ਨਵੀਂ ਦਿੱਲੀ— ਪੀ.ਐੱਨ.ਬੀ. ‘ਚ ‘ਮਹਾਘੁਟਾਲੇ’ ਨੂੰ ਲੈ ਕੇ ਹੁਣ ਵਿਰੋਧੀ ਧਿਰ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਹੈ। ਇਸ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਭਾਜਪਾ ਸਰਕਾਰ ‘ਤੇ ਅਣਦੇਖੀ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ ਨੇ ਲੱਗੇ ਹੱਥ ਵਿਜੇ ਮਾਲਿਆ ਦੀ ਫਰਾਰੀ ਦਾ ਮਾਮਲਾ ਵੀ ਚੁੱਕਿਆ ਹੈ ਅਤੇ ਇਨ੍ਹਾਂ ਦੋਹਾਂ ਦਾ ਠੀਕਰਾ ਭਾਜਪਾ ਸਰਕਾਰ ਦੇ ਮੱਥੇ ‘ਤੇ ਭੰਨਿਆ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸਰਕਾਰੀ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਇਕ ਵੱਡੀ ਹੇਰਾਫੇਰੀ ਸਾਹਮਣੇ ਆਈ ਹੈ। ਪੀ.ਐੱਨ.ਬੀ. ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਨੇ 177 ਕਰੋੜ ਡਾਲਰ (ਕਰੀਬ 11360 ਕਰੋੜ ਰੁਪਏ) ਦੇ ਗਲਤ ਟਰਾਂਜੈਕਸ਼ਨ ਦਾ ਪਤਾ ਲਗਾਇਆ ਹੈ। ਇਹ ਗਲਤ ਟਰਾਂਜੈਕਸ਼ਨ ਮੁੰਬਈ ਦੀ ਇਕ ਬਰਾਂਚ ‘ਚ ਹੋਇਆ ਹੈ। ਬੈਂਕ ਨੇ ਇਕ ਬਿਆਨ ‘ਚ ਕਿਹਾ ਹੈ ਕਿ ਟਰਾਂਜੈਕਸ਼ਨ ਕੁਝ ਚੁਨਿੰਦਾ ਖਾਤਾ ਧਾਰਕਾਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ ਲਈ ਹੋਏ ਸਨ। ਨਾਲ ਹੀ ਬੈਂਕ ਦੇ ਮਾਧਿਅਮ ਨਾਲ ਕੀਤੇ ਗਏ ਇਸ ਟਰਾਂਜੈਕਸ਼ਨ ਰਾਹੀਂ ਹੋਰ ਬੈਂਕਾਂ ਤੋਂ ਵਿਦੇਸ਼ ‘ਚ ਬੈਠੇ ਗਾਹਕਾਂ ਨੂੰ ਐਡਵਾਂਸ ਭੁਗਤਾਨ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਬੈਂਕ ਨੇ ਇਸ ਧੋਖਾਧੜੀ ‘ਚ ਸ਼ਾਮਲ 2 ਅਧਿਕਾਰੀਆਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ।