ਅਹਿਮਦਾਬਾਦ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਦੀ ਸ਼ਾਮ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ (ਆਈ. ਆਈ. ਐੱਮ- ਏ) ਪਹੁੰਚੇ, ਜਿੱਥੇ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਇੰਸਟੀਚਿਊਟ ‘ਚ ਸੰਬੋਧਿਤ ਕਰਦਿਆਂ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਵਪਾਰ ਲਈ ਕੈਨੇਡਾ ਖੁੱਲ੍ਹਾ ਹੈ। ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ‘ਚ ਵਾਧਾ ਕਰਨ ਦੀ ਸਮਰੱਥਾ ਹੈ।
ਉਨ੍ਹਾਂ ਨੇ ਔਰਤਾਂ ਬਾਰੇ ਵੀ ਗੱਲ ਕੀਤੀ। ਟਰੂਡੋ ਨੇ ਕਿਹਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਪੁਰਸ਼ ਅਤੇ ਔਰਤ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਤਾਂ ਤੁਸੀਂ ਸਹੀ ਸੋਚਦੇ ਹੋ।
ਟਰੂਡੋ ਨੇ ਮੀਡੀਆ ਬਾਰੇ ਵੀ ਗੱਲਬਾਤ ਕੀਤੀ, ਉਨ੍ਹਾਂ ਕਿਹਾ ਕਿ ਇਕ ਸਫਲ ਲੋਕਤੰਤਰ ਲਈ ਆਜ਼ਾਦ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਹੈ। ਮੀਡੀਆ ਆਪਣਾ ਮਹੱਤਵਪੂਰਨ ਫਰਜ਼ ਪੂਰਾ ਕਰਦੀ ਹੈ, ਉਹ ਸਰਕਾਰ ਨੂੰ ਦੱਸਦੀ ਹੈ ਕਿ ਕੀ ਗਲਤ ਹੋ ਰਿਹਾ ਹੈ। ਇਸ ਦੇ ਨਾਲ ਹੀ ਟਰੂਡੋ ਨੇ ਸ਼ਰਨਾਰਥੀਆਂ ਦਾ ਮੁੱਦਾ ਵੀ ਚੁੱਕਿਆ। ਟਰੂਡੋ ਨੇ ਕਿਹਾ ਕਿ ਸ਼ਰਨਾਰਥੀ ਜੋ ਅੱਤਿਆਚਾਰਾਂ ਤੋਂ ਭੱਜਦੇ ਹਨ, ਕਿਸੇ ਹੋਰ ਦੇਸ਼ ‘ਚ ਬਿਹਤਰ ਜ਼ਿੰਦਗੀ ਲਈ, ਉਹ ਅਜਿਹੇ ਦੇਸ਼ ਦੇ ਬਹੁਤ ਧੰਨਵਾਦੀ ਹਨ, ਜੋ ਉਨ੍ਹਾਂ ਦਾ ਸਵਾਗਤ ਕਰਦੇ ਹਨ।