ਸਿਰਸਾ ਦੀ ਅਗਵਾਈ ‘ਚ ਵਫਦ ਵੱਲੋਂ ਕਾਨੂੰਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ : ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਫਦ ਵੱਲੋਂ ਰਾਜਸਥਾਨ ਦੇ ਕਾਨੂੰਨ ਮੰਤਰੀ ਪੁਸ਼ਪਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਰਾਜਸਥਾਨ ਸਰਕਾਰ ਕੋਲ ਆਨੰਦ ਮੈਰਿਜ ਐਕਟ ਲਾਗੂ ਕਰਨ ਦਾ ਮਾਮਲਾ ਉਠਾਇਆ।
ਸ੍ਰੀ ਸਿਰਸਾ ਦੀ ਅਗਵਾਈ ਹੇਠਲੇ ਵਫਦ ਵਿਚ ਸ੍ਰੀ ਸੁਰਿੰਦਰ ਸਿੰਘ ਪੀ ਟੀ ਮੰਤਰੀ ਰਾਜਸਥਾਨ ਸਰਕਾਰ, ਸ੍ਰੀ ਗੁਰਜੰਟ ਸਿੰਘ ਬਰਾੜ ਵਿਧਾਇਕ ਤੇ ਸ੍ਰੀ ਮਨਜੀਤ ਸਿੰਘ ਔਲਖ ਵੀ ਸ਼ਾਮਲ ਸਨ।
ਸ੍ਰੀ ਸਿਰਸਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਭਾਰਤ ਭਰ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਦਾ ਕੰਮ ਵੇਖ ਰਹੇ ਹਨ, ਨੇ ਇਸ ਮਾਮਲੇ ‘ਤੇ ਰਾਜਸਥਾਨ ਦੀ ਮੁੱਖ ਮੰਤਰੀ ਨਾਲ ਸੰਪਰਕ ਬਣਾਇਆ ਹੋਇਆ ਸੀ ਤੇ ਉਹਨਾਂ ਨੇ ਸ੍ਰੀ ਸਿਰਸਾ ਨੂੰ ਕਾਨੂੰਨ ਮੰਤਰੀ ਨਾਲ ਮੁਲਾਕਾਤ ਕਰਨ ਲਈ ਆਖਿਆ ਸੀ। ਸ੍ਰੀ ਸਿਰਸਾ ਦੀ ਅਗਵਾਈ ਹੇਠ ਵਫਦ ਨੇ ਕਾਨੂੰਨ ਮੰਤਰੀ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਐਕਟ ਦੀਆਂ ਵਿਵਸਥਾਵਾਂ ਤੇ ਰਾਜਸਥਾਨ ਸਰਕਾਰ ਵੱਲੋਂ ਐਕਟ ਲਾਗੂ ਕਰਨ ਲਈ ਜ਼ਰੂਰਤਾਂ ਤੋਂ ਜਾਣੂ ਕਰਵਾਇਆ। ਸ੍ਰੀ ਸਿਰਸਾ ਨੇ ਰਾਜਸਥਾਨ ਦੇ ਮੰਤਰੀ ਨੂੰ ਦੱਸਿਆ ਕਿ ਬਹੁ ਗਿਣਤੀ ਰਾਜਾਂ ਵਿਚ ਐਕਟ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਤੇ ਬਾਕੀ ਰਹਿੰਦੇ ਰਾਜਾਂ ਕੋਲ ਉਠ ਮਾਮਲਾ ਉਠਾ ਰਹੇ ਹਨ।
ਇਸ ਦੌਰਾਨ ਜੈਪੁਰ ਸਿੰਘ ਸਭਾ ਦੇ ਮੈਂਬਰਾਂ ਜਿਹਨਾਂ ਵਿਚ ਸਤਵੰਤ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਰਾਜਾ ਪਾਰਕ, ਦਵਿੰਦਰ ਸਿੰਘ ਪ੍ਰਧਾਨ ਯੂਥ ਵਿੰਗ, ਬਲਦੇਵ ਸਿੰਘ ਸਾਬਕਾ ਚੇਅਰਮੈਨ ਤੇ ਦਵਿੰਦਰ ਸਿੰਘ ਸ਼ੰਟੀ ਕੌਂਸਲਰ ਆਦਿ ਨੇ ਸ੍ਰੀ ਸਿਰਸਾ ਵੱਲੋਂ ਐਕਟ ਵੱਖ ਵੱਖ ਰਾਜਾਂ ਵਿਚ ਲਾਗੂ ਕਰਵਾਉਣ ‘ਤੇ ਉਹਨਾਂ ਦਾ ਸਨਮਾਨ ਕੀਤਾ ਤੇ ਭਰੋਸਾ ਦੁਆਇਆ ਕਿ ਉਹਨਾਂ ਵੱਲੋਂ ਵਿਅਕਤੀਗਤ ਤੌਰ ‘ਤੇ ਸਰਕਾਰ ਕੋਲ ਮਾਮਲਾ ਚੁੱਕਣ ਤੋਂ ਬਾਅਦ ਹੁਣ ਉਹ ਰਾਜਸਥਾਨ ਵਿਚ ਇਸਨੂੰ ਲਾਗੂ ਕਰਨ ਦੀ ਮੁਹਿੰਮ ਖੁਦ ਵੇਖਣਗੇ।
ਸਿੰਘ ਸਭਾ ਦੇ ਮੈਂਬਰਾਂ ਨੇ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੀ ਸ੍ਰੀ ਸਿਰਸਾ ਦੀ ਤਜਵੀਜ਼ ਦਾ ਵੀ ਸਵਾਗਤ ਕੀਤਾ ਤੇ ਉਹਨਾਂ ਨੂੰ ਇਸ ਮਾਮਲੇ ‘ਤੇ ਪੂਰਨ ਹਮਾਇਤ ਦਾ ਭਰੋਸਾ ਦੁਆਇਆ ਤੇ ਦੱਸਿਆ ਕਿ ਉਹ ਤਜਵੀਜ਼ ਦੇ ਹੱਕ ਵਿਚ ਵੱਧ ਤੋਂ ਵੱਧ ਸਮਰਥਨ ਜੁਟਾਉਣਗੇ।