ਮੁਖਤਿਆਰੇ ਮੈਂਬਰ ਕਾ ਜੀਤਾ ਘਰ ਨੂੰ ਤੁਰਿਆ ਜਾਂਦਾ ਸੱਥ ‘ਚ ਪੈਰ ਮਲ ਕੇ ਤਾਸ਼ ਖੇਡੀ ਜਾਂਦੀ ਢਾਣੀ ਦੇ ਕੋਲ ਆ ਖੜ੍ਹਾ ਹੋਇਆ। ਬਾਬਾ ਸੰਤੋਖ ਸਿਉਂ ਜੀਤੇ ਨੂੰ ਤਾਸ਼ ਖੇਡਣ ਵਾਲਿਆਂ ਦੇ ਸਰ੍ਹਾਣੇ ਖੜ੍ਹਾ ਵੇਖ ਕੇ ਕਹਿੰਦਾ, ”ਬਹਿ ਜਾ ਜੀਤ ਸਿਆਂ, ਬਹਿ ਕੇ ਵੇਖ ਲਾ ਦੋ ਬਾਜੀਆਂ। ਇਉਂ ਤਾਂ ਖੜ੍ਹਾ ਯਾਰ ਤੂੰ ਥੱਕਜੇਂ ਗਾ।”
ਬਾਬੇ ਸੰਤੋਖ ਸਿਉਂ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਪਤੌੜ ਹਾਜਮ ਕਰਦਾ ਬਾਬਾ ਇਹੇ। ਤਾਹੀਉਂ ਖੜ੍ਹਾ ਨਹੀਂ ਤਾਂ ਹੁਣ ਨੂੰ ਇਹਨੇ ਕਿਸੇ ਨਾ ਕਿਸੇ ਦੇ ਨਾਲ ਇਉਂ ਡਿਗਣਾ ਸੀ ਜਿਮੇਂ ਮੱਕ ਦਾ ਰੱਜਿਆ ਵਿਆ ਸਾਨ੍ਹ ਛੱਪੜ ਦੇ ਪਾਣੀ ‘ਚ ਜਾ ਡਿਗਦਾ ਹੁੰਦੈ। ਜੰਗੇ ਰਾਹੀ ਕੇ ਘਰੋਂ ਪਤੌੜਾਂ ਨਾਲ ਰੱਜ ਕੇ ਕੁੱਖਾਂ ਤਾਂ ਵੇਖ ਕਿਮੇਂ ਕੱਢੀਆਂ ਜਿਮੇਂ ਫ਼ੰਡਰ ਮੱਝ ਰਾਤ ਨੂੰ ਖੁੱਲ੍ਹ ਕੇ ਮਸ਼ੀਨ ਮੂਹਰੇ ਪਿਆ ਹਰਾ ਕੁਤਰਾ ਖਾ ਕੇ ਆਫ਼ਰੀ ਪਈ ਹੁੰਦੀ ਐ। ਜੇ ਬਹਿ ਗਿਆ ਤਾਂ ਪਤੌੜ ਹਾਜਮ ਨ੍ਹੀ ਹੋਣੇ, ਜੇ ਪਹਿਲੇ ਖਾਧੇ ਹਾਜਮ ਨਾ ਹੋਏ ਤਾਂ ਹੋਰ ਨ੍ਹੀ ਖਾਧੇ ਜਾਣੇ। ਨਾਲੇ ਹੁਣ ਈ ਵਿਆਹ ਆਲਿਆਂ ਦੇ ਘਰੇ ਕੰਮ ਕਰਨ ਦਾ ਟੈਮ ਐ, ਹੁਣ ਇਹ ਘਰ ਨੂੰ ਤੁਰਿਆ ਜਾਂਦਾ। ਕਿਉਂ ਓਏ ਠੀਕ ਐ ਮੇਰੀ ਗੱਲ ਕੁ ਨਹੀਂ?”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਕੀਹਦੇ ਵਿਆਹ ‘ਚੋਂ ਆਇਆ ਅਮਲੀਆ ਇਹੇ?”
ਅਮਲੀ ਕਹਿੰਦਾ, ”ਤੇਰੇ ਗੁਆਂਢੀ ਮਖਤਿਆਰੇ ਬਿੰਬਰ ਕਿਉਂ। ਤੇਰੇ ਗੁਆਂਢ ‘ਚ ਨੰਬਰਦਾਰਾ ਵਿਆਹ, ਤੈਨੂੰ ਪਤਾ ਈ ਨ੍ਹੀ, ਇਹ ਕਿਮੇਂ ਹੋ ਸਕਦਾ ਬਈ?”
