• ਹਰਪ੍ਰੀਤ ਸਿੰਘ ਬੇਦੀ ਸਮੇਤ 6 ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ।
• ਵਾਰਡ ਨੰ 72 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਰਵਿੰਦਰ ਕੌਸ਼ਿਕ (ਹੈਪੀ) ਦੀ ਹਮਾਇਤ ਦਾ ਐਲਾਨ।
ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਅਨੁਸ਼ਾਸ਼ਨ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ 6 ਪਾਰਟੀ ਆਗੂਆਂ ਨੂੰ ਪਾਰਟੀ ਵਿੱਚੋਂ ਖਾਰਜ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਵਿੱਚ ਵਾਰਡ ਨੰ 72 ਤੋਂ ਪਾਰਟੀ ਉਮੀਦਵਾਰ ਐਲਾਨੇ ਗਏ ਸ. ਹਰਪ੍ਰੀਤ ਸਿੰਘ ਬੇਦੀ ਦਾ ਨਾਮ ਵੀ ਸ਼ਾਮਲ ਹੈ। ਬੇਦੀ ਵੱਲੋਂ ਪਾਰਟੀ ਟਿਕਟ ਹਾਸਲ ਕਰਨ ਤੋਂ ਬਾਅਦ ਵਾਰਡ ਨੰ 73 ਤੋਂ ਆਪਣੀ ਪਤਨੀ ਵੀਰਾਂ ਬੇਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਉਮੀਦਵਾਰ ਵਿਰੁੱਧ ਅਜਾਦ ਉਮੀਦਵਾਰ ਵਜੋਂ ਖੜਾ ਕਰ ਦਿੱਤਾ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਨੇ ਦੋਵਾਂ ਨੂੰ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਹੁਣ ਇਸ ਵਾਰਡ ਤੋਂ ਪਾਰਟੀ ਨੇ ਸ਼੍ਰੀ ਰਵਿੰਦਰ ਕੌਸ਼ਿਕ (ਹੈਪੀ) ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸੇ ਤਰਾਂ ਸ. ਗੁਰਦੀਪ ਸਿੰਘ ਲੀਲ ਜੋ ਕਿ ਵਾਰਡ ਨੰ 74 ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਬੀਬੀ ਕੁਲਵਿੰਦਰ ਕੌਰ ਗੋਗਾ ਜੋ ਕਿ ਵਾਰਡ ਨੰ 44 ਤੋਂ ਚੋਣ ਲੜ ਰਹੇ ਹਨ ਅਤੇ ਉਹਨਾ ਦੇ ਪਤੀ ਸ. ਸੋਹਣ ਸਿੰਘ ਗੋਗਾ ਨੂੰ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਇਸੇ ਤਰਾਂ ਵਾਰਡ ਨੰ 44 ਤੋਂ ਸ. ਗੁਰਪਾਲ ਸਿੰਘ ਕੋਹਲੀ ਨੂੰ ਵੀ ਅਜਾਦ ਚੋਣ ਲੜਨ ਕਰਕੇ ਪਾਰਟੀ ਦੀ ਮੁਢਲੀ ਮੈਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਦੇ ਸਾਰੇ ਉਮੀਦਵਾਰਾਂ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਜਿੱਥੇ ਕਿਤੇ ਵੀ ਕਿਸੇ ਆਗੂ ਦੇ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਰਿਪੋਰਟ ਆਵੇਗੀ ਉਥੇ ਸਖਤੀ ਨਾਲ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।