ਨਵੀਂ ਦਿੱਲੀ— ਨਾਬਾਲਗ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਜੇਲ ‘ਚ ਬੰਦ ਆਸਾ ਰਾਮ ਬਾਪੂ ਵੱਡੀ ਮੁਸੀਬਤ ‘ਚ ਫਸ ਸਕਦੇ ਹਨ। ਜੋਧਪੁਰ ‘ਚ ਉਨ੍ਹਾਂ ਦਾ ਆਸ਼ਰਮ ਇਕ ਵਾਰ ਫਿਰ ਵਿਵਾਦਾਂ ‘ਚ ਹੈ। ਉਸ ਆਸ਼ਰਮ ‘ਚ ਰਹਿ ਰਹੇ ਇਕ ਸੇਵਾਦਾਰ ਨੇ ਵੀਰਵਾਰ ਰਾਤ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉੱਥੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਆਸ਼ਰਮ ਵਾਲਿਆਂ ਨੇ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਹੈ। ਮ੍ਰਿਤ ਵਿਅਕਤੀ ਦਾ ਨਾਂ ਅਮਿਤ ਯਾਦਵ (23) ਹੈ। ਉਹ ਹਰਿਆਣਾ ਦੇ ਰੇਵਾੜੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਸ਼ਰਮ ‘ਚ ਸੇਵਾਦਾਰ ਦੇ ਤੌਰ ‘ਤੇ ਰਹਿ ਰਿਹਾ ਸੀ।
ਪੁਲਸ ਅਨੁਸਾਰ ਅਮਿਤ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਚ ਉਸ ਨੇ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਅਮਿਤ ਨੇ ਪਿਤਾ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਬੇਟੇ ਨੂੰ ਘਰ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਆਸ਼ਰਮ ਵਾਲਿਆਂ ਨੇ ਕਦੇ ਉਸ ਨੂੰ ਜਾਣ ਨਹੀਂ ਦਿੱਤਾ। ਅਮਿਤ ਆਸ਼ਰਮ ਕੈਂਪਸ ਦੇ ਇਕ ਕੋਨੇ ‘ਚ ਬਣੇ ਕਮਰੇ ‘ਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ। ਵੀਰਵਾਰ ਰਾਤ ਨੂੰ ਉਹ ਆਪਣੇ ਕਮਰੇ ‘ਚ ਫਾਂਸੀ ਦੇ ਫਾਹੇ ਨਾਲ ਲਟਕਿਆ ਮਿਲਿਆ। ਜ਼ਿਕਰਯੋਗ ਹੈ ਕਿ ਆਸਾ ਰਾਮ ਦੇ ਆਸ਼ਰਮ ‘ਚ ਕਿਸੇ ਸੇਵਾਦਾਰ ਦੀ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਭੋਪਾਲ ਸਥਿਤ ਆਸ਼ਰਮ ਦੇ ਸੇਵਾਦਾਰ ਨੇ ਵੀ ਇਸੇ ਤਰ੍ਹਾਂ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਮੂਲ ਰੂਪ ਨਾਲ ਝਾਬੁਆ ਦਾ ਰਹਿਣ ਵਾਲਾ ਸੀ।