ਨੰਬਰਦਾਰ ਕਹਿੰਦਾ, ”ਵਿਆਹ ‘ਚ ਹਜੇ ਪੰਜ ਛੀ ਦਿਨ ਪਏ ਐ।”
ਅਮਲੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਹਰਖ ਕੇ ਇਉਂ ਪੈ ਨਿਕਲਿਆ ਜਿਮੇਂ ਮਰੂਦਾਂ ਵਾਲੀ ਰੇਹੜੀ ‘ਤੇ ਪਏ ਮਰੂਦਾਂ ਨੂੰ ਮੂੰਹ ਮਾਰਦੇ ਗਧੇ ਨੂੰ ਰੇਹੜੀ ਵਾਲਾ ਪੈ ਜਾਂਦਾ ਹੁੰਦੈ, ”ਪੰਜ ਛੀ ਦਿਨ ਤਾਂ ਨੰਬਰਦਾਰਾ ਕੁੜੀ ਦੇ ‘ਨੰਦਾਂ ‘ਚ ਰਹਿੰਦੇ ਐ, ਕੜਾਹੀ ਤਾਂ ਵਿਆਹ ਤੋਂ ਪੰਜ ਚਾਰ ਦਿਨ ਪਹਿਲਾਂ ਈ ਚੜ੍ਹਦੀ ਹੁੰਦੀ ਐ ਕੁ ‘ਨੰਦਾਂ ਆਲੇ ਦਿਨ ਮੌਕੇ ‘ਤੇ ਚੜ੍ਹਾਉਂਦੇ ਹੁੰਦੇ ਐ? ਤੇਰੀ ਤਾਂ ਉਹ ਗੱਲ ਐ ‘ਅਕੇ ਬੂਹੇ ਆਈ ਜੰਨ, ਵਿੰਨ੍ਹੋਂ ਕੁੜੀ ਦੇ ਕੰਨ’। ਜੇ ਤੇਰਾ ਵੱਸ ਚੱਲਦਾ ਹੋਵੇ ਤੂੰ ਤਾਂ ਨੰਬਰਦਾਰਾ ਪੁੱਠੇ ਰਵਾਜ ਤੋਰ ਦੇਂ ਪਿੰਡ ‘ਚ। ਜੇ ਮੁੰਡੇ ਦਾ ਵਿਆਹ ਹੋਵੇ ਤਾਂ ਪਿੰਡ ‘ਚ ਕੜ੍ਹਾਹੀ ਨਾ ਚੜ੍ਹਣ ਦੇਮੇਂ। ਕੁੜੀ ਦੇ ਵਿਆਹ ‘ਚ ‘ਨੰਦਾਂ ਆਲੇ ਦਿਨ ਕੜ੍ਹਾਹੀ ਚੜ੍ਹਣ ਦੇਮੇਂ।”
ਸੁਰਜਨ ਬੁੜ੍ਹਾ ਵੀ ਜੀਤੇ ਨੂੰ ਬੋਲਿਆ, ”ਬਹਿ ਜਾ ਜੀਤ, ਤੂੰ ਵੀ ਖੇਡ ਲਾ ਕੋਈ ਬਾਜੀ ਬੂਜੀ।”
ਸੁਰਜਨ ਬੁੜ੍ਹੇ ਦੀ ਸੁਣ ਕੇ ਜੀਤ ਸੁਰਜਨ ਬੁੜ੍ਹੇ ਨੂੰ ਕਹਿੰਦਾ, ”ਮੈਨੂੰ ਨ੍ਹੀ ਤਾਇਆ ਖੇਡਣੀ ਆਉਂਦੀ ਤਾਸ਼, ਹੁਣ ਨੂੰ ਕਿਤੇ ਮੈਂ ਚਿਰ ਲਾਉਣਾ ਸੀ। ਨਾਲੇ ਇਹ ਵੀ ਕੋਈ ਕੰਮਾਂ ‘ਚੋਂ ਕੰਮ ਐ। ਇਹ ਤਾਂ ਸਾਰੇ ਵੇਹਲੜ ਤਾਸ਼ ਖੇਡਣ ‘ਤੇ ਈ ਐ ਇਨ੍ਹਾਂ ਨੇ ਕਿਹੜਾ ਟਰੱਕ ਲੈ ਕੇ ਗੁਹਾਟੀ ਨੂੰ ਜਾਣਾ ਹੁੰਦੈ। ਖਾ ਖਾ ਕੇ ਅੰਨ੍ਹੇ ਦੀ ਹਿੱਕ ਅਰਗੀਆਂ ਅੱਠ-ਅੱਠ ਦਸ-ਦਸ ਰੋਟੀਆਂ, ਸੱਥ ‘ਚ ਆ ਕੇ ਤਾਸ਼ ਕੁੱਟਣ ਬਹਿ ਜਾਂਦੇ ਐ। ਧੜੀ ਅੰਨ ਖਾ ਕੇ ਫ਼ੇਰ ਹਾਹਾਹਾਹਾਹਾ…..।”
