ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਰਿਲੀਜ਼ ਹੋਣ ਦੇ ਨਾਲ ਹੀ ਉਨ੍ਹਾਂ ਦੀ ਅਗਲੀ ਫ਼ਿਲਮ ‘ਗੋਲਡ’ ਦਾ ਟੀਜ਼ਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟੀਜ਼ਰ ਬਹੁਤ ਜ਼ਬਰਦਸਤ ਹੈ। ਫ਼ਿਲਮ 1948 ਦੇ ਓਲੰਪਿਕ ਖੇਡਾਂ ‘ਚ ਭਾਰਤ ਦੇ ਪਹਿਲੇ ਗੋਲਡ ਮੈਡਲ ਜਿੱਤਣ ‘ਤੇ ਆਧਾਰਿਤ ਹੈ ਅਤੇ ਇਸ ‘ਚ ਅਕਸ਼ੈ ਕੁਮਾਰ ਆਜ਼ਾਦ ਭਾਰਤ ਦੇ ਨੈਸ਼ਨਲ ਹਾਕੀ ਟੀਮ ਦੇ ਕੈਪਟਨ ਦੀ ਭੂਮਿਕਾ ਨਿਭਾ ਰਹੇ ਹਨ। ਅਕਸ਼ੈ ਦੀ ਇਹ ਫ਼ਿਲਮ ਹਾਕੀ ‘ਤੇ ਆਧਾਰਿਤ ਹੈ। ਇਸ ਫ਼ਿਲਮ ਤੋਂ ਪਹਿਲਾਂ ਸ਼ਾਹਰੁਖ਼ ਦੀ ਫ਼ਿਲਮ ‘ਚੱਕ ਦੇ ਇੰਡੀਆ’ ਹਾਕੀ ‘ਤੇ ਹੀ ਆਧਾਰਿਤ ਬਣ ਚੁੱਕੀ ਹੈ ਪਰ ਦੋਵੇਂ ਫ਼ਿਲਮਾਂ ਇਕ-ਦੂਜੇ ਤੋਂ ਕਾਫ਼ੀ ਅੱਲਗ ਹਨ। ਫ਼ਿਲਮ ‘ਗੋਲਡ’ ਦਾ ਟੀਜ਼ਰ ਬਾਕੀ ਫ਼ਿਲਮਾਂ ਦੇ ਟੀਜ਼ਰ ਤੋਂ ਥੋੜ੍ਹਾ ਜ਼ਿਆਦਾ ਸਮੇਂ ਦਾ ਅਤੇ ਵੇਖਣ ਨੂੰ ਕਾਫ਼ੀ ਚੰਗਾ ਵੀ ਹੈ। ਦਰਸ਼ਕਾਂ ਨੂੰ ਉਮੀਦ ਹੈ ਕਿ ਜੇ ਟੀਜ਼ਰ ਇੰਨਾ ਸ਼ਾਨਦਾਰ ਹੈ ਤਾਂ ਫ਼ਿਲਮ ਹੋਰ ਵੀ ਸ਼ਾਨਦਾਰ ਹੋਵੇਗੀ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਨਾਲ ਲਿਖਿਆ ਹੈ ਕਿ ਹੁਣ ਤਕ ਇੰਡੀਆ ਚੁਪ ਸੀ, ਹੁਣ ਅਸੀਂ ਲੋਕ ਬੋਲਾਂਗੇ ਤੇ ਦੁਨੀਆ ਸੁਣੇਗੀ। ‘ਗੋਲਡ’ ਦੇ ਟੀਜ਼ਰ ‘ਚ ਅਕਸ਼ੈ ਬੋਲਦੇ ਹਨ ਕਿ ਉਹ ਸਭ ਹੁਣ ਤਕ ਬ੍ਰਿਟਿਸ਼ ਇੰਡੀਆ ਲਈ ਖੇਡਦੇ ਸਨ ਪਰ ਹੁਣ ਉਹ ਆਜ਼ਾਦ ਭਾਰਤ ਲਈ ਖੇਡਣਾ ਚਾਹੁੰਦੇ ਹਨ ਤੇ ਗੋਲਡ ਮੈਡਲ ਲੈਣਾ ਚਾਹੁੰਦੇ ਹਨ। ਫ਼ਿਲਮ ‘ਚ ਅਕਸ਼ੈ ਕੁਮਾਰ ਦੇ ਨਾਲ ਅਦਾਕਾਰਾ ਮੌਨੀ ਰਾਏ ਡੈਬਿਊ ਕਰ ਰਹੀ ਹੈ। ਫ਼ਿਲਮ ‘ਚ ਕੁਣਾਲ ਕਪੂਰ, ਗੌਹਰ ਖ਼ਾਨ, ਵਿਨੀਤ ਕੁਮਾਰ ਸਿੰਘ ਆਦਿ ਕਲਾਕਾਰ ਵੀ ਸ਼ਾਮਿਲ ਹਨ। ਦੇਸ਼-ਭਗਤੀ ਅਤੇ ਨੈਸ਼ਨਲ ਖੇਡਾਂ ‘ਤੇ ਬਣੀ ਇਸ ਫ਼ਿਲਮ ਨੂੰ ਰੀਮਾ ਕਾਗਤੀ ਨੇ ਡਾਇਰੈਕਟ ਕੀਤਾ ਹੈ ਅਤੇ ਇਹ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।