ, ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਵਪਾਰੀਆਂ ਦਾ ਵਪਾਰ ਤੋਂ ਸੰਨਿਆਸ ਲੈਣਾ ਅਤੇ ਚਹੇਤੇ ਸੰਨਿਆਸੀਆਂ ਦਾ ਵਪਾਰ-ਕਾਰੋਬਾਰ ਕਰਨਾ, ਦੇਸ਼ ਦੀ 73 ਫ਼ੀਸਦੀ ਪੂੰਜੀ ਕੇਵਲ ਇੱਕ ਪ੍ਰਤੀਸ਼ਤ ਘਰਾਣਿਆ ਕੋਲ ਜਮਾਂ ਹੋਣ ਕਾਰਨ ਗ਼ਰੀਬ ਅਤੇ ਆਮ ਆਦਮੀ ਦੀ ਹਾਲਤ ਬਦ ਤੋਂ ਬਦਤਰ ਹੋਣਾ, ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਲਿਤਾਂ ਅਤੇ ਗ਼ਰੀਬਾਂ ਨੂੰ ਹਾਸ਼ੀਏ ‘ਤੇ ਧੱਕਣਾ ਅਤੇ ਮਨਰੇਗਾ ਦੀਆਂ ਦਿਹਾੜੀਆਂ ਦੇ ਲੰਮਾ ਸਮਾਂ ਪੈਸੇ ਨਾ ਦੇਣਾ, ਦਲਿਤਾਂ ਅਤੇ ਘੱਟ ਗਿਣਤੀਆਂ ਲਈ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਹੋਰ ਵਜ਼ੀਫ਼ਿਆਂ ਦੀ ਰਾਸ਼ੀ ਜਾਰੀ ਨਾ ਕਰਨਾ, ਅੰਮ੍ਰਿਤਸਰ ਅਤੇ ਮੋਹਾਲੀ (ਚੰਡੀਗੜ੍ਹ) ਏਅਰਪੋਰਟਾਂ ਨੂੰ ਸਹੀ ਅਰਥਾਂ ‘ਚ ਅੰਤਰਰਾਸ਼ਟਰੀ ਏਅਰਪੋਰਟਾਂ ਦੀ ਤਰ੍ਹਾਂ ਨਾ ਚਲਾਉਣਾ, ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਬਾਵਜੂਦ ਰਾਜਪੁਰਾ ਤੋਂ ਸਨੇਟਾ (ਮੋਹਾਲੀ) ਤੱਕ ਮਹਿਜ਼ 16 ਕਿੱਲੋਮੀਟਰ ਦੇ ਰੇਲ ਲਿੰਕ ਰਾਹੀਂ ਚੰਡੀਗੜ੍ਹ ਨੂੰ ਸਮੁੱਚੇ ਮਾਲਵਾ ਅਤੇ ਗੰਗਾਨਗਰ ਤੱਕ ਨਾ ਜੋੜਨ ਪਿੱਛੇ ਬਾਦਲਾਂ ਦੀਆਂ ਬੱਸਾਂ ਨੂੰ ਫਾਇਦਾ ਪਹੁੰਚਾਉਣ ਦਾ ਕਾਰਨ ਦੱਸਿਆ ਅਤੇ ਇਹ ਲਿੰਕ ਜਲਦੀ ਬਣਾਉਣ ਦੀ ਮੰਗ ਕੀਤੀ, ਪਰਲ ਸਮੇਤ ਹੋਰ ਚਿੱਟ ਫ਼ੰਡ ਕੰਪਨੀਆਂ ਵੱਲੋਂ ਪੰਜਾਬ ਅਤੇ ਦੇਸ਼ ਦੇ ਹੋਰ ਲੋਕਾਂ ਨਾਲ ਮਾਰੀ ਗਈ ਅਰਬਾਂ-ਖਰਬਾਂ ਦੀ ਠੱਗੀ ਦੀ ਭਰਪਾਈ ਲਈ ਇਹਨਾਂ ਕੰਪਨੀਆਂ ਦੀ ਸੰਪਤੀ ਵੇਚਣ ਦੀ ਮੰਗ, ਮੋਦੀ ਸਰਕਾਰ ਵੱਲੋਂ 2 ਕਰੋੜ ਨੌਕਰੀਆਂ ਦੇ ਵਾਅਦੇ ਤੋਂ ਮੁੱਕਰਨਾ ਅਤੇ ਹੁਣ ਬੀ.ਏ, ਐਮ.