ਬਾਬੇ ਸੰਤੋਖ ਸਿਉਂ ਨੇ ਪੁੱਛਿਆ, ”ਆਹ ਕੀ ਜੀਤ ਸਿਆਂ। ਗੱਲ ਹਾਸੇ ਚੀ ਛੱਡ ‘ਤੀ ਹੁਣ ਕਰਦੇ ਪੂਰੀ।”
ਜੀਤ ਕਹਿੰਦਾ, ”ਤੂੰ ਵੀ ਤਾਂ ਬਾਬਾ ਸਮਝ ਈ ਗਿਐਂ, ਕਿਉਂ ਮੈਥੋਂ ਪਾਪ ਕਰਾਉਣੈ। ਤਾਸ਼ ਖੇਡਦੇ ਐ ਇਹ ਖੇਡੀ ਜਾਣ ਦੇ, ਮੈਨੂੰ ਤਾਂ ਨ੍ਹੀ ਖੇਡਣੀ ਆਉਂਦੀ।”
ਸੀਤਾ ਮਰਾਸੀ ਕਹਿੰਦਾ, ”ਇਨ੍ਹਾਂ ‘ਚ ਮਲੂਕੇ ਆਲਾ ਨਾਜਰ ਕਿਹੜਾ ਦੱਸ ਖਾਂ ਓਏ। ਦਿਓਰ ਭਾਬੀ ਤਾਂ ਖੇਡਦੇ ਐ। ਇਹ ਕਿਹੜਾ ਚਾਲੀ ਨੰਬਰੀ ਸੀਫ ਖੇਡਦੇ ਐ ਬਈ ਨੰਬਰ ਨ੍ਹੀ ਥਿਆਉਣੇ।”
ਨਾਥਾ ਅਮਲੀ ਫ਼ੇਰ ਪੈ ਗਿਆ ਸਾਰਿਆਂ ਨੂੰ ਕਤਾੜ ਕੇ, ”ਸੋਨੂੰ ਦੱਸੀ ਤਾਂ ਜਾਨਾ ਯਰ ਬਈ ਵਿਆਹ ਦੇ ਪਤੌੜ ਖਾਧੇ ਹਾਜਮ ਕਰਦਾ, ਤੁਸੀਂ ਮੁੜ ਮੁੜ ਫ਼ੇਰ ਓਹੀ ਗੱਲ।”
ਬੁੱਘਰ ਦਖਾਣ ਜੀਤੇ ਨੂੰ ਪੁੱਛਿਆ, ”ਕੀਹਦੇ ਐ ਵਿਆਹ ਓਏ?”
ਜੀਤਾ ਕਹਿੰਦਾ, ”ਮਖਤਿਆਰੇ ਬਿੰਬਰ ਦੀ ਕੁੜੀ ਦਾ ਵਿਆਹ ਪੰਜਾਂ ਛੀਆਂ ਦਿਨਾਂ ਨੂੰ। ਉਨ੍ਹਾਂ ਨੇ ਕੜਾਹੀ ਚੜ੍ਹਾਈ ਐ ਅੱਜ। ਮੈਂ ਤਾਂ ਘੈਂਟਾ ਕੁ ਛੁੱਟੀ ਲੈ ਕੇ ਪਸੂਆਂ ਨੂੰ ਪੱਠਾ ਦੱਥਾ ਪਾਉਣ ਚੱਲਿਆਂ ਘਰੇ। ਘਰ ਨੂੰ ਜਾਂਦਾ ਜਾਂਦਾ ਐਥੇ ਸੱਥ ‘ਚ ਖੜ੍ਹ ਗਿਆਂ, ਇਹ ਪਤੰਦਰ ਹੋਰ ਈ ਉੱਘ ਦੀਆਂ ਪਤਾਲ ਮਾਰੀ ਜਾਂਦੇ ਐ।”
ਨਾਥਾ ਅਮਲੀ ਕਹਿੰਦਾ, ”ਉੱਘ ਦੀਆਂ ਪਤਾਲ ਨ੍ਹੀ, ਤੂੰ ਇਉਂ ਦੱਸ ਬਈ ਬਿੰਬਰਾਂ ਦੇ ਹਲਵਾਈ ਕਿਹੜੈ?”
