ਮਸਕਟ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸੋਮਵਾਰ ਨੂੰ ਮਸਕਟ ਵਿਚ 125 ਸਾਲ ਪੁਰਾਣੇ ਸ਼ਿਵ ਮੰਦਿਰ ਵਿਚ ਪੂਜਾ ਅਰਚਨਾ ਕੀਤੀ। ਜਿਸ ਤੋਂ ਬਾਅਦ ਪੀ. ਐਮ ਨੇ ਆਪਣੇ ਟਵੀਟ ਵਿਚ ਕਿਹਾ, ‘ਮਸਕਟ ਦੇ ਸ਼ਿਵ ਮੰਦਿਰ ਵਿਚ ਪੂਜਾ ਕਰਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।’
ਇਹ ਇਸ ਖੇਤਰ ਦਾ ਸਭ ਤੋਂ ਪੁਰਾਣਾ ਮੰਦਿਰ ਹੈ। ਇਹ ਮੰਦਿਰ ਮਾਤਰਾਹ ਇਲਾਕੇ ਵਿਚ ਸਥਿਤ ਹੈ। ਇਸ ਮੰਦਿਰ ਦਾ ਨਿਰਮਾਣ ਗੁਜਰਾਤ ਦੇ ਵਪਾਰੀ ਭਾਈਚਾਰੇ ਨੇ 125 ਸਾਲ ਪਹਿਲਾਂ ਕੀਤਾ ਸੀ ਅਤੇ ਸਾਲ 1999 ਵਿਚ ਮੁਰੰਮਤ ਅਤੇ ਨਵੀਨੀਕਰਨ ਕੀਤਾ ਗਿਆ ਸੀ। ਮੰਦਿਰ ਵਿਚ 3 ਦੇਵਤਾ ਸ਼੍ਰੀ ਆਦਿ ਮੋਤੀਸ਼ਵਰ ਮਹਾਦੇਵ, ਸ਼੍ਰੀ ਮੋਤੀਸ਼ਵਰ ਮਹਾਦੇਵ ਅਤੇ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਹੈ। ਸ਼ੁੱਭ ਦਿਨ ‘ਤੇ 15 ਹਜ਼ਾਰ ਸ਼ਰਧਾਲੂ ਪੂਜਾ ਅਰਚਨਾ ਲਈ ਮੰਦਿਰ ਵਿਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਮੰਦਿਰ ਵਿਚ ਪੂਜਾ ਅਰਚਨਾ ਕਰਨ ਤੋਂ ਬਾਅਦ ਮੰਦਿਰ ਪ੍ਰਸ਼ਾਸਨ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਸਮੂਹਕ ਤਸਵੀਰ ਵੀ ਖਿਚਵਾਈ।
ਦੱਸਣਯੌਗ ਹੈ ਕਿ ਮੰਦਿਰ ਵਿਚ ਪੂਜਾ ਕਰਨ ਤੋਂ ਬਾਅਦ ਪੀ. ਐਮ ਮੋਦੀ ਨੇ ਸੁਲਤਾਨ ਕਬੂਸ ਸ਼ਾਹੀ ਮਸਜਿਦ ਦਾ ਵੀ ਦੌਰਾ ਕੀਤਾ। ਇਸ ਦਾ ਉਦਘਾਟਨ 2001 ਵਿਚ ਕੀਤਾ ਗਿਆ ਸੀ। ਇਹ ਮਸਜਿਦ ਓਮਾਨ ਦੀ ਸਭ ਤੋਂ ਵੱਡੀ ਮਸਜਿਦ ਹੈ। ਇਹ ਮਸਜਿਦ 3 ਲੱਖ ਟਨ ਭਾਰਤੀ ਸੈਂਡਸਟੋਨ ਨਾਲ ਬਣਾਈ ਗਈ ਹੈ। ਇਸ ਲਈ 200 ਕਾਰੀਗਰਾਂ ਨੂੰ ਭਾਰਤ ਤੋਂ ਬੁਲਾਇਆ ਗਿਆ ਸੀ।