ਅੰਮ੍ਰਿਤਸਰ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਟੂਰਡੋ ਦੀ ਫੇਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੰਮ੍ਰਿਤਸਰ ਦੌਰੇ ਨੂੰ ਲੈ ਕੇ 21 ਫਰਵਰੀ ਨੂੰ ਐੱਸ. ਜੀ. ਪੀ. ਸੀ. ਅਤੇ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਰਹਿਣਗੇ। ਅਧਿਕਾਰੀਆਂ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਜਦੋਂ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣਗੇ ਤਾਂ ਸੁਰੱਖਿਆ ਅਧਿਕਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਖਾਲਿਸਤਾਨੀ ਨਾਅਰੇ ਨਾ ਲਾਵੇ। ਦੱਸਣਯੋਗ ਹੈ ਕਿ ਕੈਨੇਡਾ ‘ਚ ਵੀ ਵੱਡੀ ਗਿਣਤੀ ‘ਚ ਸਿੱਖ ਰਹਿੰਦੇ ਹਨ।
ਐੱਸ. ਜੀ. ਪੀ. ਸੀ. ਵਲੋਂ ਕਿਹਾ ਗਿਆ ਹੈ ਕਿ ਅਸੀਂ ਟਾਸਕ ਫੋਰਸ ਦੇ ਜਵਾਨਾਂ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਨੂੰ ਕਿਹਾ ਹੈ ਅਤੇ ਉਨ੍ਹਾਂ ਦੀ ਨਜ਼ਰ ਹਰ ਪਾਸੇ ਹੋਵੇਗੀ ਤਾਂ ਕਿ ਸ਼ਰਮਿੰਦਾ ਨਾ ਹੋਣਾ ਪਵੇ। ਹਾਲਾਂਕਿ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਬੈਠਕ ਕੀਤੀ, ਜਿਸ ‘ਚ ਟਰੂਡੋ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਨੂੰ ਲੈ ਕੇ ਗੱਲਬਾਤ ਕੀਤੀ ਗਈ। ਓਧਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਅਸੀਂ ਬੈਠਕ ਕੀਤੀ ਹੈ, ਜਿਸ ‘ਚ ਵੱਖ-ਵੱਖ ਵਿਭਾਗਾਂ ਸਮੇਤ ਪੁਲਸ ਵੀ ਸ਼ਾਮਲ ਰਹੀ।