ਜੀਤਾ ਕਹਿੰਦਾ, ”ਮੰਡੀ ਆਲਾ ਮੋਠੂ ਐ।”
ਨਾਥਾ ਅਮਲੀ ਟਿੱਚਰ ‘ਚ ਹੱਸ ਕੇ ਬੋਲਿਆ, ”ਵੱਸ ਫ਼ੇਰ, ਲੱਗ ਗਿਆ ਪਤਾ।”
ਨੰਬਰਦਾਰ ਨੇ ਪੁੱਛਿਆ, ”ਕੀ ਪਤਾ ਲੱਗ ਗਿਆ ਅਮਲੀਆ ਓਏ?”
ਅਮਲੀ ਟਿੱਚਰ ‘ਚ ਕਹਿੰਦਾ, ”ਬਾਰਾਂ ਮਸਾਲੇ ਤੇਹਰਮਾਂ ਸੁਆਦ -ਬਾਰਾਂ ਮਸਾਲੇ ਤੇਹਰਮਾਂ ਸੁਆਦ।”
ਬਾਬੇ ਸੰਤੋਖ ਸਿਉਂ ਨੇ ਨਾਥੇ ਅਮਲੀ ਨੂੰ ਹੈਰਾਨੀ ਨਾਲ ਪੁੱਛਿਆ, ”ਇਹ ਕੀ ਅਮਲੀਆ ਓਏ। ਬਾਰਾਂ ਮਸਾਲੇ ਤੇਹਰਮਾਂ ਸੁਆਦ ਕੀ। ਇਹ ਕੋਈ ਮੋਠੂ ਹਲਵਾਈ ਦੀ ਗੱਲ ਐ ਕੁ ਕੁਸ ਹੋਰ ਐ?”
ਅਮਲੀ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਮੋਠੂ ਹਲਵਾਈ ਦਾਲ ਭਾਜੀ ਤਾਂ ਬਹੁਤ ਵਧੀਆ ਬਣਾ ਲੈਂਦੈ, ਪਰ ਪਤੰਦਰ ਮਿਰਚਾਂ ਆਲੀ ਤਾਂ ਗੁਥਲੀਓ ਈ ਖੋਹਲ ਦਿੰਦਾ। ਬਾਕੀ ਹੋਰ ਕਈ ਤਰ੍ਹਾਂ ਦੇ ਮਸਾਲੇ ਜੇ ਪਾ ਦੂ। ਕਿਧਰੇ ਰਤਨਜੋਤ ਪਾ ਦੂ। ਕਿਧਰੇ ਹਰੜ ਭੂੰਜੀ ਪਾ ਦੂ। ਜਦੋਂ ਦਾਲ ਭਾਜੀ ‘ਚ ਵੱਧ ਮਿਰਚ ਖਾਧੀ ਜਾਵੇ, ਫ਼ੇਰ ਬਾਰਾਂ ਮਸਾਲਿਆਂ ਦਾ ਸੁਆਦ ਆਉਂਦਾ ਖਾਣ ਵੇਲੇ। ਜਨਾਰੇ ਬੱਝ ਜਾਂਦੇ ਐ ਬਾਬਾ।”
ਬਾਬਾ ਕਹਿੰਦਾ, ”ਓਹ ਤਾਂ ਅਮਲੀਆ ਤੇਰੀ ਗੱਲ ਠੀਕ ਐ ਬਈ ਬਾਰਾਂ ਮਸਾਲੇ ਤਾਂ ਤੈਂ ਗਣਾ ਉੱਤੇ, ਤੇ ਆਹ ਜਿਹੜਾ ਤੇਹਰਮਾਂ ਸੁਆਦ ਕਿਹਾ, ਇਹ ਕੀ ਚੱਕਰ ਐ?”