ਏ, ਅਤੇ ਹੋਰ ਉੱਚ ਡਿਗਰੀਆਂ ਪ੍ਰਾਪਤ ਬੇਰੁਜ਼ਗਾਰ ਨੌਜਵਾਨਾਂ ਨੂੰ ‘ਪਕੌੜੇ ਤਲਣ’ ਲਈ ਪ੍ਰੇਰਿਤ ਕਰਨ ਦੀ ਨਿੰਦਾ ਕਰਨਾ, ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਮੋਬਾਈਲ ਫ਼ੋਨ ਦੇਣ ਵਰਗੇ ਵਾਅਦਿਆਂ ਤੋਂ ਮੁੱਕਰਨ ਦੇ ਹਵਾਲੇ ਨਾਲ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਾਇਰੇ ‘ਚ ਲਿਆਉਣ ਲਈ ਲੀਗਲ ਡਾਕੂਮੈਂਟ ਬਣਾਉਣ ਦੀ ਮੰਗ ਕੀਤੀ ਗਈ।
ਭਗਵੰਤ ਮਾਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਦੇਸ਼ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ ਅਤੇ ਦੇਸ਼ ਨੂੰ ਧਰਮ ਅਤੇ ਜਾਤ-ਕਬੀਲਿਆਂ ਦੇ ਨਾਂ ‘ਤੇ ਵੰਡਣ ਦਾ ਦੋਸ਼ ਲਗਾਇਆ। ਮਾਨ ਨੇ ਕਵਿਤਾ ਰਾਹੀਂ ਜਿੱਥੇ ਮੋਦੀ ਤੋਂ ‘ਅੱਛੇ ਦਿਨਾਂ’ ਦਾ ਹਿਸਾਬ ਮੰਗਿਆ ਉੱਤੇ ਦੇਸ਼ ਨੂੰ ਧਰਮ ਦੇ ਨਾਂ ‘ਤੇ ਨਾ ਵੰਡਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਦੇਸ਼ ਪੱਖੀ ਅਤੇ ਲੋਕ ਪੱਖੀ ਨੀਤੀਆਂ-ਪ੍ਰੋਗਰਾਮ ਲਿਆਉਣ ਦੇ ਮਨਸ਼ੇ ਨਾਲ ਲਾਲ ਕਿਲ੍ਹੇ ਤੋਂ ਦਹਾਕੇ ਪੁਰਾਣੇ ਰਟੇ-ਰਟਾਏ ਭਾਸ਼ਣਾਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਮਾਨ ਨੇ ਦੋਸ਼ ਲਗਾਇਆ ਕਿ ਡਿਜੀਟਲ ਇੰਡੀਆ ਦਾ ਅਗਾਂਹ ਵਾਧੂ ਨਾਅਰਾ ਦੇ ਕੇ ਅੱਜ ਮੋਦੀ ਸਰਕਾਰ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਤਹਿਤ ਦੇਸ਼ ਨੂੰ ਖਿਲਜੀਆਂ ਅਤੇ ਟੀਪੂ-ਸੁਲਤਾਨਾਂ ਦੇ ਗੈਰ-ਜ਼ਰੂਰੀ ਏਜੰਡਿਆਂ ‘ਚ ਉਲਝਾ ਰਹੀ ਹੈ।
ਮਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗਰਿਮਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੱਥਾਂ ਦੇ ਆਧਾਰ ‘ਤੇ ਨਾਪ-ਤੋਲ ਕੇ ਬੋਲਣ ਦੀ ਸਲਾਹ ਵੀ ਦਿੱਤੀ ਹੈ।