ਨਵੀਂ ਦਿੱਲੀ— ਤਾਜ ਮਹੱਲ ਅਤੇ ਅੰਮ੍ਰਿਤਸਰ ਦੌਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀਰਵਾਰ ਨੂੰ ਇਤਿਹਾਸਕ ਜਾਮਾ ਮਸਜਿਦ ਦਾ ਦੀਦਾਰ ਕੀਤਾ ਹੈ। ਟਰੂਡੋ ਇਕ ਹਫਤੇ ਦੀ ਭਾਰਤ ਯਾਤਰਾ ‘ਤੇ ਆਏ ਹਨ ਅਤੇ ਉਹ ਦੇਸ਼ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ ‘ਚ ਗਿਣੀ ਜਾਂਦੀ ਜਾਮਾ ਮਸਜਿਦ ‘ਚ ਲਗਭਗ 30 ਮਿੰਟਾਂ ਤਕ ਰੁਕੇ। ਉਨ੍ਹਾਂ ਦੇ ਨਾਲ ਹਰਜੀਤ ਸਿੰਘ ਸੱਜਣ, ਕ੍ਰਿਸਟੀ ਡੰਕਨ, ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਵੀ ਸਨ।
ਟਰੂਡੋ ਅੱਜ ਦਿੱਲੀ ਦੇ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਹ ਦਿੱਲੀ ਦੀ ਕ੍ਰਿਕਿਟ ਗਰਾਊਂਡ ‘ਚ ਵੀ ਪੁੱਜੇ, ਜਿੱਥੇ ਉਹ ਹੱਥ ‘ਚ ਬੈਟ ਫੜੇ ਨਜ਼ਰ ਆਏ। ਟਰੂਡੋ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੇ ਬੈਟ ਫੜ੍ਹ ਕੇ ਕੋਚ ਤੋਂ ਖੇਡਣ ਦੇ ਗੁਰ ਸਿੱਖੇ। ਇਸ ਮੌਕੇ ਸਾਬਕਾ ਕੈਪਟਨ ਕਪਿਲ ਦੇਵ ਅਤੇ ਮੁਹੰਮਦ ਅਜ਼ਹਰੂਦੀਨ ਵੀ ਉਨ੍ਹਾਂ ਨਾਲ ਦਿਖਾਈ ਦਿੱਤੇ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਟਰੂਡੋ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਗਏ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ ਸਨ। ਇਸ ਦੌਰਾਨ ਟਰੂਡੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮਿਲੇ ਜਿੱਥੇ ਉਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਗੱਲ ਬਾਤ ਕੀਤੀ।