ਅਮਲੀ ਬਾਬੇ ਨੂੰ ਕਹਿੰਦਾ, ”ਤੂੰ ਬਾਬਾ ਕਿਤੇ ਨਿਆਣੈ ਬਈ ਤੈਨੂੰ ਸਮਝ ਨ੍ਹੀ ਆਈ। ਮੇਰੇ ਮੂੰਹੋਂ ਗੱਲ ਕਢਾਉਣ ਦਾ ਮਾਰਾ ਮਚਲਾ ਹੋ ਗਿਐਂ ਤੂੰ।”
ਬਾਬੇ ਨੇ ਅਮਲੀ ਨੂੰ ਵਡਿਆਉਂਦਿਆਂ ਫ਼ੇਰ ਕਿਹਾ, ”ਦੱਸਦੇ ਖਾਂ ਮੱਲਾ। ਇਉਂ ਕਿਉਂ ਕਰਦੈਂ ਯਾਰ। ਦੱਸ-ਦੱਸ, ਤੂੰ ਈ ਦਸਦੇ ਆਵਦੇ ਮੂੰਹੋਂ।”
ਅਮਲੀ ਕਹਿੰਦਾ, ”ਤੇਹਰਮੇਂ ਸੁਆਦ ਦਾ ਬਾਬਾ ਫ਼ੇਰ ਤੜਕੇ ਪਤਾ ਲੱਗ ਜਾਂਦੈ ਬਈ ਜਿਹੜੇ ਬਾਰਾਂ ਮਸਾਲੇ ਖਾਧੇ ਹੁੰਦੇ ਐ। ਆਹ ਗੱਲ ਐ, ਆਹ ਬਾਤ ਹੈ।”
ਅਮਲੀ ਦੀ ਗੱਲ ਸੁਣ ਕੇ ਸਾਰੀ ਸੱਥ ਹੱਸ ਪਈ।
ਗੱਲਾਂ ਸੁਣੀ ਜਾਂਦੇ ਗਿਆਨੀ ਜੱਸਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕਿਉਂ ਨਾਥਾ ਸਿਆਂ! ਕਹਿੰਦੇ ਮਖਤਿਆਰ ਸਿਉਂ ਦੀ ਕੁੜੀ ਦਾ ਸਾਕ ਬਾਹਰਲੇ ਮੁੰਡੇ ਨਾਲ ਹੋਇਐ। ਐਥੇ ਚੰਗੀ ਜੈਦਾਤ ਆਲਾ ਕੋਈ ਮੁੰਡਾ ਭਾਲ ਲੈਂਦੇ। ਬਾਹਰਲੇ ਮੁਲਖਾਂ ‘ਚ ਕੀ ਪਿਐ?”
ਸੀਤਾ ਮਰਾਸੀ ਕੈਨੇਡਾ ਤੋਂ ਆਏ ਨਛੱਤਰ ਸਿਉਂ ਨੂੰ ਸੱਥ ਵੱਲ ਤੁਰੇ ਆਉਂਦੇ ਨੂੰ ਵੇਖ ਕੇ ਕਹਿੰਦਾ, ”ਲੈ ਬਈ! ਹੋਅ ਬਾਈ ਛਨੱਤਰ ਸਿਉਂ ਆਉਂਦਾ, ਉਹਨੂੰ ਪੁੱਛਦੇ ਆਂ ਬਈ ਕਨੇਡੇ ‘ਚ ਕਿਮੇਂ ਚੱਲਦੇ ਐ ਕੰਮ ਧੰਦੇ?”
ਜਿਉਂ ਹੀ ਨਛੱਤਰ ਸਿਉਂ ਸੱਥ ‘ਚ ਆ ਕੇ ਸਾਰੀ ਸੰਗਤ ਨੂੰ ਫ਼ਤਹਿ ਬੁਲਾ ਕੇ ਸੱਥ ਵਾਲੇ ਥੜ੍ਹੇ ‘ਤੇ ਬਾਬੇ ਸੰਤੋਖ ਸਿਉਂ ਕੋਲ ਬੈਠਾ ਤਾਂ ਬਾਬਾ ਸੰਤੋਖ ਸਿਉਂ ਨਛੱਤਰ ਨੂੰ ਕਹਿੰਦਾ, ”ਬਈ ਛਨੱਤਰ ਸਿਆਂ! ਇੱਕ ਗੱਲ ਦੱਸ ਭਤੀਜ, ਬਈ ਕਨੇਡੇ ਮਰੀਕੇ ਆਪਣੇ ਪਿੰਡਾਂ ਆਲੇ ਲੋਕ ਕਿਮੇਂ ਰਹਿੰਦੇ ਐ?”
