ਪੰਜਾਬ ਸਰਕਾਰ ਨੇ ਰਾਜ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦਾ ਮਿੱਥਿਆ ਟੀਚਾ
ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਵਿਚ 1400 ਤੋਂ ਵੱਧ ਨਾਮਵਰ ਕੰਪਨੀਆਂ ਕਰਨਗੀਆਂ ਸ਼ਿਰਕਤ
ਰਾਜ ਦੀਆਂ 30 ਵੱਖ-ਵੱਖ ਥਾਵਾਂ ‘ਤੇ ਲੱਗਣਗੇ ਸੂਬਾ ਪੱਧਰੀ ਰੁਜ਼ਗਾਰ ਮੇਲੇ
ਰਾਜ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਿਖਲਾਈ ਲੈਣ ਦੀ ਲੋੜ ‘ਤੇ ਦਿੱਤਾ ਜ਼ੋਰ
ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ: ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਤੋਂ ਰਾਜ ਵਿਚ ਦੂਜੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦੀ ਕੀਤੀ ਸ਼ੁਰੂਆਤ
ਐਸ.ਏ.ਐਸ.ਨਗਰ : ਪੰਜਾਬ ਸਰਕਾਰ ਘਰ -ਘਰ ਰੁਜਗਾਰ ਮਿਸ਼ਨ ਤਹਿਤ ਰਾਜ ਦੇ ਵੱਧ ਤੋਂ ਵੱਧ ਨੋਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ ਅਤੇ ਇਸ ਸਾਲ 08 ਮਾਰਚ ਤੱਕ ਚੱਲਣ ਵਾਲੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਰਾਹੀਂ 50 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਤੇ ਇਹ ਰੁਜ਼ਗਾਰ ਮੇਲੇ ਨਿਰੰਤਰ ਜਾਰੀ ਰੱਖੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਰਾਜ ਭਰ ਵਿਚ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਤੋਂ ਦੂਜੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਦਿਆਂ ਕਰਵਾਏ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਘਰ-ਘਰ ਰੁਜ਼ਗਾਰ ਦੇਣ ਦੇ ਮੰਤਵ ਦੀ ਪੂਰਤੀ ਲਈ ਰਾਜ ਵਿਚ ਦੂਜੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੂਬਾ ਪੱਧਰੀ ਮੇਲਿਆਂ ਵਿੱਚ 1400 ਤੋਂ ਵੱਧ ਨਾਮਵਾਰ ਕੰਪਨੀਆਂ ਨੋਜਵਾਨਾਂ ਦੀ ਨੌਕਰੀਆਂ ਲਈ ਚੋਣ ਕਰਨਗੀਆਂ। ਉਨ੍ਹਾਂ ਹੋਰ ਦੱਸਿਆ ਕਿ ਰਾਜ ਵਿੱਚ 30 ਵੱਖ-ਵੱਖ ਥਾਵਾਂ ‘ਤੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਸਬੰਧੀ 140 ਈਵੈਂਟ ਕਰਵਾਏ ਜਾਣੇ ਹਨ। ਸ: ਚੰਨੀ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਨੋਕਰੀ ਲਈ ਕੋਈ ਵੀ ਹੁਨਰਮੰਦ ਨੋਜਵਾਨ www.ghargharrozgar.punjab.gov.in ‘ਤੇ ਆਪਣੇ-ਆਪ ਨੂੰ ਰਜਿਸਟਰ ਕਰਵਾ ਸਕਦਾ ਹੈ। ਰਾਜ ਵਿੱਚ 04 ਲੱਖ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਤੇ ਹੁਣ ਹੋਰ 70 ਹਜ਼ਾਰ ਨੋਜਵਾਨਾਂ ਨੇ ਅਪਲਾਈ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 27 ਹਜ਼ਾਰ 500 ਨੌਜਵਾਨਾਂ ਨੂੰ ਨੋਕਰੀਆਂ ਮੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਪਰੋਕਤ ਪੋਰਟਲ ‘ਤੇ ਵੱਖ-ਵੱਖ ਕੰਪਨੀਆਂ ਵੱਲੋਂ 35 ਹਜ਼ਾਰ ਨੌਜਵਾਨਾਂ ਨੂੰ ਨੋਕਰੀਆਂ ਦੇਣ ਦੀ ਤਜਵੀਜ਼ ਆ ਚੁੱਕੀ ਹੈ।
ਤਕਨੀਕੀ ਸਿੱਖਿਆ ਮੰਤਰੀ ਪੰਜਾਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਹੁਨਰਮੰਦ ਬਣਨ ਸਬੰਧੀ ਸਿਖਲਾਈ ਨੂੰ ਤਵੱਜੋ ਦੇਣ ਕਿਉਂਕਿ ਹੁਨਰਮੰਦਾਂ ਲਈ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ ਪਰ ਹੁਨਰਮੰਦ ਨੋਜਵਾਨਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਨੌਜਵਾਨਾਂ ਵੱਲੋਂ ਆਪਣੀ ਜ਼ਿੰਦਗੀ ਦੇ ਟੀਚੇ ਮਿੱਥ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਦੇ ਨਾਲ-ਨਾਲ ਆਪਣੀ ਜਿੰਦਗੀ ਨੂੰ ਇਮਾਨਦਾਰੀ ਨਾਲ ਬਸਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਰਾਜ ਵਿਚ ਦੂਜੇ ਸੂਬੇ ਪੱਧਰੀ ਰੁਜ਼ਗਾਰ ਮੇਲਿਆਂ ਦੀ ਰਸਮੀ ਸ਼ੁਰੂਆਤ ਵੀ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਕੱਤਰ ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਭਾਵਨਾ ਗਰਗ ਨੇ ਕਿਹਾ ਕਿ ਰੁਜ਼ਗਾਰ ਮੇਲਿਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੌਕੇ ਪ੍ਰਦਾਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਘਰ ਵਿੱਚ ਰੁਜ਼ਗਾਰ ਦੇਣ ਲਈ ਪੋਰਟਲ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਨੌਜਵਾਨਾਂ ਨੂੰ ਖ਼ੁਦ ਨੂੰ ਰਜਿਸਟਰ ਕਰਾਉਣਾ ਚਾਹੀਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਰੁਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਵੀ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ੍ਰੀ ਸਤਨਾਮ ਸਿੰਘ ਸੰਧੂ ਨੇ ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੂੰ ਚੁਨਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿੱਚੋਂ ਪੰਜਾਬ ਸਰਕਾਰ, ਪਹਿਲੀ ਸਰਕਾਰ ਹੈ ਜਿਸ ਨੇ ਸਰਕਾਰੀ ਪੱਧਰੀ ‘ਤੇ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ ਕਰ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਲਾਏ ਗਏ ਸੂਬਾ ਪੱਧਰੀ ਰੁਜ਼ਗਾਰ ਮੇਲੇ ਵਿੱਚ 60 ਤੋਂ ਵੱਧ ਨਾਮਵਾਰ ਕੰਪਨੀਆਂ ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕਰਨਗੀਆਂ। ਇਸ ਮੌਕੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਮੋਹਨਵੀਰ ਸਿੰਘ, ਡਿਪਟੀ ਡਾਇਰੈਕਟਰ (ਪ੍ਰਬੰਧ) ਦਮਨਦੀਪ ਕੌਰ ਅਤੇ ਵੱਖ ਵੱਖ ਕੰਪਨੀਆਂ ਦੇ ਨੁਮਾਇੰਦੇ ਮੌਜੂਦ ਸਨ।