ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤੀਜੀ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਇਕ ਨਿਊਜ਼ ਚੈਨਲ ਅਤੇ ਸੀ-ਵੋਟਰ ਨੇ ਦਿੱਲੀ ‘ਚ ਸਰਵੇ ਕਰਵਾਇਆ। ਕੇਜਰੀਵਾਲ ਸਰਕਾਰ ਨੂੰ ਲੈ ਕੇ ਆਖਰ ਜਨਤਾ ਦਾ ਮੂਡ ਕੀ ਹੈ ਸਰਵੇ ਇਸ ‘ਤੇ ਆਧਾਰਤ ਸੀ। ਇਹ ਸਰਵੇ 3 ਤੋਂ 12 ਫਰਵਰੀ ਦਰਮਿਆਨ ਕੀਤਾ ਗਿਆ। ਇਸ ਸਰਵੇ ‘ਚ ਕੁੱਲ 4170 ਲੋਕਾਂ ਦੀ ਰਾਏ ਲਈ ਗਈ ਹੈ। ਸਰਵੇ ਅਨੁਸਾਰ ਜੇਕਰ ਹੁਣ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਕੇਜਰੀਵਾਲ ਦੀ ਹੀ ਸਰਕਾਰ ਬਣੇਗੀ।
ਕੀ ਹੈ ਜਨਤਾ ਦਾ ਮੂਡ, ਕਿਸ ਨੂੰ ਕਿੰਨੀਆਂ ਸੀਟਾਂ
ਦਿੱਲੀ ‘ਚ ਹੁਣ ਚੋਣਾਂ ਹੋਈਆਂ ਤਾਂ ਦਿੱਲੀ ਵਾਲਿਆਂ ਲਈ ਮੁੱਖ ਮੰਤਰੀ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਦੀ ਹੈ। ਦਿੱਲੀ ਦੀ 49 ਫੀਸਦੀ ਜਨਤਾ ਨੇ ਕੇਜਰੀਵਾਲ ‘ਤੇ ਭਰੋਸਾ ਜ਼ਾਹਰ ਕੀਤਾ ਹੈ। 14 ਫੀਸਦੀ ਲੋਕਾਂ ਦੀ ਪਸੰਦ ਕੇਂਦਰੀ ਮੰਤਰੀ ਹਰਸ਼ਵਰਧਨ ਹਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ‘ਤੇ 9 ਫੀਸਦੀ ਲੋਕਾਂ ਨੇ ਭਰੋਸਾ ਜ਼ਾਹਰ ਕੀਤਾ ਹੈ।
ਸੀਟਾਂ
ਸੈਂਟਰ ਦਿੱਲੀ ‘ਚ ‘ਆਪ’ ਨੂੰ 20 ਸੀਟਾਂ ‘ਚੋਂ 11, ਭਾਜਪਾ ਨੂੰ 8 ਤਾਂ ਕਾਂਗਰਸ ਨੂੰ ਸਿਰਫ ਇਕ ਸੀਟ ਮਿਲਣ ਦਾ ਅਨੁਮਾਨ ਹੈ।
ਬਾਹਰੀ ਦਿੱਲੀ ‘ਚ ਵਿਧਾਨ ਸਭਾ ਦੀਆਂ 30 ਸੀਟਾਂ ਹਨ। ਇੱਥੇ ਆਮ ਆਦਮੀ ਪਾਰਟੀ ਨੂੰ 20, ਭਾਜਪਾ ਨੂੰ 9 ਅਤੇ ਕਾਂਗਰਸ ਦੇ ਹੱਥ ਇਕ ਸੀਟ ਆ ਸਕਦੀ ਹੈ।
ਯਮੁਨਾ ਪਾਰ ਦਿੱਲੀ ‘ਚ ਵਿਧਾਨ ਸਭਾ ਦੀਆਂ 20 ਸੀਟਾਂ ਹਨ। ਇੱਥੋਂ ‘ਆਪ’ ਨੂੰ 10, ਭਾਜਪਾ ਨੂੰ 8 ਅਤੇ ਕਾਂਗਰਸ ਨੂੰ ਸਿਰਫ ਇਕ ਸੀਟ ਹੀ ਮਿਲ ਰਹੀ ਹੈ। ਕੁੱਲ ਮਿਲਾ ਕੇ 70 ਮੈਂਬਰਾਂ ਵਾਲੀ ਵਿਧਾਨ ਸਭਾ ‘ਚ ‘ਆਪ’ ਨੂੰ 41, ਭਾਜਪਾ ਨੂੰ 25 ਅਤੇ ਕਾਂਗਰਸ ਨੂੰ ਚਾਰ ਸੀਟਾਂ ਮਿਲਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ।
ਕਿਸ ਨੂੰ ਕਿੰਨੇ ਫੀਸਦੀ ਵੋਟ ਮਿਲਣਗੇ?
ਸਰਵੇ ਅਨੁਸਾਰ ‘ਆਪ’ ਨੂੰ 39.6 ਫੀਸਦੀ, ਭਾਜਪਾ ਨੂੰ 32.9 ਫੀਸਦੀ ਅਤੇ ਕਾਂਗਰਸ ਨੂੰ 19.7 ਫੀਸਦੀ ਵੋਟ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ 54.3 ਫੀਸਦੀ, ਭਾਜਪਾ ਨੂੰ 32.3 ਫੀਸਦੀ ਅਤੇ ਕਾਂਗਰਸ ਨੂੰ 9.7 ਫੀਸਦੀ ਵੋਟ ਮਿਲੇ ਸਨ। ਵੋਟਾਂ ਦੇ ਹਿਸਾਬ ਨਾਲ ‘ਆਪ’ ਨੂੰ ਇਸ ਵਾਰ ਨੁਕਸਾਨ ਹੋ ਰਿਹਾ ਹੈ।