ਬਾਬੇ ਸੰਤੋਖ ਸਿਉਂ ਤੋਂ ਸਵਾਲ ਸੁਣ ਕੇ ਨਛੱਤਰ ਸਿਉਂ ਨੇ ਖੋਲ੍ਹ ਲਈ ਫ਼ਿਰ ਗੱਲਾਂ ਦੀ ਪਟਾਰੀ। ਇੱਕ ਤਾਂ ਨਛੱਤਰ ਸਿਉਂ ਪਹਿਲਾਂ ਹੀ ਸਿਰੇ ਦਾ ਗਾਲੜੀ ਸੀ। ਦੂਜਾ ਵੇਖ ਲਾ ਫ਼ਿਰ ਕੈਨੇਡਾ ਲਾ ਆਇਆ ਸੀ ਦੋ ਚਾਰ ਸਾਲ। ਜਦੋਂ ਨਛੱਤਰ ਸਿਉਂ ਕੈਨੇਡਾ ਦੀਆਂ ਗੱਲਾਂ ਸੁਣਾਉਣ ਲੱਗਿਆ ਤਾਂ ਸੱਥ ਵਾਲੇ ਸਾਰੇ ਜਣੇ ਨਛੱਤਰ ਸਿਉਂ ਦੇ ਦੁਆਲੇ ਇਉਂ ਆ ‘ਕੱਠੇ ਹੋਏ ਜਿਮੇਂ ਪੋਹ ਮਾਘ ਦੀ ਹੱਡ ਚੀਰਦੀ ਠੰਢ ‘ਚ ਸਕੂਟਰ ਦੇ ਟਾਇਰ ਨੂੰ ਅੱਗ ਲਾ ਕੇ ਅੱਠ ਦਸ ਜਣੇ ਉਹਦੇ ਦੁਆਲੇ ਅੱਗ ਸੇਕਦੇ ਹੋਣ। ਗੱਲ ਸੁਣਾਉਣ ਨੂੰ ਨਛੱਤਰ ਸਿਉਂ ਘੰਗੂਰਾ ਮਾਰ ਕੇ ਬਾਬੇ ਸੰਤੋਖ ਸਿਉਂ ਨੂੰ ਕਹਿੰਦਾ, ”ਬਈ ਚਾਚਾ ਸੰਤੋਖ ਸਿਆਂ! ਆਪਣੇ ਪੰਜਾਬੀਆਂ ਦੀਆਂ ਤਾਂ ਕਨੇਡੇ ‘ਚ ਵੀ ਅਜੀਬ ਈ ਕਹਾਣੀਆਂ ਨੇ। ਪਤੰਦਰਾ ਨੇ ਐਥੋਂ ਆਲੀਆਂ ਕਰਤੂਤਾਂ ਈ ਨ੍ਹੀ ਛੱਡੀਆਂ। ਜੇ ਮੈਂ ਗੱਲ ਕਰਾਂ ਤਾਂ ਗੱਲ ਗਾਹਾਂ ਹੋ ਜਾਂਦੀ ਐ, ਆਹ ਆਪਣੇ ਗੁਆੜ ਆਲੇ ਤਾਰੇ ਰੋੜੂਆਂ ਦੀ ਨੂੰਹ ਦਾ ਓਹੀ ਹਾਲ ਐ ਜਿਹੜਾ ਐਥੇ ਸੀ। ਐਥੇ ਸੋਨੂੰ ਪਤਾ ਈ ਐ ਕੀ-ਕੀ ਖੇਖਣ ਕਰਦੀ ਹੁੰਦੀ ਸੀ। ਕਿੱਧਰੇ ਸਿਰ ਘਮਾਉਂਦੀ ਹੁੰਦੀ ਸੀ, ਕਿਧਰੇ ਉੱਚੀ ਉੱਚੀ ਰੌਲ਼ਾ ਪਾਉਂਦੀ ਹੁੰਦੀ ਸੀ, ਕਹਿੰਦੀ ਹੁੰਦੀ ਸੀ ਮੇਰੇ ‘ਚ ਜਟਾਂ ਰੱਖੀਆਂ ਆਲੇ ਸ਼ਹੀਦ ਬਾਬੇ ਆਉਂਦੇ ਐ। ਮੇਰੇ ‘ਚ ਭੂਤਾਂ ਆਉਂਦੀਐਂ। ਮੇਰੇ ‘ਚ ਮੈਰੇ ਆਲੀ ਮਟੀ ਆਲਾ ਬਾਬਾ ਆਉਂਦੈ।”
ਨਛੱਤਰ ਸਿਉਂ ਦੀ ਗੱਲ ਟੋਕ ਕੇ ਨਾਥਾ ਅਮਲੀ ਕਹਿੰਦਾ, ”ਕਿਉਂ ਬਾਈ ਛਨੱਤਰ ਸਿਆਂ! ਓੱਥੇ ਨ੍ਹੀ ਭੂਤਾਂ ਪ੍ਰੇਤਾਂ ਤੇ ਸ਼ਹੀਦ ਬਾਬਿਆਂ ਨੂੰ ਕੱਢਣ ਆਲਾ ਕੋਈ? ਜੇ ਨਹੀਂ ਹੈ ਤਾਂ ਚਿਮਟਿਆਂ ਨਾਲ ਕੁੱਟਣ ਆਲੇ ਚਾਰ ਭੇਜ ਦੀਏ ਰਣਭੂਮ ਸਿਉਂ ਨਹਿੰਗ ਅਰਗੇ। ਆਪੇ ਦੈਂਗੜ ਦੈਂਗੜ ਹੋਈ ਜਾਊ।”
ਬਾਬਾ ਸੰਤੋਖ ਸਿਉਂ ਅਮਲੀ ਨੂੰ ਚੁੱਪ ਕਰਾਉਣ ਲਈ ਬੋਲਿਆ, ”ਚੁੱਪ ਕਰ ਓਏ ਅਮਲੀਆ, ਗੱਲ ਸੁਣਨ ਦੇ। ਹੁਣ ਨਾ ਬੋਲੀਂ। ਹਾਂ ਬਈ ਭਤੀਜ ਗਾਹਾਂ ਦੱਸ ਫ਼ਿਰ ਹੋਰ ਕੀ ਲਛਣੇ ਪਛਣੇ ਕਰਦੀ ਐ ਤਾਰੇ ਦੀ ਨੂੰਹ?”
ਨਛੱਤਰ ਸਿਉਂ ਕਹਿੰਦਾ, ”ਕੀ ਦੱਸਾਂ ਚਾਚਾ, ਮੈਨੂੰ ਤਾਂ ਇੱਕ ਗੱਲ ਦੀ ਸਮਝ ਨ੍ਹੀ ਆਉਂਦੀ ਬਈ ਆਪਣੇ ਲੋਕ ਤਾਂ ‘ਖੰਡਪਾਠ ਸੁੱਖ ਕੇ ਬਾਹਰਲੇ ਮੁਲਖ ਦਾ ਵੀਜਾ ਲਵਾਉਣ ਤਕ ਜਾਂਦੇ ਐ। ਕਿੰਨਾਂ ਕਿੰਨਾਂ ਖਰਚ ਹੋ ਜਾਂਦੈ, ਇਨ੍ਹਾਂ ਭੂਤਾਂ ਪ੍ਰੇਤਾਂ ਦੇ ਵੀਜੇ ਕੌਣ ਲਾਉਂਦੈ। ਇਹ ਪਤੰਦਰ ਬਿਨਾਂ ਵੀਜੇ ਤੋਂ ਈ ਜਹਾਜ ਚੜ੍ਹ ਜਾਂਦੇ ਐ।”
ਨਾਥਾ ਅਮਲੀ ਨਛੱਤਰ ਸਿਉਂ ਦੀ ਗੱਲ ਟੋਕ ਕੇ ਨਛੱਤਰ ਸਿਉਂ ਨੂੰ ਕਹਿੰਦਾ, ”ਤੂੰ ਹੋਰ ਗੱਲਾਂ ਤਾਂ ਬਾਈ ਛਨੱਤਰ ਸਿਆਂ ਰਹਿਣ ਦੇ, ਆਹ ਤਾਰੇ ਰੋੜੂ ਕੀ ਨੂੰਹ ਦੀ ਸਣਾ ਕੋਈ ਬਈ ਇਹ ਭੂਤਾਂ ਨੂੰ ਕਿਮੇਂ ਨਾਲ ਲੈ ਗੀ ਯਾਰ?”
ਨਛੱਤਰ ਸਿਉਂ ਕਹਿੰਦਾ, ”ਓਏ ਨਾਥਾ ਸਿਆਂ! ਕਾਹਨੂੰ ਕੋਈ ਭੂਤ ਪ੍ਰੇਤ ਆਉਂਦੀ ਐ ਉਹਦੇ ‘ਚ, ਐਮੇਂ ਖੇਖਣ ਕਰਦੀ ਐ ਬਈ ਮੈਨੂੰ ਕੰਮ ਨਾ ਕਰਨਾ ਪਵੇ। ਇੱਕ ਦਿਨ ਕੀ ਹੋਇਆ, ਲੱਗ ਗੀ ਭਾਈ ਉੱਚੀ ਉੱਚੀ ਰੌਲ਼ਾ ਪਾਉਣ ਬਈ ਮੇਰੇ ‘ਚ ਭੂਤ ਆ ਗੀ, ਕਹੇ ਮੈਂ ਹੁਣ ਦਿੱਲੀ ਦੇ ਕਿੰਗਰੇ ਢਾਹ ਦੂੰ। ਮੇਰੇ ਨੇੜੇ ਨਾ ਕੋਈ ਹੋਇਉ। ਮੈਥੋਂ ਕਿਸੇ ਨੇ ਬਚਣਾ ਨ੍ਹੀ। ਇਉਂ ਕਰੀ ਜਾਵੇ। ਉਨ੍ਹਾਂ ਦੇ ਗੁਆਂਢ ‘ਚ ਸੰਧੂਰਾ ਸਿੰਘ ਨਾਂ ਦਾ ਅੰਬਰਸਰ ਦਾ ਇੱਕ ਭਾਊ ਰਹਿੰਦਾ। ਭਾਊ ਦਾ ਸਵਾ ਕੁਇੰਟਲ ਤਾਂ ਭਾਰ ਹੋਊ, ਸਾਢੇ ਛੀ ਫ਼ੁੱਟ ਕੱਦ ਐ। ਜਦੋਂ ਉਹਨੇ ਵੇਖਿਆ ਬਈ ਇਹ ਕੀ ਖੇਖਣ ਜੇ ਕਰੀ ਜਾਂਦੈ ਐ ਤੇ ਸਾਰਾ ਟੱਬਰ ਡਰਦਾ ਅੰਦਰ ਵੜਿਆ ਬੈਠਾ ਬਈ ਕਿਤੇ ਸਾਨੂੰ ਨਾ ਭੂਤ ਚਿੰਬੜ ਜੇ। ਉਹਨੇ ਭਾਊ ਨੇ ਕੀ ਕੀਤਾ, ਉਨ੍ਹਾਂ ਦੇ ਸਾਰੇ ਟੱਬਰ ਦੇ ਸਾਹਮਣੇ ਤਾਰੇ ਦੀ ਨੂੰਹ ਉਨ੍ਹਾਂ ਦੇ ਈ ਘਰੇ ਆ ਢਾਹੀ। ਭਾਊ ਨੇ ਫ਼ੜ ਕੇ ਪੰਜਾਂ ਦੇ ਨੋਟ ਆਂਗੂੰ ਮਰੋੜ ਕੇ ਰੱਖ ‘ਤੀ। ਕਹਿੰਦਾ ‘ਜੇ ਤੇਰੇ ‘ਚ ਭੂਤ ਆਈ ਵੀ ਐ ਤਾਂ ਮੇਰੇ ‘ਚ ਪ੍ਰੇਤ ਆ ਗਿਆ’। ਤਾਰੇ ਨੂੰ ਨੂੰਹ ਕੁਕੜੀ ਆਂਗੂੰ ਮਰੋੜੀ ਵੀ ਭਾਊ ਨੂੰ ਕਹੀ ਜਾਵੇ ‘ਛੱਡਦੇ ਬਾਘਾ ਸਿਆਂ ਮੈਂ ਤਾਂ ਮਲਕੀਤ ਕਰੁ ਆਂ, ਛੱਡ ਦੇ ਚੰਨਣ ਸਿਆਂ ਮੇਰੇ ‘ਚ ਕੋਈ ਭੂਤ ਭਾਤ ਨ੍ਹੀ”। ਜਦੋਂ ਭਾਊ ਨੇ ਸੰਘੀ ਘੁੱਟੀ ਨਾਹ, ਭਾਊ ਨੂੰ ਕਦੇ ਤਾਂ ਬਾਘਾ ਸਿਉਂ ਕਹਿ ਛੱਡੇ। ਕਦੇ ਚੰਨਣ ਕਹਿ ਦੇ। ਇਉਂ ਸੰਧੂਰੇ ਭਾਊ ਨੇ ਉਹਦੇ ਭੂਤ ਕੱਢੇ। ਸਾਲ ਡੂਢ ਸਾਲ ਹੋ ਗਿਆ, ਹੁਣ ਨ੍ਹੀ ਕੁਸਕੀ।”
ਨਾਥਾ ਅਮਲੀ ਕਹਿੰਦਾ, ”ਜਿਮੇਂ ਮੱਝ ਦੀਆਂ ਚਿਚੜੀਆਂ ਮਾਰ ਦੇਈ ਦੀਆਂ, ਭਾਊ ਨੇ ਤਾਂ ਫ਼ਿਰ ਇਉਂ ਈ ਭੂਤ ਮਾਰ ‘ਤੇ।”
ਏਨੀ ਗੱਲ ਸੁਣਾ ਕੇ ਨਛੱਤਰ ਸਿਉਂ ਸੱਥ ‘ਚੋਂ ਉੱਠ ਕੇ ਬਾਬੇ ਸੰਤੋਖ ਸਿਉਂ ਨੂੰ ਕਹਿੰਦਾ, ”ਚੰਗਾ ਬਈ ਚਾਚਾ, ਓਧਰ ਤਾਇਆ ਜੀ ਬਚਿਤਰ ਸਿਉਂ ਕਿਆਂ ਨੂੰ ਵੀ ਮਿਲ ਆਮਾਂ।”
ਜਿਉਂ ਹੀ ਨਛੱਤਰ ਸਿਉਂ ਸੱਥ ‘ਚੋਂ ਉੱਠ ਕੇ ਬਚਿੱਤਰ ਸਿਉਂ ਦੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਤਾਰੇ ਰੋੜੂ ਦੀ ਨੂੰਹ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।